ਨਵੀਂ ਦਿੱਲੀ (ਨ ਜ਼ ਸ)
ਸੁਪਰੀਮ ਕੋਰਟ ਦੀ ਰਜਿਸਟਰੀ ਨੇ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਸਮੇਤ 11 ਵਿਰੋਧੀ ਆਗੂਆਂ ਵੱਲੋਂ ਐੱਸ ਆਈ ਆਰ ਵਿੱਚ ਬੇਨੇਮੀਆਂ ਖਿਲਾਫ ਦਾਇਰ ਪਟੀਸ਼ਨ ਵਿੱਚ 14 ਕਮੀਆਂ ਵੱਲ ਇਸ਼ਾਰਾ ਕੀਤਾ ਹੈ | ਇਨ੍ਹਾਂ ਕਮੀਆਂ ਕਾਰਨ ਪਟੀਸ਼ਨ ‘ਤੇ ਮੰਗਲਵਾਰ ਨੂੰ ਸੁਣਵਾਈ ਨਹੀਂ ਹੋ ਸਕੀ | ਰਜਿਸਟਰੀ ਨੇ ਪਟੀਸ਼ਨ ਦੇ ਨਾਲ ਜਮ੍ਹਾਂ ਕੀਤੇ ਗਏ ਦਸਤਾਵੇਜ਼ਾਂ ਵਿੱਚ ਕਮੀਆਂ ਵੱਲ ਵੀ ਧਿਆਨ ਦਿਵਾਇਆ | ਕੁਝ ਪੰਨੇ ਪੜ੍ਹਨਯੋਗ ਨਹੀਂ ਸਨ, ਜਦੋਂ ਕਿ ਕੁਝ ਗਾਇਬ ਸਨ | ਇਸ ਤੋਂ ਇਲਾਵਾ ਅਦਾਲਤੀ ਫੀਸ ਵੀ 220 ਰੁਪਏ ਘੱਟ ਸੀ | ਰਜਿਸਟਰੀ ਨੇ ਕੁੱਲ 14 ਕਮੀਆਂ ਨੋਟ ਕੀਤੀਆਂ | ਰਜਿਸਟਰੀ ਨੇ ਕਿਹਾ ਕਿ ਉਸ ਨੇ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਤੋਂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਆਈ ਡੀ ਕਾਰਡ ਦੀ ਇੱਕ ਸਪੱਸ਼ਟ ਕਾਪੀ ਮੰਗੀ ਹੈ | ਇਸ ਨੇ ਨੌਂ ਪਟੀਸ਼ਨਰਾਂ ਤੋਂ ਪਟੀਸ਼ਨ ਦਾਇਰ ਕਰਨ ਲਈ ਲਿਖਤੀ ਸਹਿਮਤੀ ਵੀ ਮੰਗੀ ਹੈ |
12 ਅਕਤੂਬਰ ਨੂੰ ਦਾਇਰ ਪਟੀਸ਼ਨ ਵਿੱਚ ਭਾਰਤ ਦੇ ਚੋਣ ਕਮਿਸ਼ਨ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਹੋਰ ਚੋਣ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੂੰ ਧਿਰ ਬਣਾਇਆ ਗਿਆ ਹੈ | ਰਾਹੁਲ ਗਾਂਧੀ ਅਤੇ ਕਈ ਹੋਰ ਵਿਰੋਧੀ ਆਗੂਆਂ ਨੇ ਸੋਮਵਾਰ ਪਟੀਸ਼ਨ ਦਾਇਰ ਕਰਨ ਲਈ ਸੁਪਰੀਮ ਕੋਰਟ ਵੱਲ ਮਾਰਚ ਕੀਤਾ | ਪਟੀਸ਼ਨ ਵਿੱਚ ਸੁਪਰੀਮ ਕੋਰਟ ਦੇ ਇੱਕ ਸੇਵਾਮੁਕਤ ਜੱਜ ਦੀ ਅਗਵਾਈ ਵਿੱਚ ਇੱਕ ਸੁਤੰਤਰ ਕਮੇਟੀ ਦੇ ਗਠਨ ਦੀ ਮੰਗ ਕੀਤੀ ਗਈ ਹੈ, ਜਿਸ ਵਿੱਚ ਤਕਨੀਕੀ ਮਾਹਿਰ ਅਤੇ ਉੱਘੇ ਨਾਗਰਿਕ ਸ਼ਾਮਲ ਹੋਣ |
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਕਮੇਟੀ ਨੂੰ ਵੋਟਰ ਸੂਚੀ ਵਿੱਚੋਂ ਹਟਾਏ ਗਏ ਨਾਵਾਂ ਅਤੇ ਐੱਸ ਆਈ ਆਰ ਦੌਰਾਨ ਕੀਤੇ ਗਏ ਬਦਲਾਅ ਦਾ ਨਿਰਧਾਰਤ ਸਮੇਂ ਦੇ ਅੰਦਰ ਸੁਤੰਤਰ ਆਡਿਟ ਕਰਵਾਉਣਾ ਚਾਹੀਦਾ ਹੈ |



