ਇੰਫਾਲ (ਨਵਾਂ ਜ਼ਮਾਨਾ ਸਰਵਿਸ)
ਮਨੀਪੁਰ ਵਿੱਚ ਸੋਮਵਾਰ ਅੱਤਵਾਦੀਆਂ ਨੇ ਜੰਗਲ ਵਿੱਚ ਲੱਕੜਾਂ ਇਕੱਠੀਆਂ ਕਰ ਰਹੇ ਤਿੰਨ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਮੁੱਖ ਮੰਤਰੀ ਦੇ ਨਿਵਾਸ ਦੇ ਬਾਹਰ ਦੋ ਲਾਸ਼ਾਂ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ |
ਅਧਿਕਾਰੀਆਂ ਨੇ ਦੱਸਿਆ ਕਿ ਇੰਫਾਲ ਪੂਰਬੀ ਅਤੇ ਕਾਂਗਪੋਕਪੀ ਜ਼ਿਲਿ੍ਹਆਂ ਦੀ ਸਰਹੱਦ ‘ਤੇ ਲੱਕੜਾਂ ਇਕੱਠੀਆਂ ਕਰਨ ਵਾਲਿਆਂ ਦੇ ਇੱਕ ਸਮੂਹ ‘ਤੇ ਅੱਤਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਤਿੰਨ ਜਣੇ ਜ਼ਖਮੀ ਵੀ ਹੋ ਗਏ ਅਤੇ ਤਿੰਨ ਲਾਪਤਾ ਹਨ | ਇੱਕ ਅਧਿਕਾਰੀ ਨੇ ਦੱਸਿਆ ਕਿ ਅਰੁਬਮ ਰੋਨਿਲ (35) ਅਤੇ ਲੈਰੇਨਲਕਪਮ ਇਨਾਓਬੀ (51) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਖੇਤਰੀਮਾਯੁਮ ਸੁਸ਼ੀਲ (32) ਨੇ ਇੱਕ ਨਿੱਜੀ ਹਸਪਤਾਲ ਵਿੱਚ ਦਮ ਤੋੜ ਦਿੱਤਾ | ਜ਼ਖਮੀਆਂ—ਐੱਨ ਸੂਰਜ (19), ਮੀਸਨਮ ਸੋਮੇਂਡਰੋ (53) ਅਤੇ ਕੇ ਬੋਸਨ (45) ਦਾ ਇਲਾਜ ਚੱਲ ਰਿਹਾ ਸੀ |
ਅਧਿਕਾਰੀਆਂ ਨੇ ਦੱਸਿਆ ਕਿ ਇਹ 16 ਵਿਅਕਤੀਆਂ ਵਿੱਚੋਂ ਸਨ, ਜੋ ਸਵੇਰੇ 7 ਵਜੇ ਦੇ ਕਰੀਬ ਆਪਣੇ ਪਿੰਡ ਦੇ ਨੇੜੇ ਪਹਾੜੀਆਂ ‘ਤੇ ਲੱਕੜਾਂ ਇਕੱਠੀਆਂ ਕਰਨ ਗਏ ਸਨ, ਜਦੋਂ ਉਨ੍ਹਾਂ ‘ਤੇ ਘਾਤ ਲਗਾ ਕੇ ਹਮਲਾ ਕੀਤਾ ਗਿਆ | ਆਪਣੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਤੋਂ ਬਾਅਦ ਮੁੱਖ ਮੰਤਰੀ ਵਾਈ ਖੇਮਚੰਦ ਸਿੰਘ ਨੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਜ਼ਖਮੀਆਂ ਨੂੰ ਮਿਲਣ ਲਈ ਕਿਹਾ, ਪਰ ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ | ਗੁੱਸੇ ਵਿੱਚ ਆਏ ਸਥਾਨਕ ਲੋਕ ਮਈ 2023 ਤੋਂ ਰਾਜ ਵਿੱਚ ਫੈਲੀ ਹਿੰਸਾ ਦੇ ਵਿਰੋਧ ਵਿੱਚ ਲਾਸ਼ਾਂ ਨੂੰ ਰਾਜ ਦੀ ਰਾਜਧਾਨੀ ਲੈ ਕੇ ਆਏ | ਉਨ੍ਹਾਂ ਲਾਸ਼ਾਂ ਨੂੰ ਬਾਬੂਪਾਰਾ ਵਿੱਚ ਮੁੱਖ ਮੰਤਰੀ ਦੇ ਨਿਵਾਸ ਦੇ ਮੁੱਖ ਗੇਟ ਦੇ ਬਾਹਰ ਰੱਖ ਦਿੱਤਾ | ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਕਿ ਪ੍ਰਦਰਸ਼ਨ ਦੌਰਾਨ ਮੁੱਖ ਮੰਤਰੀ ਨਿਵਾਸ ‘ਤੇ ਸਨ ਜਾਂ ਨਹੀਂ | ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਕਈ ਰਾਊਾਡ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਤੋਂ ਬਾਅਦ ਲਾਸ਼ਾਂ ਨੂੰ ਜਵਾਹਰ ਲਾਲ ਨਹਿਰੂ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਲਿਜਾਇਆ ਗਿਆ | ਸੀ ਐੱਮ ਬੰਗਲੇ ਅਤੇ ਇਸ ਵੱਲ ਜਾਣ ਵਾਲੇ ਰਸਤਿਆਂ ਦੇ ਆਲੇ-ਦੁਆਲੇ ਵੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ | ਪ੍ਰਦਰਸ਼ਨਕਾਰੀਆਂ ਨੇ ਖੁਰਾਈ ਲਾਮਲੋਂਗ ਵਿਖੇ ਇੱਕ ਸੜਕ ਜਾਮ ਕਰ ਦਿੱਤੀ, ਜਦੋਂ ਕਿ ਅÏਰਤਾਂ ਦੇ ਇੱਕ ਸਮੂਹ ਨੇ ਇੰਫਾਲ ਦੇ ਏਮਾ ਕੈਥਲ ਵਿਖੇ ਪ੍ਰਦਰਸ਼ਨ ਕੀਤਾ | ਘਟਨਾ ਤੋਂ ਬਾਅਦ ਇੰਫਾਲ ਭਰ ਦੇ ਬਾਜ਼ਾਰ ਅਤੇ ਦੁਕਾਨਾਂ ਬੰਦ ਹੋ ਗਈਆਂ |





