ਮੋਦੀ ਨੇ ਬਾਇਡਨ ਨੂੰ ਪੰਜਾਬ ਦਾ ਘਿਓ, ਮਹਾਰਾਸ਼ਟਰ ਦਾ ਗੁੜ ਤੇ ਗੁਜਰਾਤ ਦਾ ਲੂਣ ਦਿੱਤਾ

0
176

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਪ੍ਰਥਮ ਮਹਿਲਾ ਜਿੱਲ ਬਾਇਡਨ ਨੇ ਵ੍ਹਾਈਟ ਹਾਊਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਉਨ੍ਹਾਂ ਕਈ ਵਿਸ਼ਿਆਂ ’ਤੇ ਚਰਚਾ ਕੀਤੀ, ਇਕ-ਦੂਜੇ ਨੂੰ ਤੋਹਫੇ ਦਿੱਤੇ ਅਤੇ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਸੰਗੀਤ ਦਾ ਆਨੰਦ ਮਾਣਿਆ। ਵ੍ਹਾਈਟ ਹਾਊਸ ’ਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਤਸਵੀਰਾਂ ਖਿਚਵਾਈਆਂ ਅਤੇ ਗੱਲਬਾਤ ਕਰਦੇ ਵੀ ਨਜ਼ਰ ਆਏ। ਸਭ ਤੋਂ ਪਹਿਲਾਂ ਮੋਦੀ ਨੇ ਜਿੱਲ ਬਾਇਡਨ ਨੂੰ 7.5 ਕੈਰੇਟ ਦਾ ਹਰਾ ਹੀਰਾ ਦਿੱਤਾ। ਇਹ ਪ੍ਰਯੋਗਸਾਲਾ ’ਚ ਵਿਕਸਤ ਕੀਤਾ ਗਿਆ ਸੀ। ਇਸ ਹੀਰੇ ਨੂੰ ਕਿਸੇ ਵੀ ਆਮ ਬਕਸੇ ’ਚ ਨਹੀਂ ਰੱਖਿਆ ਜਾ ਸਕਦਾ, ਸਗੋਂ ਇਸ ਦੇ ਲਈ ਇੱਕ ਬਹੁਤ ਹੀ ਸੁੰਦਰ ਬਕਸਾ ਤਿਆਰ ਕੀਤਾ ਗਿਆ ਹੈ। ਇਸ ਬਕਸੇ ਨੂੰ ਕਾਰ-ਏ-ਕਲਮਦਾਨੀ ਵੀ ਕਿਹਾ ਜਾਂਦਾ ਹੈ।
ਇਸ ਤੋਂ ਬਾਅਦ ਮੋਦੀ ਨੇ ਰਾਸ਼ਟਰਪਤੀ ਬਾਇਡਨ ਨੂੰ ਚੰਦਨ ਦਾ ਵਿਸ਼ੇਸ਼ ਡੱਬਾ ਭੇਟ ਕੀਤਾ। ਇਹ ਜੈਪੁਰ ਦੇ ਕਾਰੀਗਰ ਦੁਆਰਾ ਬਣਾਇਆ ਗਿਆ ਹੈ। ਇਸ ਵਿੱਚ ਮੈਸੂਰ ਤੋਂ ਪ੍ਰਾਪਤ ਚੰਦਨ ਦੀ ਲੱਕੜ ’ਚ ਬਨਸਪਤੀ ਅਤੇ ਜੀਵ-ਜੰਤੂਆਂ ਦੇ ਨਮੂਨੇ ਗੁੰਝਲਦਾਰ ਢੰਗ ਨਾਲ ਉੱਕਰੇ ਹੋਏ ਹਨ। ਡੱਬੇ ਦੇ ਅੰਦਰ ਕਈ ਅਜਿਹੀਆਂ ਵਸਤੂਆਂ ਹਨ, ਜੋ ਭਾਰਤੀ ਸੱਭਿਆਚਾਰ ਲਈ ਬਹੁਤ ਖਾਸ ਹਨ।
ਇਸ ਬਕਸੇ ਦੇ ਅੰਦਰ ਭਗਵਾਨ ਗਣੇਸ਼ ਦੀ ਮੂਰਤੀ ਹੈ। ਇਸ ਮੂਰਤੀ ਨੂੰ ਕੋਲਕਾਤਾ ਦੇ ਪੰਜਵੀਂ ਪੀੜ੍ਹੀ ਦੇ ਚਾਂਦੀ ਦੇ ਕਾਰੀਗਰਾਂ ਦੇ ਪਰਵਾਰ ਵੱਲੋਂ ਬਣਾਇਆ ਗਿਆ ਹੈ। ਇਸ ਵਿਚ ਇਕ ਦੀਵਾ ਵੀ ਹੈ। ਇਹ ਸਿਲਵਰ ਦੀਵਾ ਵੀ ਉਪਰੋਕਤ ਕਾਰੀਗਰਾਂ ਵੱਲੋਂ ਹੀ ਬਣਾਇਆ ਗਿਆ ਹੈ। ਬਕਸੇ ਵਿੱਚ 99.5 ਫੀਸਦੀ ਸ਼ੁਧ ਅਤੇ ਹਾਲਮਾਰਕ ਵਾਲਾ ਚਾਂਦੀ ਦਾ ਸਿੱਕਾ ਵੀ ਹੈ। ਇਸ ਨੂੰ ਰਾਜਸਥਾਨ ਦੇ ਕਾਰੀਗਰਾਂ ਨੇ ਖੂਬਸੂਰਤੀ ਨਾਲ ਤਿਆਰ ਕੀਤਾ ਹੈ। ਇਹ ਰਉਪਿਆਦਾਨ (ਚਾਂਦੀ ਦਾ ਦਾਨ) ਵਜੋਂ ਪੇਸ਼ ਕੀਤਾ ਜਾਂਦਾ ਹੈ। ਲਵੰਦਨ (ਲੂਣ ਦੇ ਦਾਨ) ਲਈ ਗੁਜਰਾਤ ਤੋਂ ਲਵਣ (ਨਮਕ) ਤੋਹਫੇ ਵਜੋਂ ਦਿੱਤਾ ਗਿਆ।
ਇਸ ਤੋਂ ਇਲਾਵਾ ਉਨ੍ਹਾ ਇਕ ਖਾਸ ਡੱਬੇ ਵਿੱਚ ਦਸ ਦਾਨ ਦਾ ਸਾਮਾਨ ਵੀ ਦਿੱਤਾ, ਜਿਸ ’ਚ ਗਾਂ ਦੇ ਦਾਨ ਲਈ ਗਾਂ ਦੀ ਥਾਂ ਪੱਛਮੀ ਬੰਗਾਲ ਦੇ ਹੁਨਰਮੰਦ ਕਾਰੀਗਰਾਂ ਵੱਲੋਂ ਹੱਥ ਨਾਲ ਬਣਾਇਆ ਚਾਂਦੀ ਦਾ ਨਾਰੀਅਲ ਹੈ। ਭੂਦਾਨ (ਜ਼ਮੀਨ ਦੇ ਦਾਨ) ਲਈ ਮੈਸੂਰ ਤੋਂ ਪ੍ਰਾਪਤ ਚੰਦਨ ਦਾ ਇੱਕ ਸੁਗੰਧਤ ਟੁਕੜਾ ਦਿੱਤਾ। ਇਸ ਦੇ ਨਾਲ ਹੀ ਤਿਲਦਾਨ (ਤਿਲ ਦੇ ਬੀਜ ਦਾਨ) ਲਈ ਤਮਿਲਨਾਡੂ ਤੋਂ ਲਿਆਂਦੇ ਤਿਲ ਜਾਂ ਚਿੱਟੇ ਤਿਲ ਦਿੱਤੇ। ਇਸ ਤੋਂ ਇਲਾਵਾ ਰਾਜਸਥਾਨ ਵਿੱਚ ਹੱਥ ਨਾਲ ਬਣਾਇਆ 24 ਕੈਰਟ ਸ਼ੁੱਧ ਅਤੇ ਹਾਲਮਾਰਕ ਵਾਲਾ ਸੋਨੇ ਦਾ ਸਿੱਕਾ ਹਿਰਨਿਆਦਾਨ (ਸੋਨੇ ਦਾ ਦਾਨ) ਵਜੋਂ ਦਿੱਤਾ। ਮੋਦੀ ਨੇ ਚਾਰ ਵਿਸ਼ੇਸ਼ ਡੱਬੇ ਦਿੱਤੇ। ਇਕ ਵਿਚ ਪੰਜਾਬ ਦਾ ਘਿਓ ਜਾਂ ਮੱਖਣ ਹੈ। ਉੱਤਰਾਖੰਡ ਦੇ ਲੰਮੇ ਅਨਾਜ ਵਾਲੇ ਚੌਲ ਵੀ ਦਿੱਤੇ। ਇਸ ਤੋਂ ਇਲਾਵਾ ਮਹਾਰਾਸ਼ਟਰ ਦਾ ਗੁੜ ਦਿੱਤਾ।

LEAVE A REPLY

Please enter your comment!
Please enter your name here