ਅਮੀਸ਼ਾ ਪਟੇਲ ਨੇ ਕੀਤਾ ਰਾਂਚੀ ਕੋਰਟ ’ਚ ਆਤਮ-ਸਮਰਪਣ

0
206

ਰਾਂਚੀ : ਬਾਲੀਵੁਡ ਅਦਾਕਾਰਾ ਅਮੀਸ਼ਾ ਪਟੇਲ ਧੋਖਾਧੜੀ ਦੇ ਇੱਕ ਮਾਮਲੇ ’ਚ ਪੇਸ਼ ਹੋਣ ਲਈ ਸ਼ਨੀਵਾਰ ਰਾਂਚੀ ਸਿਵਲ ਕੋਰਟ ਪਹੁੰਚੀ, ਜਿਸ ਤੋਂ ਬਾਅਦ ਅਭਿਨੇਤਰੀ ਨੇ ਆਤਮ-ਸਮਰਪਣ ਕਰ ਦਿੱਤਾ। ਫਿਲਮ ਅਭਿਨੇਤਰੀ ਅਮੀਸ਼ਾ ਪਟੇਲ ਅਤੇ ਉਸ ਦੇ ਕਾਰੋਬਾਰੀ ਸਾਥੀ ਕੁਨਾਲ ਗੁਮਰ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ’ਤੇ ਪੈਸੇ ਲੈ ਕੇ ਮਿਊਜ਼ਿਕ ਐਲਬਮ ਨਾ ਬਣਾਉਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਉਸ ’ਤੇ ਧੋਖਾਧੜੀ ਅਤੇ ਧਮਕਾਉਣ ਦਾ ਵੀ ਦੋਸ਼ ਹੈ। ਇਸ ਮਾਮਲੇ ’ਚ ਰਾਂਚੀ ਸਿਵਲ ਕੋਰਟ ਨੇ ਅਭਿਨੇਤਰੀ ਨੂੰ ਅਦਾਲਤ ’ਚ ਪੇਸ਼ ਹੋਣ ਲਈ ਕਿਹਾ ਸੀ, ਪਰ ਉਹ ਅਦਾਲਤ ’ਚ ਪੇਸ਼ ਨਹੀਂ ਹੋਈ, ਜਿਸ ਤੋਂ ਬਾਅਦ ਅਦਾਲਤ ਨੇ ਉਸ ਖਿਲਾਫ ਵਾਰੰਟ ਜਾਰੀ ਕੀਤਾ। ਅਦਾਲਤ ’ਚ ਪੇਸ਼ ਹੋਣ ਤੋਂ ਬਾਅਦ ਅਮੀਸ਼ਾ ਨੂੰ 21 ਜੂਨ ਤੱਕ ਸ਼ਰਤੀਆ ਜ਼ਮਾਨਤ ਮਿਲ ਗਈ। ਇਸ ਮਾਮਲੇ ਦੀ ਅਗਲੀ ਸੁਣਵਾਈ 21 ਜੂਨ ਨੂੰ ਹੋਵੇਗੀ। ਅਦਾਲਤ ਨੇ ਅਮੀਸ਼ਾ ਨੂੰ ਵੀ ਹਾਜ਼ਰ ਹੋਣ ਦਾ ਹੁਕਮ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਅਰਗੋੜਾ ਦੇ ਰਹਿਣ ਵਾਲੇ ਅਜੈ ਕੁਮਾਰ ਸਿੰਘ ਨੇ ਇਹ ਮਾਮਲਾ 17 ਨਵੰਬਰ 2018 ਨੂੰ ਸੀ ਜੇ ਐੱਮ ਕੋਰਟ ਵਿੱਚ ਕੀਤਾ ਸੀ। ਇਲਜ਼ਾਮ ਹੈ ਕਿ ਅਮੀਸ਼ਾ ਪਟੇਲ ਨੇ ਮਿਊਜ਼ਿਕ ਮੇਕਿੰਗ ਦੇ ਨਾਂਅ ’ਤੇ ਅਜੈ ਕੁਮਾਰ ਸਿੰਘ ਤੋਂ 2.5 ਕਰੋੜ ਰੁਪਏ ਲਏ, ਪਰ ਇਸ ਤੋਂ ਬਾਅਦ ਉਸ ਨੇ ਮਿਊਜ਼ਿਕ ਮੇਕਿੰਗ ਵੱਲ ਕੋਈ ਕਦਮ ਨਹੀਂ ਚੁੱਕਿਆ। ਇਸ ਦੇ ਨਾਲ ਹੀ ਅਮੀਸ਼ਾ ’ਤੇ ਫਿਲਮ ‘ਦੇਸ਼ ਮੈਜਿਕ’ ਬਣਾਉਣ ਦੇ ਨਾਂਅ ’ਤੇ ਅਜੈ ਸਿੰਘ ਤੋਂ 2.5 ਕਰੋੜ ਰੁਪਏ ਵਸੂਲਣ ਦਾ ਦੋਸ਼ ਹੈ। ਸਮਝੌਤੇ ਮੁਤਾਬਕ ਜਦੋਂ ਫਿਲਮ ਜੂਨ 2018 ’ਚ ਰਿਲੀਜ਼ ਨਾ ਹੋਈ ਤਾਂ ਅਜੈ ਨੇ ਪੈਸਿਆਂ ਦੀ ਮੰਗ ਕੀਤੀ। ਅਮੀਸ਼ਾ ਦੀ ਤਰਫੋਂ ਦੇਰੀ ਤੋਂ ਬਾਅਦ ਅਕਤੂਬਰ 2018 ’ਚ ਅਜੈ ਸਿੰਘ ਨੂੰ 2.5 ਕਰੋੜ ਅਤੇ 50 ਲੱਖ ਰੁਪਏ ਦੇ ਦੋ ਚੈੱਕ ਦਿੱਤੇ ਗਏ, ਜੋ ਬਾਊਂਸ ਹੋ ਗਏ। ਇਸ ਤੋਂ ਬਾਅਦ ਅਜੈ ਸਿੰਘ ਨੇ ਅਦਾਕਾਰਾ ’ਤੇ ਮੁਕੱਦਮਾ ਕਰ ਦਿੱਤਾ।

LEAVE A REPLY

Please enter your comment!
Please enter your name here