ਨਵੀਂ ਦਿੱਲੀ : ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮਨੇਈ ਦੀ ਨਿਸ਼ਾਨਾ ਬਣਾ ਕੇ ਕੀਤੀ ਗਈ ਹੱਤਿਆ ’ਤੇ ਸਰਕਾਰ ਦੀ ਚੁੱਪ ਨਿਰਪੱਖਤਾ ਨਹੀਂ, ਬਲਕਿ ਜ਼ਿੰਮੇਵਾਰੀ ਤੋਂ ਭੱਜਣਾ ਹੈ ਅਤੇ ਇਹ ਭਾਰਤ ਦੀ ਵਿਦੇਸ਼ ਨੀਤੀ ਦੀ ਦਿਸ਼ਾ ਅਤੇ ਭਰੋਸੇਯੋਗਤਾ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
ਕਾਂਗਰਸ ਦੀ ਸਾਬਕਾ ਪ੍ਰਧਾਨ ਨੇ ਇਹ ਮੰਗ ਵੀ ਕੀਤੀ ਕਿ ਜਦੋਂ ਬੱਜਟ ਸੈਸ਼ਨ ਦੇ ਦੂਜੇ ਹਿੱਸੇ ਲਈ ਸੰਸਦ ਦੁਬਾਰਾ ਜੁੜੇ, ਤਾਂ ਅੰਤਰਰਾਸ਼ਟਰੀ ਵਿਵਸਥਾ ਦੇ ਟੁੱਟਣ ’ਤੇ ਸਰਕਾਰ ਦੀ ‘ਪ੍ਰੇਸ਼ਾਨ ਕਰਨ ਵਾਲੀ ਚੁੱਪ’ ’ਤੇ ਖੁੱਲ੍ਹ ਕੇ ਅਤੇ ਬਿਨਾਂ ਕਿਸੇ ਟਾਲ-ਮਟੋਲ ਦੇ ਬਹਿਸ ਹੋਣੀ ਚਾਹੀਦੀ ਹੈ। ‘ਦਿ ਇੰਡੀਅਨ ਐਕਸਪ੍ਰੈਸ’ ਵਿੱਚ ਪ੍ਰਕਾਸ਼ਿਤ ਆਪਣੇ ਲੇਖ ਵਿੱਚ ਗਾਂਧੀ ਨੇ ਕਿਹਾ ਕਿ ਸਾਨੂੰ ਆਪਣੀ ਨੈਤਿਕ ਸ਼ਕਤੀ ਨੂੰ ਮੁੜ ਖੋਜਣ ਅਤੇ ਇਸ ਨੂੰ ਸਪੱਸ਼ਟਤਾ ਅਤੇ ਵਚਨਬੱਧਤਾ ਨਾਲ ਪ੍ਰਗਟ ਕਰਨ ਦੀ ਫੌਰੀ ਲੋੜ ਹੈ। ਉਨ੍ਹਾਂ ਕਿਹਾ ਕਿ 1 ਮਾਰਚ ਨੂੰ ਈਰਾਨ ਨੇ ਪੁਸ਼ਟੀ ਕੀਤੀ ਕਿ ਉਸ ਦੇ ਸੁਪਰੀਮ ਲੀਡਰ ਖਾਮਨੇਈ ਦੀ ਸੰਯੁਕਤ ਰਾਜ ਅਤੇ ਇਜ਼ਰਾਈਲ ਦੁਆਰਾ ਕੀਤੇ ਗਏ ਗਿਣਮਿੱਥ ਕੇ ਹਮਲਿਆਂ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾ ਕਿਹਾ ਕਿ ਚਿੰਤਾ ਇਸ ਗੱਲ ਤੋਂ ਵੀ ਵਧ ਗਈ ਹੈ ਕਿ ਹੱਤਿਆ ਤੋਂ ਮਹਿਜ਼ 48 ਘੰਟੇ ਪਹਿਲਾਂ ਪ੍ਰਧਾਨ ਮੰਤਰੀ ਇਜ਼ਰਾਈਲ ਦੇ ਦੌਰੇ ਤੋਂ ਪਰਤੇ ਸਨ, ਜਿੱਥੇ ਉਨ੍ਹਾਂ ਨੇ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਲਈ ਪੂਰਨ ਸਮਰਥਨ ਦੁਹਰਾਇਆ ਸੀ, ਜਦੋਂ ਕਿ ਗਾਜ਼ਾ ਸੰਘਰਸ਼ ਕਾਰਨ ਦੁਨੀਆ ਭਰ ਵਿੱਚ ਗੁੱਸਾ ਹੈ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਸਈਦ ਅਲੀ ਖਾਮਨੇਈ ਦੀ ਹੱਤਿਆ ’ਤੇ ਬੋਲਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਚੁੱਪੀ ਦੁਨੀਆ ਵਿਚ ਭਾਰਤ ਦੇ ਅਕਸ ਨੂੰ ਘੱਟ ਕਰਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਨੂੰ ਟਕਰਾਅ ’ਤੇ ਨੈਤਿਕ ਤੌਰ ’ਤੇ ਸਪੱਸ਼ਟ ਹੋਣਾ ਚਾਹੀਦਾ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਅਤੇ ਮਨੁੱਖੀ ਜੀਵਨ ਦੀ ਰੱਖਿਆ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ। ਐਕਸ ’ਤੇ ਇਕ ਪੋਸਟ ਵਿਚ ਰਾਹੁਲ ਗਾਂਧੀ ਨੇ ਕਿਹਾ, ‘‘ਭਾਰਤ ਨੂੰ ਨੈਤਿਕ ਤੌਰ ’ਤੇ ਸਪੱਸ਼ਟ ਹੋਣਾ ਚਾਹੀਦਾ ਹੈ। ਸਾਡੇ ਕੋਲ ਅੰਤਰਰਾਸ਼ਟਰੀ ਕਾਨੂੰਨ ਅਤੇ ਮਨੁੱਖੀ ਜੀਵਨ ਦੀ ਰੱਖਿਆ ਵਿਚ ਸਪੱਸ਼ਟ ਤੌਰ ’ਤੇ ਬੋਲਣ ਦੀ ਹਿੰਮਤ ਹੋਣੀ ਚਾਹੀਦੀ ਹੈ। ਸਾਡੀ ਵਿਦੇਸ਼ ਨੀਤੀ ਪ੍ਰਭੂਸੱਤਾ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਵਿਚ ਜੜੀ ਹੋਈ ਹੈ ਅਤੇ ਇਹ ਇਕਸਾਰ ਰਹਿਣੀ ਚਾਹੀਦੀ ਹੈ।’’



