ਮੋਦੀ ਦਾ ‘ਹਨੂੰਮਾਨ’

0
3

ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਅਤੇ ਭਾਜਪਾ ਦੀ ਮੁੱਖ ਸਹਿਯੋਗੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਐਤਵਾਰ ਕਾਕਰੋਚ ਜਨਤਾ ਪਾਰਟੀ ‘ਤੇ ‘ਅਰਾਜਕਤਾ ਪੈਦਾ ਕਰਨ’ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਅਤੇ ‘ਵਿਵਸਥਾ ਬਹਾਲ ਕਰਨ’ ਲਈ ਕੇਂਦਰ ਦੇ ਸੁਰੱਖਿਆ ਉਪਾਵਾਂ ਦਾ ਸਮਰਥਨ ਕੀਤਾ | ਇਸ ਤੋਂ ਦੋ ਦਿਨ ਪਹਿਲਾਂ ਸ਼ੁੱਕਰਵਾਰ ਉਸ ਨੇ ਲੋਕਾਂ ਨੂੰ ਦਿੱਲੀ ਪੁੱਜਣ ਤੋਂ ਰੋਕਣ ਲਈ ਸਰਕਾਰ ਵੱਲੋਂ ਰੇਲ ਗੱਡੀਆਂ ਬੰਦ ਕਰ ਦੇਣ ‘ਤੇ ਕਿਹਾ ਸੀ, ”ਇਹ ਭਾਰਤ ਦੇ ਨੌਜਵਾਨ ਹਨ, ਉਨ੍ਹਾਂ ਨੂੰ ਕੋਈ ਵੀ ਨਹੀਂ ਰੋਕ ਸਕਦਾ | ਗਲਤਫਹਿਮੀਆਂ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ, ਮੈਂ ਪੁੱਛਦਾ ਹਾਂ : ਕੋਈ ਅਸਲ ਵਿੱਚ ਕਿੰਨੀਆਂ ਰੇਲ ਗੱਡੀਆਂ ਰੋਕ ਸਕਦਾ ਹੈ? ਕਿੰਨੀਆਂ ਕੁਨੈਕਟੀਵਿਟੀ ਨੂੰ ਰੋਕਿਆ ਜਾ ਸਕਦਾ ਹੈ? ਕਿੰਨੀਆਂ ਸੜਕਾਂ ਨੂੰ ਜਾਮ ਕੀਤਾ ਜਾ ਸਕਦਾ ਹੈ?” ਤਾਜ਼ਾ ਬਿਆਨ ਵਿੱਚ ਉਸ ਨੇ ਪ੍ਰੋਟੈੱਸਟਰਾਂ ‘ਤੇ ਦਿੱਲੀ ਪੁਲਸ ਦੀ ਕਾਰਵਾਈ ਦਾ ਬਚਾਅ ਕਰਦਿਆਂ ਦਲੀਲ ਦਿੱਤੀ ਹੈ ਕਿ ‘ਵੱਡੇ ਵਿਗਾੜ’ ਨੂੰ ਰੋਕਣ ਲਈ ਕਾਰਵਾਈ ਜ਼ਰੂਰੀ ਸੀ | ਆਪਣੇ-ਆਪ ਨੂੰ ਨਰਿੰਦਰ ਮੋਦੀ ਦਾ ‘ਹਨੂੰਮਾਨ’ ਦੱਸਣ ਵਾਲੇ ਚਿਰਾਗ ਨੇ ਕਿਹਾ ਕਿ ਦਿੱਲੀ ਪੁਲਸ ਨੂੰ ਹੋਰ ਵੀ ਵੱਡੀ ਗੜਬੜ ਦੀ ਸੰਭਾਵਨਾ ਨੂੰ ਰੋਕਣ ਲਈ ਸਖਤ ਰੁਖ਼ ਅਪਣਾਉਣਾ ਪਿਆ |
