ਸੋਨੀਆ ਨੇ ਰਾਜੀਵ ਨਾਲ ਯਾਦਾਂ ਕੀਤੀਆਂ ਸਾਂਝੀਆਂ

0
4

ਨਵੀਂ ਦਿੱਲੀ : ਕਾਂਗਰਸ ਨੇਤਾ ਸੋਨੀਆ ਗਾਂਧੀ ਨੇ ਸਨਿੱਚਰਵਾਰ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ ‘ਤੇ ਆਪਣਾ ਡੈਬਿਊ ਕੀਤਾ ਅਤੇ ਆਪਣੀ ਆਉਣ ਵਾਲੀ ਕਿਤਾਬ ਦੀ ਇੱਕ ਵੀਡੀਓ ਜਾਰੀ ਕੀਤੀ | ਗਾਂਧੀ ਦੀ ਪਹਿਲੀ ਕਿਤਾਬ, ‘ਬਿਲੌਂਗਿੰਗ- ਏ ਜਰਨੀ ਆਫ਼ ਲਵ’, ਜਿਸ ਵਿੱਚ ਉਹ ਰਾਜੀਵ ਗਾਂਧੀ ਨਾਲ ਆਪਣੀਆਂ ਯਾਦਾਂ ਅਤੇ ਆਪਣੇ ਜਵਾਨੀ ਦੇ ਦਿਨਾਂ ਤੋਂ ਲੈ ਕੇ ਹੁਣ ਤੱਕ ਦੇ ਆਪਣੇ ਸਫ਼ਰ ਨੂੰ ਸਾਂਝਾ ਕਰਦੀ ਹੈ, 10 ਨਵੰਬਰ ਨੂੰ ਲਾਂਚ ਕੀਤੀ ਜਾਵੇਗੀ | ਲਗਪਗ ਦੋ ਮਿੰਟ ਲੰਮੀ ਵੀਡੀਓ ਵਿੱਚ ਉਨ੍ਹਾ ਯਾਦ ਕੀਤਾ ਕਿ ਉਹ ਕੈਂਬਰਿਜ ਵਿੱਚ ਰਾਜੀਵ ਗਾਂਧੀ ਨੂੰ ਕਿਵੇਂ ਮਿਲੀ ਸੀ ਅਤੇ ਉਨ੍ਹਾ ਦੀਆਂ ਅਤੇ ਉਸ ਰੈਸਟੋਰੈਂਟ ਦੀਆਂ ਤਸਵੀਰਾਂ ਦਿਖਾਈਆਂ, ਜਿੱਥੇ ਉਹ ਪਹਿਲੀ ਵਾਰ ਮਿਲੇ ਸਨ | ਉਨ੍ਹਾ ਐੱਕਸ ‘ਤੇ ਆਪਣੀ ਪਹਿਲੀ ਪੋਸਟ ਵਿੱਚ ਕਿਹਾ, ‘ਕੈਂਬਰਿਜ ਦੇ ਇੱਕ ਛੋਟੇ ਜਿਹੇ ਗ੍ਰੀਕ ਰੈਸਟੋਰੈਂਟ ਵਿੱਚ ਮੇਰਾ ਪਿਆਰ ਦਾ ਸਫ਼ਰ ਸ਼ੁਰੂ ਹੋਇਆ ਸੀ | ਰਾਜੀਵ ਅਤੇ ਮੈਂ ਪਿਆਰ, ਹਾਸੇ ਅਤੇ ਯਾਦਾਂ ਨਾਲ ਭਰੀ ਇੱਕ ਦੁਨੀਆ ਸਿਰਜੀ | 10 ਨਵੰਬਰ ਨੂੰ ਮੈਂ ਉਹ ਦੁਨੀਆ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ |’ ਵੀਡੀਓ ਵਿੱਚ ਤਸਵੀਰਾਂ ਦੇਖਦੇ ਹੋਏ ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਨੇ ਰਾਜੀਵ ਗਾਂਧੀ ਨੂੰ ਇੱਕ ਬਹੁਤ ਹੀ ਖੂਬਸੂਰਤ (ਗੁੱਡ-ਲੁਕਿੰਗ) ਅਤੇ ਸੁਲਝੇ ਹੋਏ/ ਨਰਮ ਸੁਭਾਅ ਵਾਲੇ ਵਿਅਕਤੀ ਵਜੋਂ ਦੱਸਿਆ | ਜਦੋਂ ਉਨ੍ਹਾ ਨੂੰ ਪੁੱਛਿਆ ਗਿਆ ਕਿ ਰਾਜੀਵ ਗਾਂਧੀ ਨਾਲ ਪਿਆਰ ਹੋਣਾ ਕਿਹੋ ਜਿਹਾ ਸੀ, ਤਾਂ ਉਨ੍ਹਾ ਕਿਹਾ, ‘ਉਨ੍ਹਾਂ ਦਿਨਾਂ ਵਿੱਚ ਇੰਗਲੈਂਡ ਵਿੱਚ ਖਾਣਾ ਬਹੁਤ ਖਰਾਬ ਹੁੰਦਾ ਸੀ | ਤੁਹਾਡੇ ਕੋਲ ਏਨੇ ਰੈਸਟੋਰੈਂਟ ਨਹੀਂ ਹੁੰਦੇ ਸਨ, ਜਿਵੇਂ ਕਿ ਅੱਜ ਤੁਹਾਡੇ ਕੋਲ ਹਨ ਅਤੇ ਇਸ ਲਈ ਮੈਂ ਲਗਾਤਾਰ ਇੱਕ ਅਜਿਹੀ ਜਗ੍ਹਾ ਲੱਭ ਰਹੀ ਸੀ, ਜਿੱਥੇ ਮੈਨੂੰ ਕੁਝ ਖਾਣਾ ਮਿਲ ਸਕੇ, ਜੋ ਮੇਰੇ ਕਿਸਮ ਦੇ ਖਾਣੇ ਦੇ ਨੇੜੇ ਹੋਵੇ, ਮਤਲਬ ਇਟਾਲੀਅਨ ਖਾਣਾ |’ ਉਨ੍ਹਾ ਕਿਹਾ, ‘ਫਿਰ ਅਸੀਂ ਇਸ ਜਗ੍ਹਾ (ਵਰਸਿਟੀ ਰੈਸਟੋਰੈਂਟ) ਦੀ ਖੋਜ ਕੀਤੀ | ਇਹ ਇੱਕ ਗ੍ਰੀਕ ਰੈਸਟੋਰੈਂਟ ਸੀ, ਜਿੱਥੇ ਕਈ ਯੂਰਪੀਅਨ ਵਿਦਿਆਰਥੀ, ਪਰ ਭਾਰਤੀ ਵਿਦਿਆਰਥੀ ਵੀ, ਆਪਣੇ ਖਾਣੇ ਲਈ ਜਾਂਦੇ ਸਨ | ਮੈਂ ਉਸੇ ਰੈਸਟੋਰੈਂਟ ਵਿੱਚ ਰਾਜੀਵ ਨੂੰ ਮਿਲੀ ਸਾਂ |’ ਗਾਂਧੀ ਨੇ ਵੀਡੀਓ ਵਿੱਚ ਯਾਦ ਕਰਦਿਆਂ ਕਿਹਾ, ‘ਜਦੋਂ ਮੈਂ ਉਨ੍ਹਾ ਨੂੰ ਪਹਿਲੀ ਵਾਰ ਮਿਲੀ, ਮੈਨੂੰ ਲਗਭਗ ਤੁਰੰਤ ਹੀ ਮਹਿਸੂਸ ਹੋਇਆ ਕਿ ਉਹ ਕੋਈ ਅਜਿਹਾ ਵਿਅਕਤੀ ਸੀ, ਜਿਸ ਨਾਲ ਮੈਂ ਸੱਚਮੁੱਚ ਰਹਿਣਾ ਚਾਹਾਂਗੀ |’