ਦੋਹਾ : 15 ਸਾਲਾ ਵੈਭਵ ਸੂਰੀਆਵੰਸ਼ੀ ਨੇ ਅਜਿਹਾ ਤੂਫਾਨ ਲਿਆਂਦਾ ਕਿ ਕਈ ਵਿਸ਼ਵ ਰਿਕਾਰਡ ਇੱਕੋ ਪਾਰੀ ਵਿੱਚ ਤੋੜ ਦਿੱਤੇ | ਉਸ ਨੇ ਰਾਈਜ਼ਿੰਗ ਸਟਾਰਜ਼ ਏਸ਼ੀਆ ਕੱਪ ਵਿੱਚ ਯੂ ਏ ਈ ਖਿਲਾਫ ਖੇਡਦਿਆਂ ਮਹਿਜ਼ 52 ਗੇਂਦਾਂ ਵਿੱਚ ਦੋਹਰਾ ਸੈਂਕੜਾ ਪੂਰਾ ਕਰਕੇ ਲਿਸਟ-ਏ ਕਿ੍ਕਟ ਵਿੱਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਾਉਣ ਦਾ ਰਿਕਾਰਡ ਆਪਣੇ ਨਾਂਅ ਕਰ ਲਿਆ | ਉਸ ਨੇ 53 ਗੇਂਦਾਂ ਵਿੱਚ 204 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ | ਵੈਭਵ ਨੇ 28 ਛੱਕੇ ਮਾਰੇ | ਇਸ ਦੇ ਨਾਲ ਹੀ ਉਸ ਨੇ ਲਿਸਟ-ਏ ਕਿ੍ਕਟ ਦੀ ਇਕ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਵਿਸ਼ਵ ਰਿਕਾਰਡ ਵੀ ਬਣਾ ਦਿੱਤਾ | ਉਸ ਦੀ ਪਾਰੀ ਵਿੱਚ ਚੌਕਿਆਂ ਨਾਲੋਂ ਛੱਕਿਆਂ ਦੀ ਗਿਣਤੀ ਕਿਤੇ ਵੱਧ ਰਹੀ | ਇਸ ਤੋਂ ਪਹਿਲਾਂ ਉਸ ਨੇ ਸਿਰਫ 28 ਗੇਂਦਾਂ ਵਿੱਚ ਸੈਂਕੜਾ ਅਤੇ 40 ਗੇਂਦਾਂ ਵਿੱਚ 150 ਦੌੜਾਂ ਪੂਰੀਆਂ ਕਰਕੇ ਵੀ ਵਿਸ਼ਵ ਰਿਕਾਰਡ ਬਣਾਏ | ਯੂ ਏ ਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 249 ਦੌੜਾਂ ਬਣਾਈਆਂ ਸਨ | ਭਾਰਤ-ਏ ਨੂੰ ਜਿੱਤ ਲਈ 250 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਹਾਸਲ ਕਰਨ ਲਈ ਵੈਭਵ ਨੇ ਸ਼ੁਰੂ ਤੋਂ ਹੀ ਹਮਲਾਵਰ ਬੱਲੇਬਾਜ਼ੀ ਕੀਤੀ | ਉਸ ਨੇ ਸਿਰਫ 16 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ |
