ਈਰਾਨ ਉੱਤੇ ਹਮਲੇ ਤੋਂ ਐਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦਾ ਦੌਰਾ ਕੀਤਾ ਤੇ ਉੱਥੇ ਆਪਣੀ ਤਕਰੀਰ ਵਿੱਚ ਕਿਹਾ ਕਿ ਉਹ ਇਜ਼ਰਾਈਲ ਦੀ ਤਕਨੀਕ ਨੂੰ ਭਾਰਤ ਦੇ ਪਿੰਡ-ਪਿੰਡ ਤੱਕ ਪਹੁੰਚਾਉਣਗੇ। ਜੰਗ ਦੇ ਮੰਡਰਾਉਦੇ ਬੱਦਲਾਂ ਦਰਮਿਆਨ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਆਗੂ ਵਜੋਂ ਗੌਤਮ ਬੁੱਧ ਤੇ ਮਹਾਤਮਾ ਬੁੱਧ ਦੇ ਸੰਦੇਸ਼ ਦੀ ਗੱਲ ਕਰਨ ਦੀ ਥਾਂ ਉਨ੍ਹਾ ਇਜ਼ਰਾਈਲੀ ਤਕਨੀਕ ਦੀ ਗੱਲ ਕੀਤੀ। ਕੀ ਉਹ ਇਜ਼ਰਾਈਲ ਦੀ ਉਸ ਤਕਨੀਕ ਨੂੰ ਭਾਰਤ ਦੇ ਪਿੰਡ-ਪਿੰਡ ਪਹੁੰਚਾਉਣਾ ਚਾਹੁੰਦੇ ਹਨ, ਜਿਸ ਤਕਨੀਕ ਨਾਲ ਇਜ਼ਰਾਈਲ ਨੇ ਈਰਾਨ ’ਤੇ ਹਮਲੇ ਦੇ ਪਹਿਲੇ ਦਿਨ ਇੱਕ ਸਕੂਲ ਨੂੰ ਨਿਸ਼ਾਨਾ ਬਣਾ ਕੇ 100 ਤੋਂ ਵੱਧ ਬੇਕਸੂਰ ਵਿਦਿਆਰਥੀਆਂ ਨੂੰ ਮਾਰ ਦਿੱਤਾ। ਜੰਗ ਦਰਮਿਆਨ ਇਹ ਸਵਾਲ ਬਹੁਤ ਤੇਜ਼ੀ ਨਾਲ ਉੱਭਰ ਰਿਹਾ ਹੈ ਕਿ ਮੋਦੀ ਨੂੰ ਇਜ਼ਰਾਈਲ ਜਾਣ ਦੀ ਲੋੜ ਕੀ ਸੀ? ਐਵਾਰਡ ਲੈਣ ਦੀ ਮੋਦੀ ਦੀ ਮਾਨਸਿਕਤਾ ਅਜਿਹੀ ਹੈ, ਜਿਵੇਂ ਸਕੂਲੀ ਬੱਚੇ ਵਰਦੀ ਪਾ ਕੇ ਉਤਾਵਲੇਪਣ ਨਾਲ ਸਟੇਜ ’ਤੇ ਪੁੱਜ ਜਾਂਦੇ ਹਨ। ਇਹ ਸਵਾਲ ਇਸ ਲਈ ਵੀ ਉੱਭਰਿਆ ਹੈ ਕਿ ਮੋਦੀ ਦੇ ਵਾਪਸ ਆਉਦੇ ਹੀ ਅਮਰੀਕਾ ਤੇ ਇਜ਼ਰਾਈਲ ਨੇ ਮਿਲ ਕੇ ਈਰਾਨ ’ਤੇ ਹਮਲਾ ਕਰ ਦਿੱਤਾ ਤੇ ਉਸ ਦੇ ਆਗੂ ਆਇਤੁੱਲ੍ਹਾ ਖਾਮਨੇਈ ਨੂੰ ਮਾਰ ਦਿੱਤਾ। ਮੋਦੀ ਨੇ ਈਰਾਨ ਨਾਲ ਜ਼ਰਾ ਜਿੰਨੀ ਹਮਦਰਦੀ ਨਹੀਂ ਜਤਾਈ, ਜਦਕਿ ਈਰਾਨ ਸਾਡਾ ਰਵਾਇਤੀ ਦੋਸਤ ਰਿਹਾ ਹੈ।
ਮੋਦੀ ਨੇ ਪਹਿਲਾਂ ਰੂਸ ਤੋਂ ਤੇਲ ਖਰੀਦਣਾ ਬੰਦ ਕਰਕੇ ਉਸ ਨਾਲ ਨਾਰਾਜ਼ਗੀ ਮੁੱਲ ਲਈ ਤੇ ਹੁਣ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਫੋਨ ਕਰਕੇ ਈਰਾਨ ਨਾਲ ਨਾਰਾਜ਼ਗੀ ਮੁੱਲ ਲੈ ਲਈ ਹੈ। ਉਹ ਉਸ ਅਮਰੀਕਾ ਨਾਲ ਖੜ੍ਹੇ ਨਜ਼ਰ ਆ ਰਹੇ ਹਨ, ਜਿਹੜਾ ਕਦੇ ਭਾਰਤ ਦਾ ਨਹੀਂ ਹੋਇਆ ਤੇ ਪਾਕਿਸਤਾਨ ਦੀ ਮਦਦ ਕਰਕੇ ਭਾਰਤ ਨੂੰ ਬੇਇੱਜ਼ਤ ਕਰਦਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੁਨੀਆ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਈਰਾਨ ਕੋਲ ਪ੍ਰਮਾਣੂੰ ਸ਼ਕਤੀ ਹੋਣ ਨਾਲ ਖਤਰਾ ਹੈ, ਤਾਂ ਫਿਰ ਪਾਕਿਸਤਾਨ ਕੋਲ ਪ੍ਰਮਾਣੂੰ ਸ਼ਕਤੀ ਕੀ ਦੁਨੀਆ ਵਿੱਚ ਸ਼ਾਂਤੀ ਫੈਲਾਉਣ ਲਈ ਹੈ? ਹਕੀਕਤ ਇਹ ਹੈ ਕਿ ਪ੍ਰਮਾਣੂੰ ਸ਼ਕਤੀ ਅਮਰੀਕਾ ਕੋਲ ਹੋਣ ਨਾਲ ਦੁਨੀਆ ਨੂੰ ਸਭ ਤੋਂ ਵੱਧ ਖਤਰਾ ਹੈ। ਅਮਰੀਕਾ ਨੇ ਹੀ ਦੂਜੀ ਸੰਸਾਰ ਜੰਗ ਵਿੱਚ ਜਾਪਾਨ ਦੇ ਨਾਗਾਸਾਕੀ ਤੇ ਹੀਰੋਸ਼ੀਮਾ ’ਤੇ ਪ੍ਰਮਾਣੂੰ ਹਮਲਾ ਕੀਤਾ ਸੀ। ਦਰਅਸਲ ਟਰੰਪ ਦੀ ਨਿਗਾਹ ਤੇਲ ਖੂਹਾਂ ’ਤੇ ਹੈ। ਇਰਾਕ ’ਤੇ ਹਮਲੇ ਲਈ ਅਮਰੀਕਾ ਨੇ ਜਿਹੜੇ ਦੋਸ਼ ਲਾਏ ਸਨ, ਉਹ ਝੂਠੇ ਸਾਬਤ ਹੋਏ ਸਨ। ਵੈਨੇਜ਼ੁਏਲਾ ’ਤੇ ਉਸ ਨੇ ਜਿਸ ਤਰ੍ਹਾਂ ਕਬਜ਼ਾ ਕੀਤਾ, ਉਹ ਤੇਲ ਲਈ ਹੀ ਕੀਤਾ। ਮੋਦੀ ਹੀ ਨਹੀਂ, ਪੂਰੀ ਦੁਨੀਆ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਈਰਾਨ ’ਤੇ ਅਮਰੀਕਾ ਦਾ ਕਬਜ਼ਾ ਹੋ ਗਿਆ ਤਾਂ ਟਰੰਪ ਸਾਰੇ ਦੇਸ਼ਾਂ ਦੀਆਂ ਗੋਡਣੀਆਂ ਲੁਆਏਗਾ। ਸਭ ਤੋਂ ਵੱਧ ਦਿੱਕਤ ਭਾਰਤ ਨੂੰ ਹੋਵੇਗੀ, ਕਿਉਕ ਮਹਿੰਗਾ ਤੇਲ ਦੇਣ ਦੇ ਨਾਂਅ ’ਤੇ ਟਰੰਪ ਦੁਨੀਆ ਦੇ ਦੇਸ਼ਾਂ ਨੂੰ ਬਲੈਕਮੇਲ ਕਰੇਗਾ। ਮੋਦੀ ਵੱਲੋਂ ਰੂਸ ਤੇ ਈਰਾਨ ਨੂੰ ਨਾਰਾਜ਼ ਕਰਕੇ ਟਰੰਪ ਤੇ ਨੇਤਨਯਾਹੂ ਨਾਲ ਜੱਫੀਆਂ ਪਾਉਣੀਆਂ ਭਾਰਤ ਨੂੰ ਬਹੁਤ ਮਹਿੰਗੀਆਂ ਪੈ ਸਕਦੀਆਂ ਹਨ। ਮੋਦੀ ਨਿੱਜੀ ਫੈਸਲੇ ਕਰਕੇ ਦੇਸ਼ ਦੀ ਪ੍ਰਭੂਸੱਤਾ ਨਾਲ ਖਿਲਵਾੜ ਕਰ ਰਹੇ ਹਨ। ਟਰੰਪ ਲਗਾਤਾਰ ਭਾਰਤ ਦੀ ਬੇਇੱਜ਼ਤੀ ਕਰ ਰਹੇ ਹਨ ਤੇ ਮੋਦੀ ਚੁੱਪ ਹਨ। ਮੋਦੀ ਕਮਜ਼ੋਰ ਪ੍ਰਧਾਨ ਮੰਤਰੀ ਸਾਬਤ ਹੋ ਰਹੇ ਹਨ। ਚਾਹੇ ਪਾਕਿਸਤਾਨ ਨਾਲ ਜੰਗਬੰਦੀ ਦਾ ਮਾਮਲਾ ਹੋਵੇ, ਵਪਾਰ ਸਮਝੌਤੇ ਵਿੱਚ ਅਮਰੀਕੀ ਕਿਸਾਨਾਂ ਲਈ ਭਾਰਤ ਦਾ ਖੇਤੀ ਬਾਜ਼ਾਰ ਖੋਲ੍ਹਣ ਦਾ ਮਾਮਲਾ ਹੋਵੇ ਜਾਂ ਫਿਰ ਈਰਾਨ ’ਤੇ ਹਮਲੇ ਵੇਲੇ ਉਸ ਦਾ ਸਾਥ ਛੱਡਣ ਦਾ, ਇਹ ਭਾਰਤ ਤੇ ਇਸ ਦੇ ਲੋਕਾਂ ਨੂੰ ਨੁਕਸਾਨ ਹੀ ਪਹੁੰਚਾਏਗਾ। ਭਾਰਤ ਦੀ ਨੀਤੀ ਹਮੇਸ਼ਾ ਮਜ਼ਲੂਮਾਂ ਨਾਲ ਖੜ੍ਹਨ ਦੀ ਰਹੀ ਹੈ ਤੇ ਮੋਦੀ ਨੇ ਉਸ ਵਿਰਸੇ ਨੂੰ ਤਿਆਗ ਦਿੱਤਾ ਹੈ।



