ਪਟਿਆਲਾ : ਪੰਜਾਬ ਸੁਬਰਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵੱਲੋਂ ਮੁਲਾਜ਼ਮਾਂ ਦੇ ਮਹਿਬੂਬ ਆਗੂ ਰਹੇ ਕਾਮਰੇਡ ਸੱਜਣ ਸਿੰਘ ਦੀ ਦੂਸਰੀ ਬਰਸੀ ਨੂੰ ਜ਼ਿਲ੍ਹਾ ਸਦਰ ਮੁਕਾਮਾਂ ’ਤੇ ‘ਮੰਗ ਦਿਵਸ’ ਵਲੋਂ ਮਨਾਇਆ ਗਿਆ ਤੇ ਆਪਣੇ ਆਗੂ ਨੂੰ ਵਿਸ਼ਾਲ ਰੈਲੀਆਂ ਕਰਕੇ ਸ਼ਰਧਾ ਸੁਮਨ ਅਰਪਿਤ ਕੀਤੇ ਗਏ। ਇਸ ਮੌਕੇ ਮੁਲਾਜ਼ਮਾਂ, ਪੈਨਸ਼ਨਰਾਂ, ਕੰਟਰੈਕਟ, ਆਊਟਸੋਰਸ ਤੇ ਹਰ ਪ੍ਰਕਾਰ ਦੇ ਕੱਚੇ ਕਰਮੀਆਂ ਨੂੰ ਪੱਕਾ ਕਰਵਾਉਣ, ਪੰਜਾਬ ਦੇ ਸਰਕਾਰੀ ਤੇ ਅਰਧ-ਸਰਕਾਰੀ ਵਿਭਾਗਾਂ ਵਿੱਚ ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰਨ ਤੇ ਕਾਮਿਆਂ ਨੂੰ ਵਿਭਾਗਾਂ ਵਿੱਚ ਸਿੱਧੇ ਤੌਰ ’ਤੇ ਖਪਾਉਣ ਸਮੇਂ ਤੇ ਦੋ ਦਰਜਨ ਮੰਗਾਂ ਦੇ ਮੈਮੋਰੰਡਮ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੇ ਨਾਵਾਂ ’ਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤੇ ਗਏ ਅਤੇ ਮੰਗ ਕੀਤੀ ਗਈ ਕਿ ਮੰਗਾਂ ਦਾ ਨਿਪਟਾਰਾ ਗੱਲਬਾਤ ਕਰਕੇ ਕੀਤਾ ਜਾਵੇ ਤੇ ਰੈਗੂਲਾਈਜ਼ੇਸ਼ਨ ਸੰਬੰਧੀ ਜਾਰੀ ਨੋਟੀਫਿਕੇਸ਼ਨ ਨੂੰ ਮੁੜ ਸੋਧ ਕੇ ਤੇ ਸਰਲ ਬਣਾ ਕੇ ਜਾਰੀ ਕਰਨ ਦੀ ਮੰਗ ਵੀ ਇਸ ਮੌਕੇ ਕੀਤੀ ਗਈ ਅਤੇ 21 ਜੂਨ ਨੂੰ ਪੰਜਾਬ ਮੰਤਰੀ ਬੋਰਡ ਦਫਤਰ ਮੋਹਾਲੀ ਵਿਖੇ ਧਰਨਾ ਦੇਣ ਤੇ 23 ਜੂਨ ਨੂੰ ਮੈਨੇਜਿੰਗ ਡਾਇਰੈਕਟਰ (ਪਨਸਪ) ਦਫਤਰ ਚੰਡੀਗੜ੍ਹ ਵਿਖੇ ਧਰਨਾ ਦੇ ਕੇ ਰੈਲੀ ਕਰਨ ਦਾ ਐਲਾਨ ਵੀ ਮੁਲਾਜ਼ਮ ਆਗੂ ਦਰਸ਼ਨ ਸਿੰਘ ਲੁਬਾਣਾ ਤੇ ਰਣਜੀਤ ਸਿੰਘ ਰਾਣਵਾਂ ਨੇ ਕੀਤਾ।
ਮਿੰਨੀ ਸਕੱਤਰੇਤ ਵਿਖੇ ਭਾਵੇਂ ਕਿ ਬਰਸਾਤ ਦੇ ਚਲਦਿਆਂ ਆਪਣੇ ਮਹਰੂਮ ਆਗੂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿੱਚ ਕੱਚੇ-ਪੱਕੇ ਮੁਲਾਜ਼ਮ ਤੇ ਪੈਨਸ਼ਨਰ ਸ਼ਾਮਲ ਹੋਏ। ਇਸ ਮੌਕੇ ਟਰੇਡ ਯੂਨੀਅਨ ਦੇ ਕੁੱਲ ਹਿੰਦ ਆਗੂ ਨਿਰਮਲ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਸ਼ਰਧਾਂਜਲੀ ਦੇਣ ਪਹੁੰਚੇ। ਉਹਨਾ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਦਿਨ ਜਦੋਂ ਪੰਜਾਬ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਆਪਣੇ ਮਰਹੂਮ ਨੇਤਾ ਸਾਥੀ ਸੱਜਣ ਸਿੰਘ ਦੀ ਦੂਸਰੀ ਬਰਸੀ ਨੂੰ ਮੰਗ ਦਿਵਸ ਦੇ ਰੂਪ ਵਿੱਚ ਮਨਾਉਂਦੇ ਹੋਏ ਉਹਨਾ ਵੱਲੋਂ 65 ਸਾਲਾਂ ਤੋਂ ਵੱਧ ਸਮਾਂ ਮੁਲਾਜ਼ਮ ਲਹਿਰ ਦੀ ਅਗਵਾਈ ਕਰਦੇ ਹੋਏ ਕੀਤੀਆਂ ਵਿੱਤੀ ਪ੍ਰਾਪਤੀਆਂ ਨੂੰ ਯਾਦ ਕੀਤਾ ਜਾ ਰਿਹਾ ਹੈ। ਸੱਜਣ ਸਿੰਘ ਇੱਕ ਸੂਝਵਾਨ, ਦੂਰ-ਅੰਦੇਸ਼, ਸੁਚੇਤ, ਪ੍ਰਤੀਬੱਧ ਅਤੇ ਸਿਦਕਦਿਲੀ ਨਾਲ ਮੁਲਾਜ਼ਮ ਵਰਗ ਦੀ ਸੇਵਾ ਕਰਨ ਵਾਲੇ ਵੱਡੇ ਕੱਦ ਦੇ ਨੇਤਾ ਸਨ, ਜਿਹਨਾ ਨੂੰ ਮੁਲਾਜ਼ਮ ਵਰਗ ਹਮੇਸ਼ਾ ਯਾਦ ਕਰਦਾ ਰਹੇਗਾ ਅਤੇ ਉਹਨਾ ਵੱਲੋਂ ਸਿਰਜੇ ਇਤਿਹਾਸ ਤੋਂ ਪ੍ਰੇਰਨਾ ਲੈਦੇ ਹੋਏ ਭਵਿੱਖ ਦੀਆਂ ਚੁਣੌਤੀਆਂ ਨਾਲ ਸਿੱਝਣ ਦੇ ਸਮਰੱਥ ਹੋਵੇਗਾ।
ਧਾਲੀਵਾਲ ਨੇ ਵਰਤਮਾਨ ਹਾਲਤਾਂ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਮੁਲਾਜ਼ਮ, ਮਜ਼ਦੂਰ ਅਤੇ ਲੋਕ ਵਿਰੋਧੀ ਕਾਰਪੋਰੇਟ ਘਰਾਣਿਆਂ ਪੱਖੀ ਆਰਥਕ ਨੀਤੀਆਂ ਤਹਿਤ ਮੁਲਾਜ਼ਮ, ਮਜ਼ਦੂਰ ਵਰਗ, ਆਮ ਗਰੀਬ ਲੋਕ, ਕਿਸਾਨ ਅਤੇ ਛੋਟੇ ਦੁਕਾਨਦਾਰਾਂ ਦੀਆਂ ਆਮਦਨਾਂ ਉਪਰ ਭਾਰੀ ਹਮਲਾ ਕੀਤਾ ਜਾ ਰਿਹਾ ਹੈ। ਬੇਰੁਜ਼ਗਾਰੀ, ਗਰੀਬੀ, ਮਹਿੰਗਾਈ, ਭਿ੍ਰਸ਼ਟਾਚਾਰ, ਭਿੰਨਭੇਦ ਆਦਿ ਅਲਾਮਤਾ ਬੇਰੋਕਟੋਕ ਵਧ ਰਹੀਆਂ ਹਨ। ਦੇਸ਼ ਦੇ ਪਬਲਿਕ ਸੈਕਟਰ ਅਤੇ ਸਰਕਾਰੀ ਮਹਿਕਮਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ। ਕਾਰਪੋਰੇਟ ਘਰਾਣੇ ਦੇਸ਼ ਦੀ ਪੂੰਜੀ ਨੂੰ ਸਰਕਾਰ ਦੀਆਂ ਨੀਤੀਆਂ ਤਹਿਤ ਦੋਨੋਂ ਹੱਥੀਂ ਲੁੱਟ ਰਹੇ ਹਨ। ਪੱਕੀਆਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਕੰਟਰੈਕਟ ਅਤੇ ਆਊਟਸੋਰਸ ਸਿਸਟਮ ਦੇ ਤਹਿਤ ਭਰਤੀਆਂ ਕਰਕੇ ਅਣਮਨੁੱਖੀ ਆਰਥਕ ਲੁੱਟ ਕੀਤੀ ਜਾ ਰਹੀ ਹੈ, ਲੇਬਰ ਕਾਨੂੰਨ ਖਤਮ ਕਰ ਦਿੱਤੇ ਗਏ ਹਨ। ਉਹਨਾ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਮੰਗਾਂ ਦਾ ਹੱਲ ਨਹੀਂ ਕਰਦੀ, ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਨਹੀਂ ਕਰ ਰਹੀ। ਠੇਕੇਦਾਰੀ ਸਿਸਟਮ ਅਤੇ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕੀਤੀਆ ਜਾ ਰਹੀਆਂ ਹਨ। ਸ਼ਰਧਾਂਜਲੀ ਦੇਣ ਵਾਲੇ ਆਗੂਆਂ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ, ਗੁਰਦਰਸ਼ਨ ਸਿੰਘ, ਨਾਰੰਗ ਸਿੰਘ, ਸੂਰਜ ਪਾਲ ਯਾਦਵ, ਰਾਮ ਲਾਲ ਰਾਮਾ, ਅਸ਼ੋਕ ਕੁਮਾਰ, ਬਿੱਟੂ, ਰਾਮ ਪ੍ਰਸਾਦ ਸਹੋਤਾ, ਕੁਲਵਿੰਦਰ ਸਿੰਘ, ਰਾਮ ਕਿਸ਼ਨ, ਰਾਜੇਸ਼ ਗੋਲੂ, ਪ੍ਰਕਾਸ਼ ਸਿੰਘ, ਗੌਤਮ ਭਾਰਦਵਾਜ, ਇੰਦਰਪਾਲ ਵਾਲੀਆ, ਜਸਪਾਲ ਮੇਹਰ, ਉਂਕਾਰ ਸਿੰਘ ਦਮਨ, ਮੋਧ ਨਾਥ, ਨਿਸ਼ਾ ਰਾਣੀ, ਅਪਵਿੰਦਰ ਸਿੰਘ ਗੁੱਲੀ, ਰਵਿੰਦਰ ਸੈਣੀ, ਜਗਤਾਰ ਲਾਲ, ਦਰਸ਼ਨ ਘੱਗਾ, ਪ੍ਰਵੀਨ ਨਰੜੂ, ਬਲਬੀਰ ਸਿੰਘ, ਹਰਬੰਸ ਸਿੰਘ, ਸੁਨੀਤਾ ਦੇਵੀ, ਕੁਲਦੀਪ ਸਿੰਘ, ਭਰਪੂਰ ਸਿੰਘ, ਤਰਲੋਚਨ ਮਾੜੂ, ਬਲਵਿੰਦਰ ਸਿੰਘ ਨਾਭਾ, ਤਰਲੋਚਨ ਮੰਡੋਲੀ, ਗੁਰਿੰਦਰ ਗੁਰੀ, ਦਰਸ਼ਨ ਮੁਲੇਵਾਲ, ਅਨਿਲ ਗਾਗਟ, ਜਗਤਾਰ ਬਾਬਾ, ਲਖਵੀਰ ਲੱਕੀ, ਵੇਦ ਪ੍ਰਕਾਸ਼, ਬੰਸੀ ਲਾਲ, ਹਰਨਾਮ ਸਿੰਘ, ਸਤਿਨਰਾਇਣ ਗੋਨੀ, ਸੁਰਜੀਤ ਰਵਾਰੀ, ਮੇਜਰ ਸਿੰਘ, ਹਰਜਿੰਦਰ ਸਿੰਘ, ਸ਼ਿਵ ਚਰਨ ਤੇ ਦਵਿੰਦਰ ਤਿਵਾੜੀ ਆਦਿ ਹਾਜ਼ਰ ਸਨ।