ਚਿਰਾਗ ਨੇ ਪਿਛਲੇ ਮਹੀਨੇ ਸੱਤਾਧਾਰੀ ਗੱਠਜੋੜ ਨਾਲੋਂ ਵੱਖਰੀ ਸੁਰ ਕੱਢਦਿਆਂ ਇਹ ਮੰਗ ਕਰ ਦਿੱਤੀ ਸੀ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਚੋਣ ਕਮਿਸ਼ਨ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ | ਮੁੱਖ ਚੋਣ ਕਮਿਸ਼ਨਰ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣਾ ਰੁਖ਼ ਸਪੱਸ਼ਟ ਤੌਰ ‘ਤੇ ਪੇਸ਼ ਕਰੇ | ਵੱਖਰੀ ਤਰ੍ਹਾਂ ਦੇ ਬਿਆਨ ਦੇਣ ਕਰਕੇ ਅਖਬਾਰਾਂ ਨੇ ਸੁਰਖੀਆਂ ਲਾ ਦਿੱਤੀਆਂ ਸਨ ਕਿ ਕੌਮੀ ਜਮਹੂਰੀ ਗੱਠਜੋੜ (ਐੱਨ ਡੀ ਏ) ਵਿੱਚ ਮੁੱਖ ਚੋਣ ਕਮਿਸ਼ਨਰ ਬਾਰੇ ਮੱਤਭੇਦ ਹਨ | ਅਖਬਾਰਾਂ ਨੇ ਅਜਿਹੀਆਂ ਖਬਰਾਂ ਛਾਪਣ ਵੇਲੇ ਚਿਰਾਗ ਪਾਸਵਾਨ ਦਾ ਡੀ ਐੱਨ ਏ ਟੈਸਟ ਨਹੀਂ ਕੀਤਾ | ਚਿਰਾਗ ਰਾਮ ਵਿਲਾਸ ਪਾਸਵਾਨ ਦਾ ਪੁੱਤਰ ਹੈ, ਜਿਸ ਨੂੰ ‘ਮੌਸਮ ਵਿਗਿਆਨੀ’ ਵੀ ਕਿਹਾ ਜਾਂਦਾ ਸੀ, ਜਿਹੜਾ ਸਿਆਸੀ ਹਵਾ ਦੇਖ ਕੇ ਝੱਟ ਵਫਾਦਰੀ ਬਦਲ ਲੈਂਦਾ ਸੀ | ਉਹ ਘੱਟੋ-ਘੱਟ ਛੇ ਵੱਖ-ਵੱਖ ਪ੍ਰਧਾਨ ਮੰਤਰੀਆਂ ਦੇ ਅਧੀਨ ਮੰਤਰੀ ਰਿਹਾ | ਰਾਮ ਵਿਲਾਸ ਪਾਸਵਾਨ ਉਮਰ ਦੇ ਵੀਹਵਿਆਂ ਦੇ ਸ਼ੁਰੂ ਵਿੱਚ ਸੰਯੁਕਤ ਸਮਾਜਵਾਦੀ ਪਾਰਟੀ ਵੱਲੋਂ ਬਿਹਾਰ ਵਿੱਚ ਵਿਧਾਇਕ ਬਣਿਆ ਸੀ | ਇਹ ਪਾਰਟੀ 1967 ਦੀਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਵਿੱਚ ਕਈ ਫੁੱਟਾਂ ਤੋਂ ਬਾਅਦ ਹੋਂਦ ਵਿੱਚ ਆਈ ਸੀ | ਐਮਰਜੈਂਸੀ ਤੋਂ ਬਾਅਦ ਮਾਰਚ 1977 ਦੀਆਂ ਚੋਣਾਂ ਵਿੱਚ ਪਾਸਵਾਨ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਬਿਹਾਰ ਦੇ ਹਾਜੀਪੁਰ ਹਲਕੇ ਤੋਂ ਰਿਕਾਰਡ 4.24 ਲੱਖ ਵੋਟਾਂ ਦੇ ਫਰਕ ਨਾਲ ਜਿੱਤ ਕੇ ਪਹਿਲੀ ਵਾਰ ਲੋਕ ਸਭਾ ਮੈਂਬਰ ਬਣਿਆ ਸੀ | 1988 ਵਿੱਚ ਉਹ ਨਵੇਂ ਬਣੇ ਜਨਤਾ ਦਲ ਦਾ ਜਨਰਲ ਸਕੱਤਰ ਅਤੇ ਰਾਸ਼ਟਰੀ ਮੋਰਚਾ ਗੱਠਜੋੜ ਦਾ ਸਕੱਤਰ ਬਣਿਆ, ਜਿਸ ਵਿੱਚ ਜਨਤਾ ਦਲ, ਖੱਬੇ ਪੱਖੀ ਪਾਰਟੀਆਂ ਅਤੇ ਹੋਰ ਖੇਤਰੀ ਪਾਰਟੀਆਂ ਸ਼ਾਮਲ ਸਨ | 43 ਸਾਲ ਦੀ ਛੋਟੀ ਉਮਰ ਵਿੱਚ, ਦਸੰਬਰ 1989 ਵਿੱਚ ਵੀ ਪੀ ਸਿੰਘ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਕੇਂਦਰੀ ਕਿਰਤ ਮੰਤਰੀ ਬਣਿਆ | 1999 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪਾਸਵਾਨ ਨੂੰ ਵਾਜਪਾਈ ਸਰਕਾਰ ਵਿੱਚ ਕੇਂਦਰੀ ਕੈਬਨਿਟ ਵਿੱਚ ਦੂਰਸੰਚਾਰ ਮੰਤਰੀ ਬਣਾ ਕੇ ਇਨਾਮ ਦਿੱਤਾ ਗਿਆ ਸੀ | 2000 ਵਿੱਚ ਉਸ ਨੇ ਜਨਤਾ ਦਲ ਤੋਂ ਵੱਖ ਹੋ ਕੇ ਐੱਲ ਜੇ ਪੀ ਬਣਾਈ | 2002 ਵਿੱਚ ਗੁਜਰਾਤ ਵਿੱਚ ਹੋਏ ਫਿਰਕੂ ਦੰਗਿਆਂ ਤੋਂ ਬਾਅਦ ਪਾਸਵਾਨ ਅਤੇ ਐੱਨ ਡੀ ਏ ਵਿੱਚ ਭਾਜਪਾ ਦੇ ਕੁਝ ਹੋਰ ਸਹਿਯੋਗੀਆਂ ਨੇ ਨਰਿੰਦਰ ਮੋਦੀ ਤੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਮੰਗਿਆ | ਭਾਜਪਾ ਵੱਲੋਂ ਮੋਦੀ ਨੂੰ ਹਟਾਉਣ ਤੋਂ ਇਨਕਾਰ ਕਰਨ ‘ਤੇ ਉਨ੍ਹਾਂ ਨੇ ਗੱਠਜੋੜ ਛੱਡ ਦਿੱਤਾ | ਸਾਰੀ ਜ਼ਿੰਦਗੀ ਕਾਂਗਰਸ ਵਿਰੋਧੀ ਸਿਆਸਤ ਕਰਨ ਵਾਲਾ ਪਾਸਵਾਨ 2004 ਵਿੱਚ ਮੁਤਹਿਦਾ ਜਮਹੂਰੀ ਗੱਠਜੋੜ (ਯੂ ਪੀ ਏ) ਵਿੱਚ ਸ਼ਾਮਲ ਹੋ ਗਿਆ ਅਤੇ ਮਨਮੋਹਨ ਸਿੰਘ ਸਰਕਾਰ ਵਿੱਚ ਰਸਾਇਣ ਤੇ ਖਾਦ ਮੰਤਰੀ ਬਣਿਆ | 2005 ਦੀਆਂ ਬਿਹਾਰ ਚੋਣਾਂ ਵਿੱਚ ਲਾਲੂ ਯਾਦਵ ਦਾ ਵੱਡਾ ਆਲੋਚਕ ਹੋਣ ਦੇ ਬਾਵਜੂਦ ਉਸ ਨੇ 2009 ਦੇ ਸ਼ੁਰੂ ਵਿੱਚ ਦੁਬਾਰਾ ਆਰ ਜੇ ਡੀ ਨਾਲ ਹੱਥ ਮਿਲਾਇਆ ਅਤੇ ਜੂਨ 2010 ਵਿੱਚ ਆਰ ਜੇ ਡੀ-ਐੱਲ ਜੇ ਪੀ ਗੱਠਜੋੜ ਦੀ ਟਿਕਟ ‘ਤੇ ਰਾਜ ਸਭਾ ਪਹੁੰਚਿਆ | 2014 ਦੀਆਂ ਚੋਣਾਂ ਵਿੱਚ ਜਿੱਤ ਕੇ ਮੋਦੀ ਸਰਕਾਰ ਵਿੱਚ ਸ਼ਾਮਲ ਹੋ ਗਿਆ | ਪੁੱਤਰ ਵੀ ਪਿਤਾ ‘ਤੇ ਹੀ ਗਿਆ ਹੈ | ਮੋਦੀਆਂ ਦੀ ਇੱਕ ਘੁਰਕੀ ਤੋਂ ਬਾਅਦ ਉਸ ਨੇ ਦੋ ਦਿਨਾਂ ‘ਚ ਹੀ ਸੁਰ ਬਦਲ ਲਈ |