ਸ਼ਾਂਤੀ ਦਾ ਮਤਲਬ ਚੁੱਪ ਰਹਿਣਾ ਨਹੀਂ : ਬੋਰਾ

0
9

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਦੀ ਵਿਦਿਆਰਥਣ ਨੇਹਾ ਬੋਰਾ ਨੇ ਇੱਕ ਸਾਲ ਤੱਕ ਸ਼ਾਂਤੀ ਬਣਾਏ ਰੱਖਣ ਲਈ ਪੀਸ ਬੌਂਡ ਭਰਨ ਤੋਂ ਇਨਕਾਰ ਕਰ ਦਿੱਤਾ ਹੈ | ਸਨਿੱਚਰਵਾਰ ਸਪੈਸ਼ਲ ਐਗਜ਼ੀਕਿਊਟਿਵ ਮੈਜਿਸਟਰੇਟ (ਐੱਸ ਈ ਐੱਮ) ਦੀ ਅਦਾਲਤ ਵਿੱਚ ਪੇਸ਼ੀ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਉਨ੍ਹਾ ਕਿਹਾ ਕਿ ਉਹ ਇਸ ਬੌਂਡ ‘ਤੇ ਦਸਤਖ਼ਤ ਨਹੀਂ ਕਰੇਗੀ ਅਤੇ ਇਸ ਨੂੰ ਅਦਾਲਤ ਵਿੱਚ ਚੁਣੌਤੀ ਦਿੰਦੀ ਰਹੇਗੀ | ਨੇਹਾ ਬੋਰਾ ਨੇ ਕਿਹਾ ਕਿ ਲੋਕਤੰਤਰ ਵਿੱਚ ਇਸ ਤਰ੍ਹਾਂ ਦਾ ਬੌਂਡ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਤੋਂ ਰੋਕ ਸਕਦਾ ਹੈ | ਉਨ੍ਹਾ ਕਿਹਾ, ‘ਸਾਨੂੰ ਸ਼ਾਂਤੀ ਬਣਾਏ ਰੱਖਣ ਲਈ ਬੌਂਡ ‘ਤੇ ਦਸਤਖ਼ਤ ਕਰਨ ਨਾਲ ਕੋਈ ਸਮੱਸਿਆ ਨਹੀਂ, ਪਰ ਸ਼ਾਂਤੀ ਦਾ ਮਤਲਬ ਸਰਕਾਰ ਦੇ ਪੱਖ ਵਿੱਚ ਚੁੱਪ ਰਹਿਣਾ ਨਹੀਂ ਹੋ ਸਕਦਾ | ਅਸਹਿਮਤੀ ਜਤਾਉਣ ਦਾ ਅਧਿਕਾਰ ਜਾਰੀ ਰਹੇਗਾ |’”ਉਨ੍ਹਾ ਸਵਾਲ ਉਠਾਇਆ ਕਿ ਜਦੋਂ ਤੱਕ ਇਹ ਨਹੀਂ ਦੱਸਿਆ ਜਾਂਦਾ ਕਿ ਉਨ੍ਹਾਂ ਸ਼ਾਂਤੀ ਭੰਗ ਕਿਵੇਂ ਕੀਤੀ ਹੈ, ਤਦ ਤੱਕ ਉਹ ਆਪਣਾ ਪੱਖ ਰੱਖਣ ਲਈ ਸਬੂਤ ਕਿਵੇਂ ਪੇਸ਼ ਕਰੇਗੀ | ਬੋਰਾ ਦੇ ਅਨੁਸਾਰ ਨੋਟਿਸ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਉਨ੍ਹਾਂ ਤੋਂ ਬੌਂਡ ਭਰਨ ਦੀ ਮੰਗ ਕਿਨ੍ਹਾਂ ਆਧਾਰਾਂ ‘ਤੇ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸਪੈਸ਼ਲ ਐਗਜ਼ੀਕਿਊਟਿਵ ਮੈਜਿਸਟਰੇਟ ਕਿਸੇ ਵਿਅਕਤੀ ਨੂੰ ਬੌਂਡ ‘ਤੇ ਦਸਤਖ਼ਤ ਕਰਨ ਲਈ ਮਜਬੂਰ ਨਹੀਂ ਕਰ ਸਕਦੇ | ਇਸ ਲਈ ਲੋੜੀਂਦੀ ਸਮੱਗਰੀ ਅਤੇ ਸਪੱਸ਼ਟ ਆਧਾਰ ਹੋਣਾ ਚਾਹੀਦਾ ਹੈ | ਉਨ੍ਹਾ ਕਿਹਾ ਕਿ ਉਹ ਐੱਸ ਈ ਐੱਮ ਦੇ ਸਾਹਮਣੇ ਹੋਣ ਵਾਲੀ ਸੁਣਵਾਈ ਵਿੱਚ ਸ਼ਾਮਲ ਹੋਵੇਗੀ | ਇਸ ਤੋਂ ਇੱਕ ਦਿਨ ਪਹਿਲਾਂ ਦਿੱਲੀ ਹਾਈ ਕੋਰਟ ਨੇ ਨੇਹਾ ਬੋਰਾ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ, ਜਿਸ ਵਿੱਚ ਉਨ੍ਹਾ ਨੇ 10,000 ਰੁਪਏ ਦੇ ਨਿੱਜੀ ਬੌਂਡ ਅਤੇ ਇੱਕ ਜ਼ਮਾਨਤੀ ਦੀ ਸ਼ਰਤ ਵਾਲੇ ਨੋਟਿਸ ਨੂੰ ਚੁਣੌਤੀ ਦਿੱਤੀ ਸੀ | ਇਹ ਬੌਂਡ ਜਾਂਚ ਦੌਰਾਨ ਸ਼ਾਂਤੀ ਬਣਾਏ ਰੱਖਣ ਲਈ ਮੰਗਿਆ ਗਿਆ ਸੀ |