ਲਿਸਟ-ਏ ਕਿ੍ਕਟ ਵਿੱਚ ਸਭ ਤੋਂ ਤੇਜ਼ ਸੈਂਕੜਾ ਲਾਉਣ ਦਾ ਰਿਕਾਰਡ ਆਸਟਰੇਲੀਆ ਦੇ ਜੇਕ ਫਰੇਜ਼ਰ ਮੈਕਗੁਰਕ ਦੇ ਨਾਂਅ ਸੀ | ਉਸ ਨੇ 2023 ਵਿੱਚ ਦੱਖਣੀ ਆਸਟਰੇਲੀਆ ਵੱਲੋਂ ਖੇਡਦਿਆਂ ਤਸਮਾਨੀਆ ਖਿਲਾਫ 29 ਗੇਂਦਾਂ ਵਿੱਚ ਸੈਂਕੜਾ ਲਾਇਆ ਸੀ | ਭਾਰਤੀ ਖਿਡਾਰੀਆਂ ਵਿੱਚ ਇਸ ਤੋਂ ਪਹਿਲਾਂ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਬਿਹਾਰ ਦੇ ਸਾਕਿਬੁਲ ਗਨੀ ਦੇ ਨਾਂਅ ਸੀ, ਜਿਸ ਨੇ ਪਿਛਲੇ ਸਾਲ ਅਰੁਣਾਚਲ ਪ੍ਰਦੇਸ਼ ਖਿਲਾਫ 32 ਗੇਂਦਾਂ ਵਿੱਚ ਸੈਂਕੜਾ ਬਣਾਇਆ ਸੀ | ਸੂਰੀਆਵੰਸ਼ੀ ਨੇ 17 ਛੱਕੇ ਮਾਰ ਕੇ ਲਿਸਟ-ਏ ਕਿ੍ਕਟ ਦੀ ਇਕ ਪਾਰੀ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਭਾਰਤੀ ਬੱਲੇਬਾਜ਼ ਦਾ ਰਿਕਾਰਡ ਵੀ ਆਪਣੇ ਨਾਂਅ ਕਰ ਲਿਆ | ਇਸ ਤੋਂ ਪਹਿਲਾਂ ਇਹ ਰਿਕਾਰਡ ਰੋਹਿਤ ਸ਼ਰਮਾ ਅਤੇ ਰਿਤੂਰਾਜ ਗਾਇਕਵਾੜ ਦੇ ਨਾਂਅ ਸਾਂਝੇ ਤੌਰ ‘ਤੇ ਸੀ | ਦੋਵਾਂ ਨੇ ਇਕ ਪਾਰੀ ਵਿੱਚ 16-16 ਛੱਕੇ ਮਾਰੇ ਸਨ | ਉਸ ਨੇ ਸਿਰਫ 40 ਗੇਂਦਾਂ ਵਿੱਚ 150 ਦੌੜਾਂ ਦਾ ਅੰਕੜਾ ਵੀ ਪਾਰ ਕਰ ਲਿਆ | ਇਸ ਤਰ੍ਹਾਂ ਉਸ ਨੇ ਲਿਸਟ-ਏ ਕਿ੍ਕਟ ਵਿੱਚ ਸਭ ਤੋਂ ਤੇਜ਼ 150 ਦੌੜਾਂ ਬਣਾਉਣ ਦਾ ਆਪਣਾ ਹੀ ਪੁਰਾਣਾ ਰਿਕਾਰਡ ਹੋਰ ਬਿਹਤਰ ਕਰ ਲਿਆ | ਉਹ ਇਸ ਤੋਂ ਪਹਿਲਾਂ ਵੀ ਇਸ ਫਾਰਮੈਟ ਵਿੱਚ 150 ਤੋਂ ਵੱਧ ਦੌੜਾਂ ਦੀ ਪਾਰੀ ਖੇਡ ਚੁੱਕਾ ਹੈ | ਉਸ ਨੇ ਤਿੰਨ ਮਹੀਨੇ ਪਹਿਲਾਂ ਕੋਲੰਬੋ ਵਿੱਚ ਸ੍ਰੀਲੰਕਾ-ਏ ਖਿਲਾਫ ਤਿਕੋਣੀ ਲੜੀ ਦੇ ਫਾਈਨਲ ਵਿੱਚ ਸਿਰਫ 11 ਗੇਂਦਾਂ ਵਿੱਚ ਅਰਧ ਸੈਂਕੜਾ ਲਾ ਕੇ ਰਿਕਾਰਡ ਬਣਾਇਆ ਸੀ |





