ਰਾਮਲੀਲ੍ਹਾ ਮੈਦਾਨ ਦੀ ਘੇਰਾਬੰਦੀ

0
3

ਹਾਕਮ ਕੌਮੀ ਰਾਜਧਾਨੀ ਦਿੱਲੀ ਵਿੱਚ ਕੋਈ ਵੀ ਵੱਡਾ ਪ੍ਰੋਟੈੱਸਟ ਨਹੀਂ ਹੋਣ ਦੇਣਾ ਚਾਹੁੰਦੇ | ਇਸ ਦਾ ਸਬੂਤ ਦਿੱਲੀ ਪੁਲਸ ਵੱਲੋਂ ਰਾਮਲੀਲ੍ਹਾ ਮੈਦਾਨ ਵਿੱਚ ਰੈਲੀਆਂ ਤੇ ਹੋਰ ਸਮਾਗਮਾਂ ਲਈ ਪ੍ਰਸਤਾਵਤ ਨਵੇਂ ਨਿਯਮਾਂ ਤੋਂ ਲੱਗਦਾ ਹੈ, ਜਿਸ ਵਿੱਚ ਵੱਧ ਤੋਂ ਵੱਧ 50 ਹਜ਼ਾਰ ਲੋਕਾਂ ਦੀ ਹਾਜ਼ਰੀ, ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦਾ ਸਮਾਂ ਅਤੇ 10 ਦਿਨ ਪਹਿਲਾਂ ਦੀ ਇਜਾਜ਼ਤ ਸ਼ਾਮਲ ਹੈ | ਜੇ ਇਹ ਨਿਯਮ ਲਾਗੂ ਹੋ ਜਾਂਦੇ ਹਨ ਤਾਂ ਰਾਮਲੀਲ੍ਹਾ ਮੈਦਾਨ ‘ਚ ਰੈਲੀਆਂ ਕਰਨ ਵਾਲੀਆਂ ਸਿਆਸੀ ਪਾਰਟੀਆਂ, ਕਿਸਾਨ ਸੰਗਠਨਾਂ, ਟਰੇਡ ਯੂਨੀਅਨਾਂ ਅਤੇ ਸਮਾਜਿਕ ਸੰਗਠਨਾਂ ਲਈ ਕਾਫੀ ਮੁਸ਼ਕਲਾਂ ਪੈਦਾ ਕਰ ਸਕਦੇ ਹਨ |
ਨਵੇਂ ਪ੍ਰਸਤਾਵ ਵਿੱਚ ਸਮਾਗਮ ਦੀ ਇਜਾਜ਼ਤ ਪ੍ਰਾਪਤ ਕਰਨ ਦੀ ਪ੍ਰਕਿਰਿਆ ਦੀ ਰੂਪਰੇਖਾ ਵੀ ਦਿੱਤੀ ਗਈ ਹੈ | ਰਾਮਲੀਲ੍ਹਾ ਮੈਦਾਨ ਦਿੱਲੀ ਨਗਰ ਨਿਗਮ (ਐੱਮ ਸੀ ਡੀ) ਦੀ ਮਲਕੀਅਤ ਹੈ | ਇਸ ਲਈ ਕਿਸੇ ਵੀ ਸਮਾਗਮ ਦੇ ਪ੍ਰਬੰਧਕਾਂ ਨੂੰ ਪਹਿਲਾਂ ਉਸ ਤੋਂ ਇੱਕ ਸਰਟੀਫਿਕੇਟ ਪ੍ਰਾਪਤ ਕਰਨਾ ਪਵੇਗਾ | ਉਸ ਤੋਂ ਬਾਅਦ ਪ੍ਰਬੰਧਕਾਂ ਨੂੰ ਦਿੱਲੀ ਪੁਲਸ ਨੂੰ ਇਜਾਜ਼ਤ ਲਈ ਅਰਜ਼ੀ ਦੇਣੀ ਪਵੇਗੀ |
ਸਿਰਫ ਐੱਮ ਸੀ ਡੀ ਤੋਂ ਸਰਟੀਫਿਕੇਟ ਪ੍ਰਾਪਤ ਕਰਨ ਨਾਲ ਹੀ ਸਮਾਗਮ ਦੇ ਆਯੋਜਨ ਦੀ ਇਜਾਜ਼ਤ ਨਹੀਂ ਮਿਲੇਗੀ | ਵੱਖਰੀ ਪੁਲਸ ਪ੍ਰਵਾਨਗੀ ਅਤੇ ਹੋਰ ਜ਼ਰੂਰੀ ਪ੍ਰਸ਼ਾਸਕੀ ਪ੍ਰਵਾਨਗੀਆਂ ਵੀ ਲਾਜ਼ਮੀ ਹੋਣਗੀਆਂ | ਅਰਜ਼ੀ ਸਮਾਗਮ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਜਮ੍ਹਾਂ ਕਰਵਾਉਣੀ ਪਵੇਗੀ | ਅਰਜ਼ੀਆਂ ਡੀ ਸੀ ਪੀ, ਸੈਂਟਰਲ ਡਿਸਟਿ੍ਕਟ, ਦਿੱਲੀ ਪੁਲਸ ਦੇ ਦਫਤਰ ਵਿਖੇ ਮਨੋਨੀਤ ਪ੍ਰਬੰਧ ਸੈੱਲ ਰਾਹੀਂ ਦਿੱਤੀਆਂ ਜਾਣਗੀਆਂ | ਇਸ ਪ੍ਰਬੰਧ ਦਾ ਉਦੇਸ਼ ਪੁਲਸ ਨੂੰ ਸੁਰੱਖਿਆ, ਟ੍ਰੈਫਿਕ ਅਤੇ ਭੀੜ ਪ੍ਰਬੰਧਨ ਲਈ ਪਹਿਲਾਂ ਤੋਂ ਤਿਆਰੀ ਕਰਨ ਲਈ ਕਾਫੀ ਸਮਾਂ ਦੇਣਾ ਹੈ | ਪ੍ਰਸਤਾਵਤ ਦਿਸ਼ਾ-ਨਿਰਦੇਸ਼ਾਂ ਵਿੱਚ ਆਵਾਜਾਈ ਪ੍ਰਬੰਧਨ ਦੀ ਜ਼ਿੰਮੇਵਾਰੀ ਪ੍ਰਬੰਧਕਾਂ ‘ਤੇ ਵੀ ਰੱਖੀ ਗਈ ਹੈ | ਉਨ੍ਹਾਂ ਨੂੰ ਟ੍ਰੈਫਿਕ ਪੁਲਸ ਅਤੇ ਸਥਾਨਕ ਪੁਲਸ ਨਾਲ ਤਾਲਮੇਲ ਕਰਨਾ ਪਵੇਗਾ | ਵਾਹਨਾਂ ਦੀ ਆਵਾਜਾਈ ਲਈ ਢੁਕਵੇਂ ਪ੍ਰਬੰਧ ਕਰਨੇ ਪੈਣਗੇ | ਪਾਰਕਿੰਗ ਦੇ ਪ੍ਰਬੰਧ ਯਕੀਨੀ ਬਣਾਉਣੇ ਪੈਣਗੇ | ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਨਿਰਧਾਰਤ ਡਰਾਪ-ਆਫ ਪੁਆਇੰਟ ਬਣਾਉਣੇ ਪੈਣਗੇ | ਸੜਕਾਂ ਅਤੇ ਫੁੱਟਪਾਥਾਂ ‘ਤੇ ਕੋਈ ਵੀ ਰੁਕਾਵਟ ਨਹੀਂ ਆਉਣੀ ਚਾਹੀਦੀ | ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਲਈ ਸੜਕਾਂ ਖੁੱਲ੍ਹੀਆਂ ਰੱਖਣੀਆਂ ਪੈਣਗੀਆਂ | ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਅਗਨ ਸ਼ਸਤਰ, ਤਲਵਾਰਾਂ ਅਤੇ ਬਰਛੇ, ਤਿੱਖੀਆਂ ਵਸਤੂਆਂ ਅਤੇ ਕਾਨੂੰਨ ਅਧੀਨ ਵਰਜਿਤ ਹੋਰ ਚੀਜ਼ਾਂ ਲਿਆਉਣੀਆਂ ਮਨ੍ਹਾ ਹੋਣਗੀਆਂ | ਇਸ ਤੋਂ ਇਲਾਵਾ ਮੈਦਾਨ ਦੇ ਆਲੇ-ਦੁਆਲੇ ਡਰੋਨ ਉਡਾਉਣ ਲਈ ਪਹਿਲਾਂ ਤੋਂ ਇਜਾਜ਼ਤ ਦੀ ਲੋੜ ਹੋਵੇਗੀ | ਸਮਾਗਮ ਦੌਰਾਨ ਹਿੰਸਾ, ਅਗਜ਼ਨੀ, ਸਰਕਾਰੀ ਜਾਂ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਜਨਤਕ ਵਿਵਸਥਾ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਗਤੀਵਿਧੀਆਂ ਦੀ ਮਨਾਹੀ ਹੋਵੇਗੀ | ਪੀਣ ਵਾਲੇ ਸਾਫ ਪਾਣੀ, ਡਾਕਟਰੀ ਸਹਾਇਤਾ ਅਤੇ ਮੁੱਢਲੀ ਸਹਾਇਤਾ, ਢੁਕਵੀਆਂ ਟਾਇਲਟ ਅਤੇ ਸੈਨੀਟੇਸ਼ਨ ਸਹੂਲਤਾਂ ਅਤੇ ਸਹੀ ਰਹਿੰਦ-ਖੂੰਹਦ ਦਾ ਨਿਪਟਾਰਾ ਆਦਿ ਦੀ ਜ਼ਿੰਮੇਵਾਰੀ ਪ੍ਰਬੰਧਕਾਂ ਦੀ ਹੋਵੇਗੀ | ਦਿੱਲੀ ਪੁਲਸ ਦਾ ਇਹ ਪ੍ਰਸਤਾਵ ਅਜਿਹੇ ਸਮੇਂ ਆਇਆ ਹੈ, ਜਦੋਂ ਉਸ ਨੇ ਜੰਤਰ-ਮੰਤਰ ਨੂੰ ਨੋਟੀਫਾਈਡ ਵਿਰੋਧ ਸਥਾਨਾਂ ਦੀ ਸੂਚੀ ਤੋਂ ਹਟਾ ਦਿੱਤਾ ਸੀ | ਇਸ ਦੀ ਥਾਂ ਤਿੰਨ ਬਦਲਵੇਂ ਸਥਾਨਾਂ ਦੀ ਪਛਾਣ ਕੀਤੀ ਗਈ ਸੀ : ਰਾਮਲੀਲ੍ਹਾ ਮੈਦਾਨ (ਕੇਂਦਰੀ ਦਿੱਲੀ), ਬੁਰਾੜੀ ਮੈਦਾਨ ਤੇ ਸੀ ਬੀ ਡੀ ਮੈਦਾਨ (ਪੂਰਬੀ ਦਿੱਲੀ) | ਪਹਿਲੀ ਨਵੰਬਰ ਨੂੰ ‘ਇੰਡੀਆ’ ਗੱਠਜੋੜ ਨੇ ਵੋਟਰ ਸੂਚੀਆਂ ਦੀ ਡੂੰਘੀ ਸੁਧਾਈ ‘ਚ ਬੇਨੇਮੀਆਂ ਦੇ ਵਿਰੋਧ ‘ਚ ਰਾਮਲੀਲ੍ਹਾ ਮੈਦਾਨ ‘ਚ ਵਿਸ਼ਾਲ ਰੈਲੀ ਕਰਕੇ ਸਰਕਾਰ ਨੂੰ ਹਿਲਾ ਦਿੱਤਾ ਸੀ | ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਵਿਰੋਧ ਪ੍ਰਦਰਸ਼ਨਾਂ ਲਈ ਉਪਲੱਬਧ ਸਥਾਨਾਂ ਅਤੇ ਸਮੇਂ ‘ਤੇ ਵਧਦੇ ਪ੍ਰਸ਼ਾਸਕੀ ਨਿਯੰਤਰਣ ਦੇ ਵਿਚਕਾਰ ਨਾਗਰਿਕਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਸੰਵਿਧਾਨਕ ਅਧਿਕਾਰ ਨੂੰ ਕਿਵੇਂ ਸੁਰੱਖਿਅਤ ਕੀਤਾ ਜਾਵੇਗਾ | ਲੋਕਤੰਤਰ ਵਿੱਚ ਵਿਰੋਧ ਪ੍ਰਦਰਸ਼ਨ ਸਿਰਫ ਸਿਆਸੀ ਪਾਰਟੀਆਂ ਦੀ ਗਤੀਵਿਧੀ ਨਹੀਂ ਹੁੰਦੇ, ਸਗੋਂ ਨਾਗਰਿਕਾਂ ਲਈ ਆਪਣੀ ਅਸਹਿਮਤੀ ਪ੍ਰਗਟ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਵੀ ਹੁੰਦੇ ਹਨ | ਰਾਮਲੀਲ੍ਹਾ ਮੈਦਾਨ ਹੀ ਵੱਡੇ ਪ੍ਰੋਟੈੱਸਟ ਲਈ ਢੁਕਵਾਂ ਸਥਾਨ ਹੈ ਤੇ ਹੁਣ ਹਾਕਮ ਪ੍ਰੋਟੈੱਸਟਰਾਂ ਨੂੰ ਉੱਥੇ ਆਉਣ ਤੋਂ ਰੋਕ ਕੇ ਦਿੱਲੀ ਦੇ ਬਾਹਰ ਖਦੇੜਨਾ ਚਾਹੁੰਦੇ ਹਨ, ਪਰ ਹਾਕਮ ਇਸ ਵਿੱਚ ਸਫਲ ਨਹੀਂ ਹੋਣਗੇ, ਕਿਉਂਕਿ ਪ੍ਰੋਟੈੱਸਟਰਾਂ ਦੇ ਹੜ੍ਹ ਨੂੰ ਦੁਨੀਆ ਦੀ ਕੋਈ ਤਾਕਤ ਨਾ ਕਦੇ ਰੋਕ ਸਕੀ ਹੈ ਤੇ ਨਾ ਰੋਕ ਸਕੇਗੀ |