ਰਿਆਧ ’ਚ ਅਮਰੀਕੀ ਅੰਬੈਸੀ ਬਣੀ ਨਿਸ਼ਾਨਾ

0
1

ਤਹਿਰਾਨ : ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਸਥਿਤ ਅਮਰੀਕੀ ਦੂਤਾਵਾਸ ਮੰਗਲਵਾਰ ਸਵੇਰੇ ਈਰਾਨ ਦੇ ਦੋ ਡਰੋਨ ਹਮਲਿਆਂ ਦਾ ਨਿਸ਼ਾਨਾ ਬਣਿਆ। ਸਾਊਦੀ ਰੱਖਿਆ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਹਮਲੇ ਕਾਰਨ ਦੂਤਾਵਾਸ ਦੀ ਇਮਾਰਤ ਵਿੱਚ ਅੱਗ ਲੱਗ ਗਈ ਅਤੇ ਕੁਝ ਮਾਲੀ ਨੁਕਸਾਨ ਹੋਇਆ ਹੈ। ਇਹ ਹਮਲਾ ਸਵੇਰ ਵੇਲੇ ਹੋਇਆ, ਜਦੋਂ ਇਮਾਰਤ ਖਾਲੀ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਿਆਧ ਦੇ ਡਿਪਲੋਮੈਟਿਕ ਕੁਆਰਟਰ ਉੱਪਰ ਕਾਲੇ ਧੂੰਏਂ ਦੇ ਬੱਦਲ ਦੇਖੇ ਗਏ, ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਬੀਤੇ ਦਿਨ ਈਰਾਨ ਨੇ ਖਾੜੀ ਦੇ ਉਨ੍ਹਾਂ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ, ਜਿੱਥੇ ਅਮਰੀਕੀ ਫੌਜੀ ਅੱਡੇ ਮੌਜੂਦ ਹਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਮਰੀਕੀ ਦੂਤਾਵਾਸ ਨੇ ਰਿਆਧ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਲਈ ‘ਸ਼ੈਲਟਰ-ਇਨ-ਪਲੇਸ’ ਦਾ ਨੋਟਿਸ ਜਾਰੀ ਕੀਤਾ ਹੈ ਅਤੇ ਅਗਲੀ ਸੂਚਨਾ ਤੱਕ ਦੂਤਾਵਾਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਉਧਰ ਹਮਲੇ ਦੀ ਨਿੰਦਾ ਕਰਦੇ ਹੋਏ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਈਰਾਨ ਨੂੰ ਸਿੱਧੀ ਚੇਤਾਵਨੀ ਦਿੱਤੀ ਅਤੇ ਜਵਾਬੀ ਕਾਰਵਾਈ ਦੇ ਸੰਕੇਤ ਦਿੰਦਿਆਂ ਕਿਹਾ, ‘ਤੁਹਾਨੂੰ ਜਲਦੀ ਹੀ ਪਤਾ ਲੱਗ ਜਾਵੇਗਾ।’ ਟਰੰਪ ਨੇ ਕਿਹਾ ਕਿ ਭਾਵੇਂ ਈਰਾਨ ਵਿਰੁੱਧ ਫੌਜੀ ਕਾਰਵਾਈ ਲਈ ਚਾਰ ਤੋਂ ਪੰਜ ਹਫ਼ਤਿਆਂ ਦਾ ਸ਼ੁਰੂਆਤੀ ਸਮਾਂ ਮਿੱਥਿਆ ਗਿਆ ਹੈ, ਪਰ ਅਮਰੀਕਾ ਕੋਲ ਇਸ ਤੋਂ ਕਿਤੇ ਜ਼ਿਆਦਾ ਲੰਬੇ ਸਮੇਂ ਤੱਕ ਜੰਗ ਜਾਰੀ ਰੱਖਣ ਦੀ ਪੂਰੀ ਸਮਰੱਥਾ ਹੈ।