ਨਵੀਂ ਦਿੱਲੀ (ਨ ਜ਼ ਸ)
ਰਾਸ਼ਟਰ ਗੀਤ, ‘ਜਨ ਗਣ ਮਨ, ਨੇ ਸ਼ਨੀਵਾਰ ਇੱਕ ਅਸਾਧਾਰਨ ਰਾਜਨੀਤਕ ਕਾਰਵਾਈ ਲਈ ਸੁਰ ਤੈਅ ਕੀਤੀ, ਜਦੋਂ ਇੰਡੀਆ ਬਲਾਕ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ‘ਤੇੇ ‘ਜਨਤਕ ਮਹਾਂਦੋਸ਼’ ਦਾ ਆਯੋਜਨ ਕਰਨ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਨਿਵਾਸ ਸਥਾਨ ‘ਤੇ ਇੱਕ ਮੌਕ ਸੰਸਦ ਬੁਲਾਈ, ਜਿਸ ਵਿੱਚ ਉਨ੍ਹਾਂ ‘ਤੇ ਵੋਟਰ ਸੂਚੀਆਂ ਤੋਂ ਵੋਟਰਾਂ ਦੇ ਵੱਡੇ ਪੱਧਰ ‘ਤੇ ਨਾਂਅ ਹਟਾਉਣ ਅਤੇ ਨਰਿੰਦਰ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰਨ ਦਾ ਦੋਸ਼ ਲਗਾਇਆ ਗਿਆ | ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਦੇ 10 ਰਾਜਾਜੀ ਮਾਰਗ ‘ਤੇ ਕਾਰਵਾਈ ਦੀ ਪ੍ਰਧਾਨਗੀ ਕਰਨ ਦੇ ਨਾਲ, ਖੜਗੇ ਨੇ ਗਿਆਨੇਸ਼ ਕੁਮਾਰ ਦੇ ਖਿਲਾਫ ਪ੍ਰਸਤਾਵ ਪੇਸ਼ ਕੀਤਾ, ਜਿਸ ਵਿੱਚ 6 ਦੋਸ਼ ਲਗਾਏ ਗਏ ਅਤੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ | ਮੌਕ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਸਨ | ਕਾਰਵਾਈ ਦੀ ਸ਼ੁਰੂਆਤ ਕਰਦੇ ਹੋਏ, ਮੀਰਾ ਕੁਮਾਰ ਨੇ ਕਿਹਾ ਕਿ ਲੋਕ ਸਭਾ ਇਸ ਲਈ ਬੁਲਾਈ ਗਈ ਹੈ, ਕਿਉਂਕਿ ਕਰੋੜਾਂ ਵੋਟਰਾਂ ਨੂੰ ਪਾਰਦਰਸ਼ਤਾ ਜਾਂ ਜਵਾਬਦੇਹੀ ਤੋਂ ਬਿਨਾਂ ਵੋਟਰ ਸੂਚੀਆਂ ਤੋਂ ਹਟਾਇਆ ਜਾ ਰਿਹਾ ਹੈ | ‘ਇਹ ਸਦਨ ਗਿਆਨੇਸ਼ ਕੁਮਾਰ ਵਿਰੁੱਧ ਜਨਤਕ ਮਹਾਂਦੋਸ਼ ਦੀ ਕਾਰਵਾਈ ਲਈ ਬੁਲਾਇਆ ਗਿਆ ਹੈ,’ ਉਸ ਨੇ ਕਿਹਾ | ਇਹ ਵੀ ਕਿਹਾ ਕਿ ਇੰਡੀਆ ਬਲਾਕ ਵੱਲੋਂ ਵੋਟਰ ਸੂਚੀਆਂ ਵਿਚੋਂ ਹਟਾਏ ਨਾਵਾਂ ਬਾਰੇ ਉਠਾਏ ਗਏ ਸਵਾਲਾਂ ਦੇ ਤਸੱਲੀਬਖਸ਼ ਜਵਾਬ ਨਹੀਂ ਮਿਲੇ ਹਨ | ਵੋਟ ਪਾਉਣ ਦੇ ਅਧਿਕਾਰ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਮੀਰਾ ਕੁਮਾਰ ਨੇ ਕਿਹਾ, ‘ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਦੂਜੇ ਦੇਸ਼ ਇਸ ਦੀ ਲੋਕਤੰਤਰੀ ਪ੍ਰਣਾਲੀ ਵੱਲ ਦੇਖਦੇ ਹਨ | ਹਰ ਕਿਸੇ ਨੂੰ ਵੋਟ ਪਾਉਣ ਦਾ ਅਧਿਕਾਰ ਹੈ | ਸਾਡਾ ਲੋਕਤੰਤਰ ਚੋਣਾਂ ਦੀ ਤਾਕਤ ‘ਤੇ ਕੰਮ ਕਰਦਾ ਹੈ | ਜੇਕਰ ਇੱਕ ਵੀ ਵੋਟਰ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਕੀਤਾ ਜਾਂਦਾ ਹੈ, ਤਾਂ ਸਾਡੇ ਲੋਕਤੰਤਰ ਦੀ ਆਤਮਾ ਨੂੰ ਠੇਸ ਪਹੁੰਚਦੀ ਹੈ |’ ਪ੍ਰਸਤਾਵ ਪੇਸ਼ ਕਰਦੇ ਹੋਏ ਖੜਗੇ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 326 ਅਧੀਨ ਗਰੰਟੀਸ਼ੁਦਾ ਵੋਟ ਪਾਉਣ ਦਾ ਅਧਿਕਾਰ ਗੰਭੀਰ ਖ਼ਤਰੇ ਵਿੱਚ ਹੈ | ਉਸ ਸੀ ਈ ਸੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ਹੇਠ ਕੰਮ ਕਰਨ ਦਾ ਦੋਸ਼ ਲਗਾਇਆ | ਉਹਨਾ ਕਿਹਾ ਕਿ ਅਸੀਂ ਲੋਕਤੰਤਰ ਲਈ ਲੜ ਰਹੇ ਹਾਂ | ਸੀ ਈ ਸੀ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਹੈ | ਸੱਤ ਮਹੀਨੇ ਪਹਿਲਾਂ 193 ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਉਨ੍ਹਾ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਇੱਕ ਨੋਟਿਸ ਦਿੱਤਾ ਸੀ | ਸਾਡੇ ਨੋਟਿਸ ਰੱਦ ਕਰ ਦਿੱਤੇ ਗਏ ਸਨ | ਅੱਜ ਅਸੀਂ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਇਹ ਪ੍ਰਸਤਾਵ ਲਿਆਏ ਹਾਂ | ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਨੇ 2014 ਤੋਂ ਸੱਤਾ ਬਰਕਰਾਰ ਰੱਖਣ ਲਈ ਹਰ ਢੰਗ ਵਰਤਿਆ ਹੈ, ਜਿਸ ਵਿੱਚ ਉਨ੍ਹਾਂ ਨੇ ਸੰਸਦ ਦੀ ਕਥਿਤ ਚੋਰੀ, ਰਾਜਨੀਤਕ ਪਾਰਟੀਆਂ ਦੀ ਵੰਡ, ਸਰਕਾਰਾਂ ਨੂੰ ਡੇਗਣ, ਚੋਣ ਬਾਂਡ ਅਤੇ ਕੇਂਦਰੀ ਏਜੰਸੀਆਂ ਜਿਵੇਂ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀ ਬੀ ਆਈ ਦੀ ਵਰਤੋਂ ਦਾ ਹਵਾਲਾ ਦਿੱਤਾ | ਉਨ੍ਹਾਂ ਸੱਤਾਧਾਰੀ ਪਾਰਟੀ ‘ਤੇ ‘ਵੋਟ ਚੋਰੀ’ ਦਾ ਸਹਾਰਾ ਲੈਣ ਦਾ ਦੋਸ਼ ਲਗਾਇਆ | ਕੁਮਾਰ ਵਿਰੁੱਧ ਲਗਾਏ ਗਏ ਛੇ ਦੋਸ਼ਾਂ ਵਿੱਚ ਰਾਸ਼ਟਰੀ ਅਤੇ ਰਾਜ ਚੋਣਾਂ ਨੂੰ ਪ੍ਰਭਾਵਤ ਕਰਨ ਦੀ ਸਾਜ਼ਿਸ਼ ਰਚਣਾ, ਵੋਟਰ ਸੂਚੀਆਂ ਤੋਂ 13.2 ਕਰੋੜ ਵੋਟਰਾਂ ਨੂੰ ਹਟਾਉਣਾ, ਸੰਸਦੀ ਨਿਗਰਾਨੀ ਤੋਂ ਬਿਨਾਂ ਫਾਰਮ 6 ਨੂੰ ਦੁਬਾਰਾ ਲਿਖਣਾ, ਵੋਟਰ ਸੂਚੀਆਂ ਦਾ ਕੰਟਰੋਲ ਲੈਣਾ, ਹੋਰ ਦੋ ਚੋਣ ਕਮਿਸ਼ਨਰਾਂ ਨੂੰ ਮੁੱਖ ਫੈਸਲਿਆਂ ਤੋਂ ਬਾਹਰ ਰੱਖਣਾ ਅਤੇ ਮੋਦੀ ਅਤੇ ਸ਼ਾਹ ਦੇ ਇਸ਼ਾਰੇ ‘ਤੇ ਕੰਮ ਕਰਨਾ ਸ਼ਾਮਲ ਹੈ | ਖੜਗੇ ਨੇ ਦਾਅਵਾ ਕੀਤਾ ਕਿ ਇੰਡੀਆ ਬਲਾਕ ਦੇ ਸੰਸਦ ਮੈਂਬਰ ਦੇਸ਼ ਦੀ 60 ਪ੍ਰਤੀਸ਼ਤ ਆਬਾਦੀ ਦੀ ਨੁਮਾਇੰਦਗੀ ਕਰਦੇ ਹਨ | ਉਹਨਾ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਚੋਣ ਹੇਰਾਫੇਰੀ ਦੇ ਦੋਸ਼ਾਂ ਦੀ ਜਾਂਚ ਕਰਨ ਤੋਂ ਬਾਅਦ ਇਕੱਠੀਆਂ ਹੋਈਆਂ ਹਨ |




