ਮਨਰੇਗਾ ਮਜ਼ਦੂਰਾਂ ਦਾ ਕਤਲ

0
3

ਵਿਕਸਤ ਭਾਰਤ ਗਰੰਟੀ ਰੁਜ਼ਗਾਰ ਤੇ ਆਜੀਵਿਕਾ ਮਿਸ਼ਨ ਗ੍ਰਾਮੀਣ (ਵੀ ਬੀ-ਜੀ ਰਾਮ ਜੀ), ਜਿਹੜੀ ਸਕੀਮ ਪਹਿਲਾਂ ਮਨਰੇਗਾ ਦੇ ਨਾਂਅ ਨਾਲ ਜਾਣੀ ਜਾਂਦੀ ਸੀ, ਤਹਿਤ ਕੰਮ ਕਰ ਰਹੇ 8 ਦਿਹਾੜੀਦਾਰ ਮਹਿਲਾ ਤੇ ਮਰਦ ਮਜ਼ਦੂਰਾਂ ਦੇ ਕਾਰ ਹੇਠ ਦਰੜ ਕੇ ਮਾਰੇ ਜਾਣ ਨੇ ਗੈਰ-ਹੁਨਰਮੰਦ ਮਜ਼ਦੂਰਾਂ ਦੀ ਸੁਰੱਖਿਆ ਤੇ ਵਕਾਰ ਦੇ ਮੁੱਦੇ ਨੂੰ ਮੁੜ ਉਭਾਰਿਆ ਹੈ | ਐਤਵਾਰ ਸੰਗਰੂਰ ਜ਼ਿਲੇ੍ਹ ਵਿੱਚ ਕਾਫੀ ਚੱਲਦੀ ਲਹਿਰਾਗਾਗਾ-ਜਾਖਲ ਰੋਡ ‘ਤੇ ਪਿੰਡ ਅਲੀਸ਼ੇਰ ਕੋਲ 20 ਤੋਂ ਵੱਧ ਮਜ਼ਦੂਰ ਸੜਕ ਕੰਢੇ ਕੰਮ ਕਰਦਿਆਂ ਕਰੀਬ ਸਾਢੇ ਪੰਜ ਵਜੇ ਪਾਣੀ ਪੀ ਰਹੇ ਸਨ ਕਿ ਕਾਰ ਪਹਿਲਾਂ ਮੋਟਰਸਾਈਕਲ ਵਿੱਚ ਵੱਜੀ ਤੇ ਫਿਰ ਇਨ੍ਹਾਂ ਨੂੰ ਦਰੜ ਦਿੱਤਾ | ਪੰਜ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਰੀਬ ਇੱਕ ਦਰਜਨ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਸੀ | ਬਾਅਦ ਵਿੱਚ ਮਰਨ ਵਾਲਿਆਂ ਨੂੰ ਬਚਾਇਆ ਜਾ ਸਕਦਾ ਸੀ ਜੇ ਐਂਬੂਲੈਂਸ ਕਰੀਬ ਇੱਕ ਘੰਟਾ ਲੇਟ ਨਾ ਪੁੱਜਦੀ ਅਤੇ ਅਧਿਕਾਰੀ ਵੇਲੇ ਸਿਰ ਪੁੱਜ ਜਾਂਦੇ | ਲੋਕ ਹੀਲਾ-ਵਸੀਲਾ ਕਰਕੇ ਜਿਵੇਂ-ਕਿਵੇਂ ਜ਼ਖਮੀ ਮਜ਼ਦੂਰਾਂ ਨੂੰ ਲੈ ਕੇ ਲਹਿਰਾ ਤੇ ਮੂਣਕ ਹਸਪਤਾਲ ਪੁੱਜੇ, ਪਰ ਉੱਥੇ ਯੋਗ ਡਾਕਟਰੀ ਸਹੂਲਤ ਨਾ ਹੋਣ ਕਾਰਨ ਉਨ੍ਹਾਂ ਨੂੰ ਸੰਗਰੂਰ ਤੇ ਪਟਿਆਲਾ ਦੇ ਹਸਪਤਾਲਾਂ ਵਿੱਚ ਲਿਜਾਣਾ ਪਿਆ ਅਤੇ ਇਸ ਦਰਮਿਆਨ ਤਿੰਨ ਹੋਰ ਮਜ਼ਦੂਰ ਦਮ ਤੋੜ ਗਏ | ਮਰਨ ਵਾਲਿਆਂ ਵਿੱਚ ਛੇ ਮਹਿਲਾਵਾਂ ਹਨ |
