ਨਾਗਪੁਰ (ਨ ਜ਼ ਸ)-ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੇ ਮੰਗਲਵਾਰ ਆਰ ਐੱਸ ਐੱਸ ਹੈੱਡਕੁਆਰਟਰ ਵਿਖੇ ਵਿਜੇ ਦਸ਼ਮੀ ਸਮਾਰੋਹ ਵਿੱਚ ਬੋਲਦਿਆਂ ਕਿਹਾ ਕਿ ਭਾਰਤ ਪੱਛਮੀ ਤਾਕਤਾਂ ਦਾ ਅੰਤਮ ਨਿਸ਼ਾਨਾ ਹੈ, ਜੋ ਸ਼ਾਸਨ ਤਬਦੀਲੀ ਦੀ ਮੰਗ ਕਰ ਰਹੀਆਂ ਹਨ | ਵਿਰੋਧ ਪ੍ਰਦਰਸ਼ਨ ਹੱਲ ਪ੍ਰਦਾਨ ਕਰਨ ਦੀ ਬਜਾਏ ਸਿਆਸੀ ਹਿੱਤਾਂ ਅਤੇ ਸਮਾਜ ਵਿੱਚ ਵੰਡ ਨੂੰ ਹਵਾ ਦੇ ਸਕਦੇ ਹਨ |
ਭਾਗਵਤ ਨੇ ਬੰਗਲਾਦੇਸ਼, ਨੇਪਾਲ, ਫਰਾਂਸ ਅਤੇ ਅਲਬਾਨੀਆ ਵਿੱਚ ਹਾਲ ਹੀ ਵਿੱਚ ਹੋਈ ਉਥਲ-ਪੁਥਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਪਣੇ ਹਿੱਤਾਂ ਦੀ ਪੈਰਵੀ ਕਰਨ ਵਾਲੀਆਂ ਤਾਕਤਾਂ ਸਿਆਸੀ ਹਾਲਤਾਂ ਨੂੰ ਬਦਲਣ ਲਈ ਸ਼ਾਸਨ ਤਬਦੀਲੀ ਦੀ ਵਰਤੋਂ ਕਰਦੀਆਂ ਹਨ ਤੇ ਘੱਟ ਹੀ ਲੋੜੀਂਦੇ ਨਤੀਜੇ ਪ੍ਰਾਪਤ ਕਰਦੀਆਂ ਹਨ | ਉਹ ਦਾਅਵਾ ਕਰਦੀਆਂ ਹਨ ਕਿ ਸ਼ਾਸਨ ਬਦਲਣ ਨਾਲ ਸਥਿਤੀ ਬਦਲ ਜਾਵੇਗੀ, ਪਰ ਅਸਲ ਵਿੱਚ ਅਜਿਹਾ ਕਦੇ ਨਹੀਂ ਹੋਇਆ |
ਉਨ੍ਹਾ ਕਿਹਾ ਕਿ ਜਦੋਂ ਕਿ ਕੁਝ ਵਿਸ਼ਵ ਸ਼ਕਤੀਆਂ ਚਾਹੁੰਦੀਆਂ ਹਨ ਕਿ ਭਾਰਤ ਵਿਕਾਸ ਕਰੇ, ਉਹ ਨਹੀਂ ਚਾਹੁੰਦੀਆਂ ਕਿ ਇਹ ਬਹੁਤ ਸ਼ਕਤੀਸ਼ਾਲੀ ਬਣ ਜਾਵੇ, ਕਿਉਂਕਿ ਇਹ ਉਨ੍ਹਾਂ ਦੇ ਦਬਦਬੇ ਨੂੰ ਚੁਣੌਤੀ ਦੇ ਸਕਦਾ ਹੈ | ਇਸ ਸਮਾਗਮ ਵਿੱਚ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਉਨ੍ਹਾ ਦੀ ਪਤਨੀ ਡਾ. ਸੁਦੇਸ਼ ਧਨਖੜ, ਇਜ਼ਰਾਈਲ ਦੇ ਕੌਂਸਲ ਜਨਰਲ ਯਾਨਿਵ ਰੇਵਾਚ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ |




