ਹੈਰੋਇਨ ਮਾਮਲੇ ‘ਚ ਸਾਬਕਾ ਸਰਪੰਚ ਤੇ ਵਿਦਿਆਰਥਣ ਸਣੇ 3 ਹੋਰ ਗਿ੍ਫਤਾਰ

0
11

ਅੰਮਿ੍ਤਸਰ : ਤਰਨ ਤਾਰਨ ਨੇੜੇ 15 ਕਿੱਲੋ ਹੈਰੋਇਨ ਸਮੇਤ ਪੰਜਾਬ ਪੁਲਸ ਦੇ ਸਿਪਾਹੀ ਕਰਨਦੀਪ ਸਿੰਘ ਦੀ ਗਿ੍ਫਤਾਰੀ ਤੋਂ ਛੇ ਦਿਨ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਨੇ ਆਮ ਆਦਮੀ ਪਾਰਟੀ ਦੇ ਇੱਕ ਸਾਬਕਾ ਸਰਪੰਚ ਸਮੇਤ ਤਿੰਨ ਹੋਰ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਤਰਨ ਤਾਰਨ ਦੇ ਰਾਜੋਕੇ ਪਿੰਡ ਦੇ ਸਾਬਕਾ ‘ਆਪ’ ਸਰਪੰਚ ਲਖਵਿੰਦਰ ਸਿੰਘ, ਭੂਸੇ ਪਿੰਡ ਦੇ ਬੱਬੂ ਉਰਫ ਵਿਸ਼ਾਲ ਅਤੇ ਦਿੱਲੀ ਦੀ ਰਹਿਣ ਵਾਲੀ ਸੁਖਮਨਪ੍ਰੀਤ ਕੌਰ ਵਜੋਂ ਹੋਈ ਹੈ | ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਪੰਜਾਬ ਪੁਲਸ ਦੀ ਐਂਟੀ-ਡਰੋਨ ਯੂਨਿਟ ਵਿੱਚ ਤਾਇਨਾਤ ਕਰਨਦੀਪ ਸਿੰਘ ਲਖਵਿੰਦਰ ਸਿੰਘ ਲਈ ਕੰਮ ਕਰਦਾ ਸੀ, ਜੋ ਪਾਕਿਸਤਾਨੀ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸੀ | ਲਖਵਿੰਦਰ ਸਿੰਘ ਲਗਭਗ 15 ਨਸ਼ੇ ਦੀਆਂ ਖੇਪਾਂ ਮੰਗਵਾ ਚੁੱਕਾ ਸੀ ਅਤੇ ਉਹ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਆਉਂਦੀ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਲਈ ਕਰਨਦੀਪ ਸਿੰਘ ਦੀ ਡਿਊਟੀ ਦੇ ਸ਼ਡਿਊਲ ਦਾ ਫਾਇਦਾ ਉਠਾਉਂਦਾ ਸੀ | ਖੁਦ ਨਸ਼ੇ ਦਾ ਆਦੀ ਸਿਪਾਹੀ ਕਰਨਦੀਪ 14 ਅਕਤੂਬਰ ਨੂੰ 15 ਕਿੱਲੋ ਹੈਰੋਇਨ ਸਮੇਤ ਨੌਸ਼ਹਿਰਾ ਢਾਲਾ ਤੋਂ ਫੜਿਆ ਗਿਆ ਸੀ |
ਸੁਖਮਨਪ੍ਰੀਤ ਕੌਰ ਅੰਮਿ੍ਤਸਰ ਵਿੱਚ ਰਹਿ ਕੇ ਪੜ੍ਹਾਈ ਕਰ ਰਹੀ ਸੀ ਅਤੇ ਹਰਿਆਣਾ ਜੇਲ੍ਹ ਵਿੱਚ ਬੰਦ ਇੱਕ ਤਸਕਰ ਦੇ ਇਸ਼ਾਰੇ ‘ਤੇ ਨਸ਼ੇ ਦੀਆਂ ਖੇਪਾਂ ਪ੍ਰਾਪਤ ਕਰਦੀ ਸੀ | ਸੁਖਮਨਪ੍ਰੀਤ ਨੇ ਪੀ ਸੀ ਐੱਸ ਦੀ ਪਿ੍ਲਿਮਜ਼ ਪ੍ਰੀਖਿਆ ਪਾਸ ਕੀਤੀ ਹੋਈ ਹੈ ਅਤੇ ਉਹ ਦਿੱਲੀ ਪੁਲਸ ਦੇ ਇੱਕ ਏ ਐੱਸ ਆਈ ਦੀ ਧੀ ਦੱਸੀ ਜਾ ਰਹੀ ਹੈ | ਐੱਨ ਸੀ ਬੀ ਹੁਣ ਮੁਲਜ਼ਮਾਂ ਦੇ ਪਾਕਿਸਤਾਨੀ ਤਸਕਰਾਂ ਨਾਲ ਸੰਬੰਧਾਂ ਅਤੇ ਕਰਨਦੀਪ ਦੀਆਂ ਵਿੱਤੀ ਜਾਇਦਾਦਾਂ ਦੀ ਜਾਂਚ ਕਰ ਰਹੀ ਹੈ |