ਸਮੇਂ ਸਿਰ ਡਾਕਟਰੀ ਮਦਦ ਨਾ ਮਿਲਣ ਤੋਂ ਇਲਾਵਾ ਕੰਮ ਵਾਲੀ ਥਾਂ ਬਣਦਾ ਇਹਤਿਆਤ ਵਰਤਣ ਦੇ ਮਾਮਲੇ ਵਿੱਚ ਵੀ ਭਾਰੀ ਕੁਤਾਹੀ ਸਾਹਮਣੇ ਆਈ ਹੈ | ਕੰਮ ਵਾਲੀ ਥਾਂ ‘ਤੇ ਨੇਮਾਂ ਮੁਤਾਬਕ ਮਜ਼ਦੂਰਾਂ ਨੂੰ ਰਿਫਲੈਕਟਰ ਜੈਕਟਾਂ ਨਹੀਂ ਦਿੱਤੀਆਂ ਗਈਆਂ, ਐਡਵਾਂਸ ਵਾਰਨਿੰਗ ਸਾਈਨ ਬੋਰਡ ਨਹੀਂ ਲਾਏ ਗਏ, ਕੋਨਜ਼ ਤੇ ਬੈਰੀਕੇਡਿੰਗ ਵੀ ਨਦਾਰਦ ਸਨ |
ਅਧਿਕਾਰੀਆਂ ਨੇ ਸਥਿਤੀ ਨੂੰ ਸੰਭਾਲਣ ਦੇ ਓਹੜ-ਪਹੁੜ ਵਿੱਚ ਮਿ੍ਤਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਤੇ ਜ਼ਖਮੀਆਂ ਨੂੰ 50-50 ਹਜ਼ਾਰ ਦੀ ਮਦਦ ਅਤੇ ਮੁਫਤ ਇਲਾਜ ਦਾ ਐਲਾਨ ਕਰ ਦਿੱਤਾ | ਮਨਰੇਗਾ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੀ ਐਕਸ਼ਨ ਕਮੇਟੀ ਨੇ ਮੁਆਵਜ਼ੇ ਦੀ ਰਕਮ ਵਧਾਉਣ ਤੇ ਇਸ ਭਿਆਨਕ ਤ੍ਰਾਸਦੀ, ਜਿਹੜੀ ਕਿ ਅਸਲ ਵਿੱਚ ਦੇਸ਼ ਦੇ ਗੁੰਮਨਾਮ ਉਸਰੱਈਆਂ ਦਾ ਕਤਲ ਹੈ, ਦੇ ਅਸਲ ਜ਼ਿੰਮੇਵਾਰਾਂ ਖਿਲਾਫ ਸਖਤ ਕਾਰਵਾਈ ਲਈ ਅੰਦੋਲਨ ਸ਼ੁਰੂ ਕਰ ਦਿੱਤਾ ਹੈ | ਬਣਦੇ ਸੁਰੱਖਿਆ ਉਪਾਅ ਕੀਤੇ ਹੁੰਦੇ ਤਾਂ ਸ਼ਾਇਦ ਇਹ ਹਾਦਸਾ ਟਲ ਹੀ ਜਾਂਦਾ | ਇਸ ਤ੍ਰਾਸਦੀ ਲਈ ਸਿਰਫ ਕਾਰ ਡਰਾਈਵਰ ਹੀ ਨਹੀਂ, ਵੱਡੇ ਜ਼ਿੰਮੇਵਾਰ ਅਧਿਕਾਰੀ ਹਨ, ਜਿਹੜੇ ਇਨ੍ਹਾਂ ਗਰੀਬ ਮਜ਼ਦੂਰਾਂ ਦੀ ਸੁਰੱਖਿਆ ਦੀ ਜ਼ਰਾ ਜਿੰਨੀ ਵੀ ਪਰਵਾਹ ਨਹੀਂ ਕਰਦੇ |