23.9 C
Jalandhar
Sunday, October 1, 2023
spot_img

ਮਾਨ ਵੱਲੋਂ ਕੇਂਦਰੀ ਪੂਲ ’ਚੋਂ ਵਾਧੂ ਬਿਜਲੀ ਲਈ ਕੇਂਦਰੀ ਮੰਤਰੀ ਨੂੰ ਪੱਤਰ

ਚੰਡੀਗੜ੍ਹ (ਗੁਰਜੀਤ ਬਿੱਲਾ)
ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਵਧਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਨੂੰ ਅਪੀਲ ਕੀਤੀ ਕਿ ਭਾਰੀ ਮੰਗ ਨੂੰ ਪੂਰਾ ਕਰਨ ਲਈ ਸੂਬੇ ਨੂੰ ਕੇਂਦਰੀ ਪੂਲ ਵਿੱਚੋਂ ਵਾਧੂ ਬਿਜਲੀ ਮੁਹੱਈਆ ਕੀਤੀ ਜਾਵੇ।
ਕੇਂਦਰੀ ਬਿਜਲੀ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਭਗਵੰਤ ਮਾਨ ਨੇ ਆਗਾਮੀ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਬਿਜਲੀ ਦੀ ਭਾਰੀ ਲੋੜ ਹੋਣ ਦਾ ਮੁੱਦਾ ਚੁੱਕਿਆ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮੁਹੱਈਆ ਕਰਨ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ ਐੱਸ ਪੀ ਸੀ ਐੱਲ) ਲਗਾਤਾਰ ‘ਪੁਸ਼ਪ ਪੋਰਟਲ’ ਉਤੇ ਬਿਜਲੀ ਦੀ ਉਪਲਬਧਤਾ ਉਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾ ਕਿਹਾ ਕਿ ਪਤਾ ਲੱਗਿਆ ਹੈ ਕਿ ਹਾਲ ਦੀ ਘੜੀ ਇਸ ਪੋਰਟਲ ਉਤੇ ਬਿਜਲੀ ਦੀ ਉਪਲੱਬਧਤਾ ਅਨਿਸਚਤ ਹੈ ਅਤੇ ਇੱਥੇ ਸਿਰਫ਼ ਥੋੜ੍ਹੇ ਸਮੇਂ ਜਾਂ ਰੋਜ਼ਾਨਾ ਦੇ ਆਧਾਰ ਉਤੇ ਹੀ ਬਿਜਲੀ ਉਪਲੱਬਧ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਵਟਾਂਦਰੇ ਦੀ ਸਾਂਝੀ ਤਬਾਦਲਾ ਸ਼੍ਰੇਣੀ ਰਾਹੀਂ ਬਿਜਲੀ ਦੀ ਪੂਰਤੀ ਦੀ ਭਰੋਸੇਯੋਗਤਾ ਨਾ ਹੋਣ ਕਾਰਨ ਸੂਬੇ ਨੂੰ 15 ਜੂਨ ਤੋਂ 15 ਅਕਤੂਬਰ ਤੱਕ ਦੇ ਸਮੇਂ ਲਈ ਰੋਜ਼ਾਨਾ 24 ਘੰਟੇ ਇਕ ਹਜ਼ਾਰ ਮੈਗਾਵਾਟ ਦੀ ਬਿਜਲੀ ਸਪਲਾਈ ਦੀ ਲੋੜ ਹੈ। ਉਨ੍ਹਾ ਕਿਹਾ ਕਿ ਭਾਰਤੀ ਮੌਸਮ ਵਿਭਾਗ (ਆਈ ਐੱਮ ਡੀ) ਵੱਲੋਂ ਹਾਲ ਹੀ ਵਿੱਚ ਪੰਜਾਬ ਸਣੇ ਪੂਰੇ ਉੱਤਰ-ਪੱਛਮ ਭਾਰਤ ਵਿੱਚ ਘੱਟ ਬਰਸਾਤ ਹੋਣ ਦੀ ਭਵਿੱਖਬਾਣੀ ਨੂੰ ਦੇਖਦਿਆਂ ਵਾਧੂ ਬਿਜਲੀ ਦੀ ਲੋੜ ਹੋਰ ਵਧ ਜਾਂਦੀ ਹੈ। ਮਾਨ ਨੇ ਕਿਹਾ ਕਿ ਖੁਰਾਕ ਸੁਰੱਖਿਆ ਬਾਰੇ ਕੌਮੀ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਝੋਨੇ ਦੀ ਫ਼ਸਲ ਦੀ ਸੁਚਾਰੂ ਤੇ ਬਿਨਾਂ ਕਿਸੇ ਅੜਿੱਕੇ ਤੋਂ ਕਾਸ਼ਤ ਨੂੰ ਲਾਜ਼ਮੀ ਤੌਰ ਉਤੇ ਯਕੀਨੀ ਬਣਾਉਣ ਦੀ ਲੋੜ ਹੈ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਆਰ ਕੇ ਸਿੰਘ ਦੇ ਧਿਆਨ ਵਿੱਚ ਲਿਆਂਦਾ ਕਿ ਉਹ ਸੂਬੇ ਨੂੰ ਕੇਂਦਰੀ ਖ਼ੇਤਰ ਦੇ ਬਿਜਲੀ ਉਤਪਾਦਨ ਸਟੇਸ਼ਨਾਂ ਤੋਂ ਵਾਧੂ ਬਿਜਲੀ ਦਾ ਨਿਰਧਾਰਨ ਕਰਨ। ਪੰਜਾਬ ਨੂੰ ਆਪਣੇ ਤਾਪ ਬਿਜਲੀ ਘਰਾਂ ਲਈ ਪਛਵਾੜਾ (ਕੇਂਦਰੀ) ਕੋਲਾ ਖਾਣ ਤੋਂ ਬਕਾਇਦਾ ਆਧਾਰ ਉਤੇ ਕੋਲੇ ਦੀ ਸਪਲਾਈ ਮਿਲ ਰਹੀ ਹੈ। ਉਹਨਾ ਦੱਸਿਆ ਕਿ ਇਸ ਦੇ ਬਾਵਜੂਦ ਸੂਬੇ ਦੀ ਕੁੱਲ ਬਿਜਲੀ ਉਤਪਦਾਨ ਸਮਰੱਥਾ 6500 ਮੈਗਾਵਾਟ ਹੈ, ਜਦੋਂ ਕਿ ਝੋਨੇ ਦੇ ਸੀਜ਼ਨ ਵੇਲੇ ਇਸ ਮੰਗ ਦੇ 15,500 ਮੈਗਾਵਾਟ ਤੱਕ ਪੁੱਜਣ ਦੀ ਸੰਭਾਵਨਾ ਹੈ। ਉਹਨਾ ਆਖਿਆ ਕਿ ਇਸ ਲਈ ਬਿਜਲੀ ਦੀ ਭਾਰੀ ਮੰਗ ਦੀ ਪੂਰਤੀ ਲਈ ਆਗਾਮੀ ਝੋਨੇ/ ਗਰਮੀਆਂ ਦੇ ਸੀਜ਼ਨ ਦੌਰਾਨ ਪੰਜਾਬ ਨੂੰ ਕੇਂਦਰੀ ਸਹਾਇਤਾ ਦੀ ਲੋੜ ਹੈ। ਇਕ ਹੋਰ ਮਸਲਾ ਚੁੱਕਦਿਆਂ ਉਨ੍ਹਾ ਕਿਹਾ ਕਿ ਬਿਜਲੀ ਮੰਤਰਾਲੇ ਨੇ 20 ਫਰਵਰੀ ਨੂੰ ਦਰਾਮਦ ਕੋਲਾ ਆਧਾਰਤ ਪਲਾਂਟਾਂ ਲਈ ਬਿਜਲੀ ਐਕਟ 2003 ਦੀ ਧਾਰਾ 1 ਨੂੰ ਲਾਗੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ ਅਤੇ ਇਹ 15 ਜੂਨ ਤੱਕ ਲਾਗੂ ਰਹਿਣੀਆਂ ਹਨ। ਉਹਨਾ ਕਿਹਾ ਕਿ ਗਰਮੀਆਂ ਦੇ ਆ ਰਹੇ ਸੀਜ਼ਨ ਕਾਰਨ ਸੀ ਜੀ ਪੀ ਐੱਲ ਮੁੰਦਰਾ ਵਿੱਚ ਸਾਡੇ 475 ਮੈਗਾਵਾਟ ਦੇ ਹਿੱਸੇ ਕਾਰਨ ਪੰਜਾਬ ਦੇ ਮਾਮਲੇ ਵਿੱਚ ਇਹ ਹਦਾਇਤਾਂ ਕਾਫ਼ੀ ਮਹੱਤਵਪੂਰਨ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਭਾਰੀ ਮੰਗ ਤੇ ਝੋਨੇ ਦਾ ਸੀਜ਼ਨ 10 ਜੂਨ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਕਾਰਨ ਇਸ ਸਮੇਂ ਦੌਰਾਨ ਸੂਬੇ ਨੂੰ 24 ਘੰਟੇ ਬਿਜਲੀ ਦੀ ਬੇਹੱਦ ਲੋੜ ਹੈ। ਇਸ ਲਈ ਉਨ੍ਹਾਂ ਕੇਂਦਰੀ ਬਿਜਲੀ ਮੰਤਰੀ ਨੂੰ ਇਹ ਹਦਾਇਤਾਂ 15 ਅਕਤੂਬਰ ਤੱਕ ਵਧਾਉਣ ਲਈ ਆਖਿਆ ਤਾਂ ਕਿ ਸਮਾਜ ਦੇ ਹਰੇਕ ਵਰਗ ਦੀਆਂ ਬਿਜਲੀ ਲੋੜਾਂ ਦੀ ਪੂਰਤੀ ਕੀਤੀ ਜਾ ਸਕੇ। ਉਹਨਾ ਕਿਹਾ ਕਿ ਸੂਬੇ ਦੇ ਕਿਸਾਨ ਦੇਸ਼ ਨੂੰ ਖੁਰਾਕ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿਸ ਕਾਰਨ ਕੇਂਦਰ ਸਰਕਾਰ, ਪੰਜਾਬ ਨੂੰ ਨਿਰੰਤਰ ਵਾਧੂ ਬਿਜਲੀ ਸਪਲਾਈ ਜ਼ਰੂਰ ਯਕੀਨੀ ਬਣਾਵੇ ਤਾਂ ਜੋ ਕਿਸਾਨਾਂ ਨੂੰ ਫਾਇਦਾ ਮਿਲ ਸਕੇ।

Related Articles

LEAVE A REPLY

Please enter your comment!
Please enter your name here

Latest Articles