ਚੰਡੀਗੜ੍ਹ (ਗੁਰਜੀਤ ਬਿੱਲਾ, ਸੁਰਜੀਤ ਸੁਮਨ, ਕ੍ਰਿਸ਼ਨ ਗਰਗ) : ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਤੇਜ਼ ਕਰਦਿਆਂ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ | ਇਸ ਤਾਜ਼ਾ ਸੂਚੀ ਵਿੱਚ ਪਾਰਟੀ ਵੱਲੋਂ 31 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੀ ਕਾਰਗੁਜ਼ਾਰੀ ਦੇ ਆਧਾਰ ‘ਤੇ ਹੀ ਵੋਟਾਂ ਮੰਗੀਆਂ ਜਾਣਗੀਆਂ | ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਇਤਿਹਾਸਕ ਕੰਮ ਕੀਤੇ ਹਨ, ਜਿਨ੍ਹਾਂ ਨੂੰ ਲੈ ਕੇ ਉਹ ਲੋਕਾਂ ਵਿੱਚ ਜਾਣਗੇ ਅਤੇ ਪੰਜਾਬ ਵਿੱਚ ਮੁੜ ਤੋਂ ਸਰਕਾਰ ਬਣਾਉਣਗੇ | ਇਸ ਤੋਂ ਪਹਿਲਾਂ ‘ਆਪ’ ਨੇ 31 ਅਕਤੂਬਰ ਨੂੰ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ 40 ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ | ਪਾਰਟੀ ਵੱਲੋਂ ਜਾਰੀ ਪਹਿਲੀ ਸੂਚੀ ਵਿੱਚ ਕਈ ਮੌਜੂਦਾ ਵਿਧਾਇਕਾਂ ਅਤੇ ਸੀਨੀਅਰ ਆਗੂਆਂ ‘ਤੇ ਮੁੜ ਭਰੋਸਾ ਜਤਾਇਆ ਗਿਆ ਸੀ | ਉਸ ਸੂਚੀ ਵਿੱਚ ਸਭ ਤੋਂ ਅਹਿਮ ਨਾਂਅ ਮੁੱਖ ਮੰਤਰੀ ਭਗਵੰਤ ਮਾਨ ਦਾ ਸੀ, ਜਿਨ੍ਹਾ ਨੂੰ ਉਨ੍ਹਾ ਦੇ ਮੌਜੂਦਾ ਵਿਧਾਨ ਸਭਾ ਹਲਕੇ ਧੂਰੀ ਤੋਂ ਹੀ ਮੁੜ ਉਮੀਦਵਾਰ ਐਲਾਨਿਆ ਗਿਆ ਸੀ | ਦੂਜੀ ਸੂਚੀ ਜਾਰੀ ਹੋਣ ਨਾਲ ਆਮ ਆਦਮੀ ਪਾਰਟੀ ਨੇ ਹੁਣ ਤੱਕ ਕੁੱਲ 71 ਉਮੀਦਵਾਰਾਂ ਦੇ ਨਾਵਾਂ ਨੂੰ ਅੰਤਮ ਰੂਪ ਦੇ ਦਿੱਤਾ ਹੈ, ਜਿਸ ਨਾਲ ਸੂਬੇ ਵਿੱਚ ਚੋਣ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ |
ਉਮੀਦਵਾਰਾਂ ਦੇ ਨਾਂਅ :
ਸੁਜਾਨਪੁਰ – ਸਵਰਨ ਐੱਸ ਸਲਾਰੀਆ, ਗੁਰਦਾਸਪੁਰ-ਰਮਨ ਬਹਿਲ, ਪਠਾਨਕੋਟ-ਰੋਹਿਤ ਸਿਆਲ, ਦੀਨਾਨਗਰ-ਸ਼ਮਸ਼ੇਰ ਸਿੰਘ, ਫਤਿਹਗੜ੍ਹ ਚੂੜੀਆਂ-ਹਰਜੋਬਨਜੀਤ ਸਿੰਘ ਰੰਧਾਵਾ (ਜੋਬਨ ਰੰਧਾਵਾ), ਕਾਦੀਆਂ-ਗੁਰਇਕਬਾਲ ਸਿੰਘ ਮਾਹਲ, ਰਾਜਾਸਾਂਸੀ-ਸੋਨੀਆ ਮਾਨ, ਮਜੀਠਾ-ਤਲਬੀਰ ਸਿੰਘ ਗਿੱਲ, ਅੰਮਿ੍ਤਸਰ ਉਤਰੀ-ਕਰਮਜੀਤ ਸਿੰਘ ਰਿੰਟੂ, ਪੱਟੀ-ਜਸਕਰਨਵਰ ਸਿੰਘ ਗਿੱਲ (ਜੱਸਾ ਪੱਟੀ), ਭੁਲੱਥ-ਐਡਵੋਕੇਟ ਹਰਸਿਮਰਨ ਸਿੰਘ, ਕਪੂਰਥਲਾ-ਦਵਿੰਦਰ ਪਾਲ ਸਿੰਘ ਰੰਗਾ, ਫਗਵਾੜਾ – ਡਾ. ਰਾਜ ਕੁਮਾਰ ਚੱਬੇਵਾਲ, ਫਿਲੌਰ-ਹਰਜੋਤ ਕੌਰ ਲੋਹਟੀਆ, ਸ਼ਾਹਕੋਟ – ਬਲਵੀਰ ਸਿੰਘ ਪਾਲਾ ਜਲਾਲਪੁਰ, ਜਲੰਧਰ ਕੇਂਦਰੀ-ਨਿਤਿਨ ਕੋਹਲੀ, ਜਲੰਧਰ ਉੱਤਰੀ-ਵਨੀਤ ਧੀਰ, ਜਲੰਧਰ ਛਾਉਣੀ-ਦੀਪਕ ਬਾਲੀ, ਆਦਮਪੁਰ-ਪਵਨ ਕੁਮਾਰ ਟੀਨੂੰ, ਮੁਕੇਰੀਆਂ-ਸਰਬਜੋਤ ਸਿੰਘ ਸਾਬੀ, ਨਵਾਂਸ਼ਹਿਰ-ਰੌਬੀ ਕੰਗ, ਚਮਕੌਰ ਸਾਹਿਬ-ਜਸਵੀਰ ਸਿੰਘ ਗੜ੍ਹੀ, ਖਰੜ-ਪਰਮਿੰਦਰ ਸਿੰਘ ਗੋਲਡੀ, ਦਾਖਾ-ਡਾ. ਕੇ ਐੱਨ.ਐੱਸ. ਕੰਗ, ਜਗਰਾਉਂ – ਸਰਵਜੀਤ ਕੌਰ ਮਾਣੂੰਕੇ, ਅਬੋਹਰ-ਡਾ. ਸੁਹਾਨੀ ਡੋਡਾ, ਬੱਲੂਆਣਾ– ਅਮਨਦੀਪ ਸਿੰਘ ਗੋਲਡੀ ਮੁਸਾਫਰ, ਲੰਬੀ-ਰਣਧੀਰ ਸਿੰਘ ਧੀਰਾ ਖੁੱਡੀਆਂ, ਬਠਿੰਡਾ ਦਿਹਾਤੀ-ਗੋਪਾਲ ਸਿੰਘ, ਬਰਨਾਲਾ-ਗੁਰਮੀਤ ਸਿੰਘ ਮੀਤ ਹੇਅਰ, ਸ਼ੁਤਰਾਣਾ—ਵਰਿੰਦਰ ਕੌਰ ਲੂੰਬਾ |
ਜਿਨ੍ਹਾਂ ਸੀਟਾਂ ‘ਤੇ ਉਮੀਦਵਾਰ ਬਦਲੇ :
ਖਰੜ: ਅਨਮੋਲ ਗਗਨ ਮਾਨ 2022 ਵਿੱਚ ਜਿੱਤੀ ਸੀ | ਪਰਮਿੰਦਰ ਸਿੰਘ ਗੋਲਡੀ ਨੂੰ ਪਹਿਲਾਂ ਹਲਕਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਹੁਣ ਟਿਕਟ ਮਿਲੀ ਹੈ | ਪੱਟੀ : ਲਾਲਜੀਤ ਸਿੰਘ ਭੁੱਲਰ 2022 ਵਿੱਚ ਜਿੱਤੇ ਸਨ | ਜਸਕੰਵਰ ਸਿੰਘ ਗਿੱਲ (ਜੱਸਾ ਪੱਟੀ) ਉਨ੍ਹਾਂ ਦੀ ਥਾਂ ਲੈਣਗੇ | ਜਲੰਧਰ ਕੇਂਦਰੀ : ਰਮਨ ਅਰੋੜਾ 2022 ਵਿਚ ਜਿੱਤੇ ਸਨ | ਨਿਤਿਨ ਕੋਹਲੀ ਉਨ੍ਹਾਂ ਦੀ ਥਾਂ ਲੈਣਗੇ | ਜਲੰਧਰ ਛਾਉਣੀ ਤੋਂ ਦੀਪਕ ਬਾਲੀ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾ ਹਲਕਾ ਇੰਚਾਰਜ ਲਾਇਆ ਗਿਆ ਸੀ | ਅੰਮਿ੍ਤਸਰ ਉੱਤਰੀ : ਇਹ ਸੀਟ ਸਾਬਕਾ ਆਈ ਪੀ ਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸੀਟ ਸੀ ਅਤੇ ਹੁਣ ਇਹ ਖਾਲੀ ਹੈ | ਕਰਮਜੀਤ ਸਿੰਘ ਰਿੰਟੂ ਨੂੰ ਉਮੀਦਵਾਰ ਬਣਾਇਆ ਹੈ | ਲੰਬੀ: ਗੁਰਮੀਤ ਸਿੰਘ ਖੁੱਡੀਆਂ ਨੇ 2022 ਵਿੱਚ ਇੱਥੇ ਸਾਬਕਾ ਮੁੱਖ ਮੰਤਰੀ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ | ਇਥੋਂ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਉਹ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਦਾ ਭਤੀਜਾ ਹੈ |





