ਲਾਈਨਮੈਨ ਰਿਸ਼ਵਤ ਦੇ ਦੋਸ਼ ’ਚ ਫੜਿਆ

0
181

ਫਾਜ਼ਿਲਕਾ (ਪਰਮਜੀਤ ਢਾਬਾਂ)- ਪੰਜਾਬ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਖੂਈ ਖੇੜਾ ਵਿਖੇ ਤਾਇਨਾਤ ਪੀ ਐੱਸ ਪੀ ਸੀ ਐੱਲ ਦੇ ਲਾਈਨਮੈਨ ਮਹਿੰਦਰ ਕੁਮਾਰ ਨੂੰ 40000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਪ੍ਰਦੀਪ ਕੁਮਾਰ ਵਾਸੀ ਪਿੰਡ ਬਾਜੀਦਪੁਰ ਕੱਟਿਆਂਵਾਲੀ, ਜੋ ਆਪਣੇ ਪਿੰਡ ਵਿੱਚ ਬਾਲਾਜੀ ਮਿਲਕ ਸੈਂਟਰ ਚਲਾਉਂਦਾ ਹੈ, ਦੀ ਸ਼ਿਕਾਇਤ ਉਤੇ ਇਹ ਗਿ੍ਰਫ਼ਤਾਰੀ ਕੀਤੀ ਗਈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਨੇ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਦੇ ਫਾਜ਼ਿਲਕਾ ਯੂਨਿਟ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਲਾਈਨਮੈਨ ਮਹਿੰਦਰ ਕੁਮਾਰ ਨੇ ਬਾਲਾਜੀ ਮਿਲਕ ਸੈਂਟਰ ਦੇ ਅਪਰੈਲ 2023 ਮਹੀਨੇ ਵਿੱਚ 73,790 ਰੁਪਏ ਦੇ ਆਏ ਬਿਜਲੀ ਬਿੱਲ ਦਾ ਨਿਪਟਾਰਾ ਕਰਨ ਬਦਲੇ ਰਿਸ਼ਵਤ ਵਜੋਂ 40,000 ਰੁਪਏ ਦੀ ਮੰਗ ਕੀਤੀ ਸੀ। ਉਸ ਨੂੰ ਇਸ ਤੋਂ ਪਹਿਲਾਂ ਫਰਵਰੀ ਮਹੀਨੇ 52,360 ਰੁਪਏ ਬਿਜਲੀ ਦਾ ਬਿੱਲ ਆਇਆ ਸੀ ਅਤੇ ਲਾਈਨਮੈਨ ਨੇ ਇਸ ਬਿਜਲੀ ਦੇ ਬਿੱਲ ਨੂੰ ਠੀਕ ਕਰਵਾਉਣ ਬਦਲੇ ਉਸ ਤੋਂ 21,000 ਰੁਪਏ ਲਏ ਸਨ, ਪਰ ਜਦੋਂ ਉਸ ਦਾ ਅਪਰੈਲ ਮਹੀਨੇ ਦਾ ਬਿਜਲੀ ਦਾ ਬਿੱਲ 73,790 ਰੁਪਏ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਇਸ ਵਿੱਚ ਫਰਵਰੀ ਮਹੀਨੇ ਦਾ ਬਿੱਲ ਵੀ ਜੋੜਿਆ ਹੋਇਆ ਸੀ। ਇਸ ਲਈ ਉਸ ਨੇ ਦੁਬਾਰਾ ਲਾਈਨਮੈਨ ਨਾਲ ਸੰਪਰਕ ਕੀਤਾ ਤਾਂ ਲਾਈਨਮੈਨ ਨੇ ਉਸ ਤੋਂ ਹੋਰ 40,000 ਰੁਪਏ ਦੀ ਮੰਗ ਕੀਤੀ। ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਲਾਈਨਮੈਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ’ਤੇ ਹੀ ਕਾਬੂ ਕਰ ਲਿਆ। ਉਸ ਖਿਲਾਫ਼ ਥਾਣਾ ਵਿਜੀਲੈਂਸ ਫਿਰੋਜ਼ਪੁਰ ਰੇਂਜ ਵਿਖੇ ਭਿ੍ਰਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here