‘ਆਪ’ ਨੇ 40 ਮੌਜੂਦਾ ਵਿਧਾਇਕਾਂ ਨੂੰ ਬਣਾਇਆ ਉਮੀਦਵਾਰ

0
3

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਆਮ ਆਦਮੀ ਪਾਰਟੀ ਨੇ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨ ਦਿੱਤੀ ਹੈ | ਜਾਰੀ ਸੂਚੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਅਸੈਂਬਲੀ ਹਲਕਾ ਧੂਰੀ ਤੋਂ ਚੋਣ ਲੜਨਗੇ, ਜਦੋਂ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਤੋਂ ਚੋਣ ਮੈਦਾਨ ‘ਚ ਉਤਰਨਗੇ | ਮੁੱਖ ਮੰਤਰੀ ਨੂੰ ਮੁੜ ਧੂਰੀ ਤੋਂ ਉਮੀਦਵਾਰ ਬਣਾਏ ਜਾਣ ਨਾਲ ਉਨ੍ਹਾਂ ਸਿਆਸੀ ਚਰਚਾਵਾਂ ਨੂੰ ਬਰੇਕ ਲੱਗ ਗਈ ਹੈ, ਜਿਨ੍ਹਾਂ ‘ਚ ਮੁੱਖ ਮੰਤਰੀ ਵੱਲੋਂ ਹਲਕਾ ਬਦਲੇ ਜਾਣ ਦੀ ਗੱਲ ਕਹੀ ਜਾ ਰਹੀ ਸੀ |
ਮੌਜੂਦਾ 40 ਪਾਰਟੀ ਵਿਧਾਇਕਾਂ ਨੂੰ ਮੁੜ ਉਮੀਦਵਾਰ ਬਣਾਇਆ ਹੈ, ਜਿਨ੍ਹਾਂ ‘ਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮੁੜ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਐਲਾਨਿਆ ਹੈ | ਚਾਰ ਮੌਜੂਦਾ ਮਹਿਲਾ ਵਿਧਾਇਕਾਂ ਨੂੰ ਵੀ ਮੁੜ ਚੋਣ ਮੈਦਾਨ ‘ਚ ਉਤਾਰਿਆ ਹੈ, ਜਿਨ੍ਹਾਂ ਵਿਚ ਮੋਗਾ ਤੋਂ ਡਾ. ਅਮਨਦੀਪ ਕੌਰ ਅਰੋੜਾ, ਨਕੋਦਰ ਤੋਂ ਇੰਦਰਜੀਤ ਕੌਰ ਮਾਨ, ਬਲਾਚੌਰ ਤੋਂ ਸੰਤੋਸ਼ ਕਟਾਰੀਆ ਅਤੇ ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਦੇ ਨਾਂਅ ਸ਼ਾਮਲ ਹਨ | ਪਹਿਲੀ ਸੂਚੀ ਵਿਚ ਮਾਝੇ ਦੀਆਂ ਪੰਜ ਸੀਟਾਂ, ਦੁਆਬੇ ਦੀਆਂ 8 ਅੱਠ ਸੀਟਾਂ ਅਤੇ ਮਾਲਵੇ ਦੀਆਂ 27 ਸੀਟਾਂ ਤੋਂ ਉਮੀਦਵਾਰ ਐਲਾਨੇ ਗਏ ਹਨ | ਐਲਾਨੇ ਗਏ 40 ਉਮੀਦਵਾਰਾਂ ਵਿੱਚੋਂ 8 ਉਮੀਦਵਾਰ ਐੱਸ ਸੀ ਵਰਗ ਨਾਲ ਸੰਬੰਧਤ ਹਨ | ਇਨ੍ਹਾਂ ਵਿੱਚ ਬਲਕਾਰ ਸਿੰਘ (ਕਰਤਾਰਪੁਰ, ਜਲੰਧਰ), ਇਸ਼ਾਂਕ ਕੁਮਾਰ ਚੱਬੇਵਾਲ (ਚੱਬੇਵਾਲ, ਹੁਸ਼ਿਆਰਪੁਰ), ਗੁਰਿੰਦਰ ਸਿੰਘ ‘ਗੈਰੀ’ ਵੜਿੰਗ (ਅਮਲੋਹ, ਫਤਿਹਗੜ੍ਹ ਸਾਹਿਬ), ਮਨਵਿੰਦਰ ਸਿੰਘ ਗਿਆਸਪੁਰਾ (ਪਾਇਲ, ਲੁਧਿਆਣਾ), ਮਨਜੀਤ ਸਿੰਘ ਬਿਲਾਸਪੁਰ (ਨਿਹਾਲ ਸਿੰਘ ਵਾਲਾ, ਮੋਗਾ), ਅਮੋਲਕ ਸਿੰਘ (ਜੈਤੋ, ਫਰੀਦਕੋਟ), ਲਾਭ ਸਿੰਘ ਉਗੋਕੇ (ਭਦੌੜ, ਬਰਨਾਲਾ) ਅਤੇ ਕੁਲਵੰਤ ਸਿੰਘ (ਮਹਿਲ ਕਲਾਂ, ਬਰਨਾਲਾ) ਸ਼ਾਮਲ ਹਨ | ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨ ਕੇ ਆਮ ਆਦਮੀ ਪਾਰਟੀ ਨੇ ਪਹਿਲ ਕਰ ਦਿੱਤੀ ਹੈ | ਸ਼ਨੀਵਾਰ ਨੂੰ ਪਹਿਲੀ ਸੂਚੀ ਦੇ ਐਲਾਨ ਤੋਂ ਪਹਿਲਾਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਹੋਈ, ਜਿਸ ‘ਚ ਪਾਰਟੀ ਉਮੀਦਵਾਰਾਂ ਦੀ ਪਹਿਲੀ ਸੂਚੀ ‘ਤੇ ਮੋਹਰ ਲਗਾਈ ਗਈ | ਮੀਟਿੰਗ ‘ਚ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹਾਜ਼ਰ ਸਨ | ਪਹਿਲੀ ਸੂਚੀ ‘ਚ ਸੰਜੀਵ ਅਰੋੜਾ ਨੂੰ ਛੱਡ ਕੇ ਕੈਬਨਿਟ ਵਜ਼ੀਰਾਂ ਦੇ ਨਾਂਅ ਹਾਲੇ ਬਾਹਰ ਰੱਖੇ ਗਏ ਹਨ | ਸੰਜੀਵ ਅਰੋੜਾ ਇਸ ਵੇਲੇ ਜੇਲ੍ਹ ‘ਚ ਹਨ | ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਨਵੇਂ ਕਰੀਬ 19 ਹਲਕਾ ਇੰਚਾਰਜ ਲਗਾਏ ਗਏ ਹਨ, ਉਨ੍ਹਾਂ ਦਾ ਐਲਾਨ ਦੂਜੀ ਸੂਚੀ ‘ਚ ਹੋਣ ਦੀ ਸੰਭਾਵਨਾ ਹੈ | ਇਸ ਵੇਲੇ ‘ਆਪ’ ਦੇ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ 94 ਵਿਧਾਇਕ ਹਨ | ਮਾਨ ਨੇ ਕਿਹਾ ਕਿ ਪਾਰਟੀ ਨੇ ਉਮੀਦਵਾਰਾਂ ਦੀ ਚੋਣ ਲਈ ਲੋਕ ਸਰਵੇਖਣ ਨੂੰ ਅਧਾਰ ਬਣਾਇਆ ਹੈ, ਜਿਸ ਉਮੀਦਵਾਰ ਨੂੰ ਹਲਕੇ ਦੇ ਲੋਕਾਂ ਨੇ ਹਮਾਇਤ ਕੀਤੀ ਹੈ, ਉਸ ਨੂੰ ਉਮੀਦਵਾਰ ਬਣਾਇਆ ਗਿਆ ਹੈ | ਉਨ੍ਹਾ ਐਲਾਨੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਵੇਂ ਚਿਹਰੇ ਵੀ ਚੋਣ ਮੈਦਾਨ ‘ਚ ਉਤਾਰੇ ਜਾਣਗੇ | ਮੌਜੂਦਾ ਪੰਜ ਵਿਧਾਇਕਾਂ ਨੂੰ ਤੀਜੀ ਵਾਰ ਪਾਰਟੀ ਤਰਫ਼ੋਂ ਚੋਣ ਮੈਦਾਨ ‘ਚ ਉਤਾਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਨ੍ਹਾਂ ‘ਚ ਕੋਟਕਪੂਰਾ ਤੋਂ ਕੁਲਤਾਰ ਸਿੰਘ ਸੰਧਵਾਂ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ, ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰ ਅਤੇ ਗੜ੍ਹਸ਼ੰਕਰ ਤੋਂ ਜੈ ਕਿ੍ਸ਼ਨ ਰੋੜੀ ਦੇ ਨਾਂਅ ਸ਼ਾਮਲ ਹਨ | ਇਸੇ ਤਰ੍ਹਾਂ ਮੌਜੂਦਾ 35 ਵਿਧਾਇਕ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਦੂਸਰੀ ਵਾਰ ਪਾਰਟੀ ਤਰਫ਼ੋਂ ਚੋਣ ਮੈਦਾਨ ‘ਚ ਹਨ |