ਫਗਵਾੜਾ : ਗੰਨਾ ਕਿਸਾਨਾਂ ਦੇ 2021-22 ਸੀਜ਼ਨ ਦੇ ਰਹਿੰਦੇ 27.74 ਕਰੋੜ ਰੁਪਏ ਦੇ ਬਕਾਏ ਨਾ ਦੇਣ ‘ਤੇ ਫਗਵਾੜਾ ਪ੍ਰਸ਼ਾਸਨ ਨੇ ਐਤਵਾਰ ਗੋਲਡਨ ਸੰਧਰ ਸ਼ੂਗਰ ਮਿੱਲ ਨੂੰ ਸੀਲ ਕਰ ਦਿੱਤਾ | ਕਿਸਾਨਾਂ ਨੇ ਪੈਸੇ ਨਾ ਮਿਲਣ ‘ਤੇ 18 ਨਵੰਬਰ ਤੋਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਸੀ |
ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸੀਲਿੰਗ ਦੀ ਕਾਰਵਾਈ ਸਵੇਰੇ 11:15 ਵਜੇ ਸ਼ੁਰੂ ਹੋਈ | ਮਿੱਲ ਦੇ ਆਲੇ-ਦੁਆਲੇ ਦੇ ਸਾਰੇ ਨੌਂ ਗੇਟਾਂ ਨੂੰ ਜਿੰਦਰੇ ਮਾਰ ਕੇ ਸੀਲ ਕਰ ਦਿੱਤਾ ਗਿਆ | ਹਾਲਾਂਕਿ, ਸੁਰੱਖਿਆ ਮੁਲਾਜ਼ਮਾਂ ਦੀ ਆਵਾਜਾਈ ਲਈ ਆਪਸੀ ਸਹਿਮਤੀ ਨਾਲ ਇੱਕ ਛੋਟਾ ਗੇਟ ਖੁੱਲ੍ਹਾ ਰੱਖਿਆ ਗਿਆ ਹੈ | ਪਾਰਦਰਸ਼ਤਾ ਲਈ ਸਾਰੀ ਕਾਰਵਾਈ ਦੀ ਵੀਡੀਓਗ੍ਰਾਫੀ ਕੀਤੀ ਗਈ ਅਤੇ ਅੰਦਰ ਮੌਜੂਦ ਮਸ਼ੀਨਰੀ, 3 ਟਰੱਕ, 4 ਟਰੈਕਟਰ, 5 ਬਲੈਰੋ ਗੱਡੀਆਂ, ਪਾਣੀ ਵਾਲੇ ਟੈਂਕਰ ਸਮੇਤ ਹੋਰ ਸਾਮਾਨ ਦਾ ਰਿਕਾਰਡ ਬਣਾਇਆ ਗਿਆ | ਕਾਰਵਾਈ ਮੁਕੰਮਲ ਹੋਣ ਮਗਰੋਂ 9 ਤਾਲਿਆਂ ਦੀਆਂ 25 ਚਾਬੀਆਂ ਪੰਜਾਬ ਕੇਨ ਵਿਭਾਗ ਦੇ ਪੀ ਓ ਡਾ. ਰੁਲਦਾ ਸਿੰਘ ਨੂੰ ਸੌਂਪੀਆਂ ਗਈਆਂ | ਕੇਨ ਕਮਿਸ਼ਨਰ ਤਰਨਜੀਤ ਸਿੰਘ ਗਿੱਲ ਮੁਤਾਬਕ ਮਿੱਲ ਪ੍ਰਬੰਧਕਾਂ ਨੇ 2025-26 ਸੀਜ਼ਨ ਲਈ ਬਿਨਾਂ ਲਾਇਸੈਂਸ ਤੋਂ ਪਿੜਾਈ ਸ਼ੁਰੂ ਕਰ ਦਿੱਤੀ ਸੀ ਅਤੇ ਵਾਰ-ਵਾਰ ਕਹਿਣ ਦੇ ਬਾਵਜੂਦ ਕਿਸਾਨਾਂ ਦੇ ਬਕਾਏ ਕਲੀਅਰ ਨਹੀਂ ਕੀਤੇ ਸਨ | ਮਿੱਲ ਦੀ ਮਾਲਕੀ ਵਾਰ-ਵਾਰ ਬਦਲਣ ਕਾਰਨ ਜਵਾਬਦੇਹੀ ਤੈਅ ਕਰਨ ਵਿੱਚ ਵੀ ਦਿੱਕਤ ਆ ਰਹੀ ਹੈ | ਇਹ ਵਿਵਾਦ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ ਅਤੇ ਸਤੰਬਰ 2022 ਵਿੱਚ ਪ੍ਰਸ਼ਾਸਨ ਨੇ ਮਿੱਲ ਦੀ ਜਾਇਦਾਦ ਅਟੈਚ ਕੀਤੀ ਸੀ | ਸਤੰਬਰ 2023 ਵਿੱਚ ਵੀ ਕਿਸਾਨਾਂ ਦੇ ਪ੍ਰਦਰਸ਼ਨ ਮਗਰੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਕਿਸਾਨ ਨੁਮਾਇੰਦਿਆਂ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਮਿੱਲ ਨੂੰ ਪੁਲਸ ਦੀ ਮਦਦ ਨਾਲ ਸੀਲ ਕੀਤਾ ਗਿਆ ਸੀ | ਇਨ੍ਹਾਂ ਘਟਨਾਵਾਂ ਦੌਰਾਨ ਹੀ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਅਤੇ ਮਿੱਲ ਮੈਨੇਜਮੈਂਟ ਦੇ ਸਾਬਕਾ ਅਧਿਕਾਰੀ ਜਰਨੈਲ ਸਿੰਘ ਵਾਹਦ ਨੂੰ ਮਿੱਲ ਨਾਲ ਜੁੜੀਆਂ ਕਥਿਤ ਵਿੱਤੀ ਬੇਨਿਯਮੀਆਂ ਦੇ ਮਾਮਲੇ ਵਿੱਚ ਗਿ੍ਫਤਾਰ ਕੀਤਾ ਗਿਆ ਸੀ | ਹਾਲਾਂਕਿ ਬਾਅਦ ਵਿੱਚ ਸਰਕਾਰ ਨਾਲ ਸਹਿਮਤੀ ਬਣਨ ‘ਤੇ ਮਿੱਲ ਦੇ ਤਾਲੇ ਖੋਲ੍ਹ ਦਿੱਤੇ ਗਏ ਸਨ | ਹੁਣ ਕਿਸਾਨ ਫਿਰ ਲੰਮੇ ਸਮੇਂ ਤੋਂ ਆਪਣੀ ਅਦਾਇਗੀ ਦੀ ਉਡੀਕ ਕਰ ਰਹੇ ਹਨ | 18 ਨਵੰਬਰ ਦੀ ਮਿਆਦ ਨੇੜੇ ਆਉਣ ਕਾਰਨ ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਹਨ ਕਿ ਕੀ ਇਸ ਕਾਰਵਾਈ ਨਾਲ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਦੇ ਪੈਸੇ ਮਿਲ ਸਕਣਗੇ |





