ਨਾਮੀ ਘਰਾਂ ਦੇ ਦੋ ਨੌਜਵਾਨਾਂ ਦੀ ਮੌਤ

0
12

ਜਲੰਧਰ : ਐਤਵਾਰ ਵੱਡੇ ਤੜਕੇ ਕਰੀਬ ਤਿੰਨ ਵਜੇ ਨਗਰ ਨਿਗਮ ਦੀ ਟਰੈਕਟਰ-ਟਰਾਲੀ ਨਾਲ ਕਾਰ ਦੀ ਟੱਕਰ ਵਿੱਚ ਮਸ਼ਹੂਰ ਸੰਗੀਤ ਕੰਪਨੀ ‘ਸਪੀਡ ਰਿਕਾਰਡਜ਼’ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਵਿਦਿਤ ਔਲਖ (18-19) ਅਤੇ ‘ਪੱਪੀ ਸਵੀਟਸ’ ਦੇ ਮਾਲਕ ਦੇ ਪੁੱਤਰ ਆਰਵ ਤਲਵਾੜ (18-19) ਦੀ ਮੌਤ ਹੋ ਗਈ | ਦੋਵੇਂ ਦੋਸਤ ਜਨਮ ਦਿਨ ਦੀ ਪਾਰਟੀ ਮਗਰੋਂ ਬੀ ਐੱਮ ਸੀ ਚੌਕ ਵੱਲੋਂ ਬੀ ਐੱਸ ਐੱਫ ਚੌਕ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਦੀ ਫੌਕਸਵੈਗਨ ਫਲਾਈਓਵਰ ‘ਤੇ ਟਰਾਲੀ ਵਿੱਚ ਜਾ ਵੱਜੀ | ਵਿਦਿਤ ਯੋ ਯੋ ਹਨੀ ਸਿੰਘ ਦਾ ਭਤੀਜਾ ਸੀ | ਥਾਣਾ ਬਾਰਾਂਦਰੀ ਦੇ ਐੱਸ ਐੱਚ ਓ ਸਾਹਿਲ ਚੌਧਰੀ ਨੇ ਦੱਸਿਆ ਕਿ ਕਾਰ ਵਿੱਚ ਸ਼ੁਰੂਆਤ ਵਿੱਚ ਪੰਜ ਨੌਜਵਾਨ ਮੌਜੂਦ ਸਨ, ਪਰ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਤਿੰਨ ਆਪੋ-ਆਪਣੇ ਘਰ ਉੱਤਰ ਚੁੱਕੇ ਸਨ |
ਜੌੜਾਮਾਜਰਾ ਤੇ ਪਠਾਣਮਾਜਰਾ ਨੇ ਵਿਧਾਇਕੀ ਛੱਡੀ
ਪਟਿਆਲਾ
(ਰਾਜਿੰਦਰ ਸਿੰਘ ਥਿੰਦ)
ਹਲਕਾ ਸਮਾਣਾ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਵਿਧਾਨਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ | ‘ਆਪ’ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਇਨ੍ਹਾਂ ਦੋਵਾਂ ਦੀਆਂ ਹਰਕਤਾਂ ਕਰਕੇ ਪਾਰਟੀ ਨੇ ਪਹਿਲਾਂ ਹੀ ਇਨ੍ਹਾਂ ਨੂੰ ਲਾਂਭੇ ਕੀਤਾ ਹੋਇਆ ਸੀ | ਹੁਣ ਇਹ ਦੋਵੇਂ ਉਸ ਭਾਜਪਾ ਵਿੱਚ ਜਾਣਗੇ, ਜਿਸ ਨੂੰ ਪੰਜਾਬ ‘ਚ ਉਮੀਦਵਾਰ ਨਹੀਂ ਲੱਭ ਰਹੇ |
ਪ੍ਰਾਵੀਡੈਂਟ ਫੰਡ ਦੀ ਜਾਣਕਾਰੀ ਵਟਸਐਪ ਰਾਹੀਂ
ਨਵੀਂ ਦਿੱਲੀ : ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਵਟਸਐਪ ਰਾਹੀਂ ਈ ਪੀ ਐੱਫ ਓ ਸੇਵਾਵਾਂ ਦੀ ਸ਼ੁਰੂਆਤ ਕੀਤੀ | ਇਸ ਤਹਿਤ ਗਾਹਕ ਈ ਪੀ ਐੱਫ ਓ ਦੀ ਪ੍ਰਮਾਣਿਤ ਵਟਸਐਪ ਸੇਵਾ ਰਾਹੀਂ ਆਪਣੇ ਪੀ ਐੱਫ ਬੈਲੇਂਸ, ਨਵੀਨਤਮ ਪੰਜ ਲੈਣ-ਦੇਣ ਅਤੇ ਪਾਸਬੁੱਕ ਜਾਣਕਾਰੀ ਤੱਕ ਪਹੁੰਚ ਕਰਨ ਦੇ ਯੋਗ ਹੋਣਗੇ, ਇਸ ਤੋਂ ਇਲਾਵਾ ਪੀ ਐੱਮ ਵੀ ਬੀ ਆਰ ਵਾਈ ਨਾਲ ਸੰਬੰਧਤ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਵਿਅਕਤੀਗਤ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਾਪਤ ਕਰ ਸਕਣਗੇ | ਦਫਤਰਾਂ ਵਿੱਚ ਜਾਣ ਦੀ ਜ਼ਰੂਰਤ ਨੂੰ ਘਟ ਜਾਵੇਗੀ | 1,000 ਰੁਪਏ ਤੱਕ ਦੇ ਬਕਾਏ ਵਾਲੇ ਆਧਾਰ-ਪ੍ਰਮਾਣਿਤ ਗੈਰ-ਕਾਰਜਸ਼ੀਲ ਖਾਤੇ ਵਾਲੇ ਗਾਹਕਾਂ ਨੂੰ ਵਿਅਕਤੀਗਤ ਦਾਅਵੇ ਦਾਇਰ ਕਰਨ ਦੀ ਲੋੜ ਨਹੀਂ ਹੋਵੇਗੀ |