ਸੁਖਬੀਰ ਬਾਦਲ ਦੂਰਅੰਦੇਸ਼ ਨੇਤਾ : ਜਗੀਰ ਕੌਰ

0
8

ਕਪੂਰਥਲਾ (ਬਲਵਿੰਦਰ ਸਿੰਘ ਧਾਲੀਵਾਲ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ (72) ਐਤਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਪਰਤ ਆਈ | ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੇਗੋਵਾਲ ਵਿਖੇ ਬੀਬੀ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ | ਬੀਬੀ ਜਗੀਰ ਕੌਰ 1999, 2004 ਅਤੇ 2020 ਵਿੱਚ ਐੱਸ ਜੀ ਪੀ ਸੀ ਪ੍ਰਧਾਨ ਸੀ | ਉਹ 1997, 2002 ਅਤੇ 2012 ਵਿੱਚ ਵਿਧਾਇਕ ਰਹੀ | ਨਵੰਬਰ 2022 ਵਿੱਚ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ ਸੀ, ਜਦੋਂ ਉਹ ਐੱਸ ਜੀ ਪੀ ਸੀ ਪ੍ਰਧਾਨਗੀ ਦੀ ਚੋਣ ਲੜਨ ਦੇ ਆਪਣੇ ਸਟੈਂਡ ‘ਤੇ ਅੜੀ ਰਹੀ, ਜਿਸ ਵਿੱਚ ਉਹ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਤੋਂ ਹਾਰ ਗਈ | ਹਾਲਾਂਕਿ, ਉਹ ਮਾਰਚ 2024 ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਆ ਗਈ ਸੀ ਅਤੇ ਉਸ ਸਮੇਂ ਵੀ ਸੁਖਬੀਰ ਬਾਦਲ ਨੇ ਉਸ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਸੀ | ਬਾਅਦ ਵਿੱਚ ਉਸ ਨੇ ਹੋਰ ਅਕਾਲੀ ਆਗੂਆਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਗਠਨ ਕੀਤਾ | ਫਿਰ ਹੋਰਨਾਂ ਆਗੂਆਂ ਨਾਲ ਮਿਲ ਕੇ ਅਕਾਲੀ ਦਲ ਪੁਨਰ ਸੁਰਜੀਤ ਬਣਾਇਆ | ਸੁਖਬੀਰ ਬਾਦਲ ਨੇ ਬੀਬੀ ਜਗੀਰ ਕੌਰ ਨੂੰ ਹਲਕਾ ਭੁਲੱਥ ਦਾ ਇੰਚਾਰਜ ਲਾਉਣ ਦਾ ਐਲਾਨ ਕੀਤਾ, ਜਿਸ ਦਾ ਮਤਲਬ ਹੈ ਕਿ ਉਹ ਹੀ ਹਲਕੇ ਤੋਂ ਪਾਰਟੀ ਉਮੀਦਵਾਰ ਹੋਵੇਗੀ |
ਸੁਖਬੀਰ ਬਾਦਲ ਵੱਲੋਂ ਬੀਬੀ ਜਗੀਰ ਕੌਰ ਦੀ ਕਰਵਾਈ ਗਈ ਇਸ ਵਾਪਸੀ ਨੂੰ ਦੁਆਬਾ ਖੇਤਰ ਦੀ ਸਿਆਸਤ ਵਿੱਚ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ | ਇਸ ਨੂੰ ਪਾਰਟੀ ਪ੍ਰਧਾਨ ਦੀ ਆਪਣੇ ਪੁਰਾਣੇ ਪੰਥਕ ਸਾਥੀਆਂ ਨੂੰ ਮੁੜ ਇਕੱਠਾ ਕਰਨ ਦੀ ਮੁਹਿੰਮ ਵਿੱਚ ਇੱਕ ਵੱਡੀ ਸਫਲਤਾ ਵਜੋਂ ਵੀ ਦੇਖਿਆ ਜਾ ਰਿਹਾ ਹੈ | ਸਮਾਗਮ ਦੌਰਾਨ ਬੀਬੀ ਜਗੀਰ ਕੌਰ ਨੇ ਸੁਖਬੀਰ ਸਿੰਘ ਬਾਦਲ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾ ਨੂੰ ਇੱਕ ਦੂਰਅੰਦੇਸ਼ ਨੇਤਾ ਦੱਸਿਆ | ਹਰਸਿਮਰਤ ਕੌਰ ਬਾਦਲ ਨੂੰ ਆਪਣੀ ਭੈਣ ਦੱਸਦਿਆਂ ਉਨ੍ਹਾ ਵੱਲੋਂ ਚਲਾਈ ਗਈ ‘ਨੰਨ੍ਹੀ ਛਾਂ’ ਮੁਹਿੰਮ ਦੀ ਵੀ ਪ੍ਰਸੰਸਾ ਕੀਤੀ | ਇਸ ਮੌਕੇ ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਨੂੰ ਉਜੜਨ ਤੋਂ ਬਚਾਉਣ ਲਈ ਅਕਾਲੀ ਦਲ ਨੂੰ ਮੁੜ ਸੱਤਾ ਵਿੱਚ ਲਿਆਉਣ ਦੀ ਅਪੀਲ ਕੀਤੀ |