ਮੁੱਖ ਮੁਕਾਬਲਾ ਕਾਂਗਰਸ ਤੇ ‘ਆਪ’ ਵਿਚਕਾਰ : ਪਾਇਲਟ

0
6

ਨਵੀਂ ਦਿੱਲੀ : ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਸਪੱਸ਼ਟ ਕੀਤਾ ਹੈ ਕਿ ਕਾਂਗਰਸ ਕਿਸੇ ਇੱਕ ਚਿਹਰੇ ਜਾਂ ਕੁਝ ਆਗੂਆਂ ‘ਤੇ ਨਿਰਭਰ ਪਾਰਟੀ ਨਹੀਂ | ਮੀਡੀਆ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਪਾਇਲਟ ਨੇ ਪਾਰਟੀ ਵਿੱਚ ਅੰਦਰੂਨੀ ਧੜੇਬੰਦੀ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਇਸ ਨੂੰ ‘ਚੰਗਾ ਮੁਕਾਬਲਾ’ ਕਰਾਰ ਦਿੱਤਾ | ਪਾਰਟੀ ਦੇ ਸੂਬਾ ਪ੍ਰਧਾਨ ਪਰਗਟ ਸਿੰਘ ਦੀ ਮਿਸਾਲ ਦਿੰਦਿਆਂ ਉਨ੍ਹਾ ਕਿਹਾ ਕਿ ਕਾਂਗਰਸ ਟੀਮ ਭਾਵਨਾ ਨਾਲ ਚੋਣ ਮੈਦਾਨ ਵਿੱਚ ਉਤਰੇਗੀ | ਉਨ੍ਹਾ ਕਿਹਾ ਕਿ ਕੈਪਟਨ ਉਦੋਂ ਹੀ ਮਜ਼ਬੂਤ ਹੁੰਦਾ ਹੈ, ਜਦੋਂ ਉਸ ਦੀ ਟੀਮ ਉਸ ਦੇ ਨਾਲ ਹੋਵੇ |
ਮੁੱਖ ਮੰਤਰੀ ਦੇ ਚਿਹਰੇ ਬਾਰੇ ਪਾਇਲਟ ਨੇ ਕਿਹਾ ਕਿ ਵਿਰੋਧੀ ਧਿਰ ਵਿੱਚ ਹੁੰਦਿਆਂ ਲੀਡਰਸ਼ਿਪ ਸਮੂਹਿਕ ਹੁੰਦੀ ਹੈ, ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ, ਸੂਬਾ ਪ੍ਰਧਾਨ ਅਤੇ ਸੀਨੀਅਰ ਆਗੂ ਸ਼ਾਮਲ ਹੁੰਦੇ ਹਨ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਬੋਲਦਿਆਂ ਪਾਇਲਟ ਨੇ ਕਿਹਾ ਕਿ ਭਾਜਪਾ ‘ਚ ਸ਼ਾਮਲ ਹੋਣਾ ਉਨ੍ਹਾ ਦਾ ਨਿੱਜੀ ਫੈਸਲਾ ਸੀ, ਪਰ ਉਹ ਉੱਥੇ ਖੁਸ਼ ਨਹੀਂ ਹਨ | ਉਨ੍ਹਾ ਦਾਅਵਾ ਕੀਤਾ ਕਿ ਪੰਜਾਬ ਭਾਜਪਾ ਦੇ ਜ਼ਿਆਦਾਤਰ ਪ੍ਰਮੁੱਖ ਚਿਹਰੇ ਸਾਬਕਾ ਕਾਂਗਰਸੀ ਹੀ ਹਨ |
ਸਚਿਨ ਪਾਇਲਟ ਨੇ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖੇ ਹਮਲੇ ਕੀਤੇ | ਉਨ੍ਹਾ ਦੋਸ਼ ਲਾਇਆ ਕਿ ‘ਆਪ’ ਨੇ 2022 ਵਿੱਚ ਮਿਲੇ 92 ਸੀਟਾਂ ਦੇ ਇਤਿਹਾਸਕ ਫਤਵੇ ਨੂੰ ਗਵਾ ਦਿੱਤਾ ਹੈ | ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਦੀ ਭਿਆਨਕ ਤਸਵੀਰ ਪੇਸ਼ ਕਰਦਿਆਂ ਉਨ੍ਹਾ ਕਿਹਾ ਕਿ ਹਾਲ ਹੀ ਵਿੱਚ ਉਨ੍ਹਾ ਪੂਰੇ ਸੂਬੇ ਦਾ ਵਿਆਪਕ ਦੌਰਾ ਕੀਤਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਤੁਸੀਂ ਘਰ ਜਾਂ ਪਿੰਡ ਵਿੱਚ ਬੈਠੇ ਹੋਵੋ, ਤਾਂ ‘ਬਲਿੰਕਿਟ’ ਜਾਂ ‘ਜ਼ੋਮੈਟੋ’ ਰਾਹੀਂ ਖਾਣਾ ਮੰਗਵਾਉਣ ਵਿੱਚ 45 ਮਿੰਟ ਲੱਗ ਜਾਂਦੇ ਹਨ, ਜਦ ਕਿ ‘ਚਿੱਟਾ’ ਅਤੇ ਹੋਰ ਨਸ਼ੇ 20 ਮਿੰਟਾਂ ਵਿੱਚ ਹੀ ਤੁਹਾਡੇ ਦਰਵਾਜ਼ੇ ‘ਤੇ ਪਹੁੰਚ ਜਾਂਦੇ ਹਨ | ਭਾਵ ਨਸ਼ਿਆਂ ਦੀ ‘ਹੋਮ ਡਿਲੀਵਰੀ’ ਹੁੰਦੀ ਹੈ | ਸੂਬੇ ਦੀ ਆਰਥਿਕ ਸਥਿਤੀ ‘ਤੇ ਚਿੰਤਾ ਪ੍ਰਗਟਾਉਂਦਿਆਂ ਪਾਇਲਟ ਨੇ ਕਿਹਾ ਕਿ ਪੰਜਾਬ ਸਿਰ ਕਰਜ਼ਾ 2.5 ਲੱਖ ਕਰੋੜ ਤੋਂ ਵਧ ਕੇ 4.5 ਲੱਖ ਕਰੋੜ ਰੁਪਏ ਹੋ ਗਿਆ ਹੈ | ਉਦਯੋਗ ਅਤੇ ਨਿਵੇਸ਼ ਬਾਹਰ ਜਾ ਰਹੇ ਹਨ, ਫਿਰੌਤੀਆਂ ਲਈ ਧਮਕੀਆਂ ਮਿਲ ਰਹੀਆਂ ਹਨ ਅਤੇ ਨਸ਼ਿਆਂ ਨੇ ਸਮਾਜਿਕ ਤਾਣੇ-ਬਾਣੇ ਨੂੰ ਕਮਜ਼ੋਰ ਕਰ ਦਿੱਤਾ ਹੈ | ਉਨ੍ਹਾ ਦਾਅਵਾ ਕੀਤਾ ਕਿ ਆਗਾਮੀ ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਤੇ ‘ਆਪ’ ਵਿਚਕਾਰ ਹੀ ਹੋਵੇਗਾ |