‘ਦਲੇਰ ਵਲਟੋਹਾ ਨੂੰ ਹੀ ਅਕਾਲ ਤਖਤ ਦਾ ਜਥੇਦਾਰ ਲਾ ਦਿਓ’

0
350

ਅੰਮਿ੍ਰਤਸਰ. (ਜਸਬੀਰ ਸਿੰਘ ਪੱਟੀ) ਸ੍ਰੀ ਅਕਾਲ ਤਖਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ਼ੀ ਆਗੂ ਵਿਰਸਾ ਸਿੰਘ ਵਲਟੋਹਾ ’ਤੇ ਤਨਜ਼ ਕੱਸਦਿਆਂ ਕਿਹਾ ਹੈ ਕਿ ਵਲਟੋਹਾ ਨੂੰ ਹੀ ਸ੍ਰੀ ਅਕਾਲ ਤਖਤ ਦਾ ਜਥੇਦਾਰ ਬਣਾ ਦਿਓ। ਉਨ੍ਹਾ ਕਿਹਾ ਕਿ ਉਨ੍ਹਾ ਜਦੋਂ ਦਬਾਅ ਮਹਿਸੂਸ ਕੀਤਾ ਤਾਂ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿ ਦਿੱਤਾ ਸੀ ਕਿ ਉਹ ਆਪਣੀਆਂ ਸੇਵਾਵਾਂ ਇਸ ਮਾਹੌਲ ਵਿੱਚ ਜਾਰੀ ਨਹੀਂ ਰੱਖ ਸਕਦੇ, ਇਸ ਲਈ ਉਹਨਾਂ ਨੂੰ ਸੇਵਾ-ਮੁਕਤ ਕਰ ਦਿੱਤਾ ਜਾਵੇ।
ਸ੍ਰੀ ਅਕਾਲ ਤਖਤ ਦੇ ਨਵ-ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਾਜਪੋਸ਼ੀ ਸਮਾਗਮ ਵਿੱਚ ਭਾਗ ਲੈਣ ਲਈ ਪੁੱਜੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਵਿਦੇਸ਼ ਵਿੱਚ ਕਿਹਾ ਸੀ ਕਿ ਉਹ ਦਬਾਅ ਹੇਠ ਕੰਮ ਨਹੀਂ ਕਰ ਸਕਣਗੇ ਤੇ ਜਦੋਂ ਦਬਾਅ ਪਿਆ ਤਾਂ ਉਹਨਾਂ ਨੇ ਇੱਛਾ ਸ਼ਕਤੀ ਨਾਲ ਅਹੁਦਾ ਛੱਡਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਕੋਈ ਪੌਣੇ ਪੰਜ ਸਾਲ ਸੇਵਾ ਨਿਰਭੈਤਾ ਤੇ ਨਿਰਪੱਖਤਾ ਨਾਲ ਨਿਭਾਈ ਹੈ ਤੇ ਪੰਥਕ ਪਰੰਪਰਾਵਾਂ ਤੇ ਮੁਸਤੈਦੀ ਨਾਲ ਪਹਿਰਾ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਕੀ ਫੈਸਲਾ ਲਿਆ ਹੈ, ਮਸਲਾ ਉਹ ਨਹੀਂ, ਸਗੋਂ ਮਸਲਾ ਇਹ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਨੂੰ ਇਹ ਮੌਕਾ ਹੀ ਕਿਉਂ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ 1959 ਦੇ ਨਹਿਰੂ-ਮਾਸਟਰ ਪੈਕਟ ਦੇ ਵਿਰੱੁਧ ਕਾਰਵਾਈ ਕੀਤੀ ਹੈ ਤਾਂ ਇਸ ਤੋਂ ਮੰਦਭਾਗਾ ਹੋਰ ਕੁਝ ਨਹੀਂ ਹੋ ਸਕਦਾ। ਫਿਰ ਵੀ ਇਸ ਬਾਰੇ ਵਿਦਵਾਨ ਹੀ ਦੱਸ ਸਕਦੇ ਹਨ। ਉਹਨਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਗੇਨਾਈਜ਼ੇਸ਼ਨ ਐਕਟ ਮੁਤਾਬਕ ਬਣਾ ਲਈ ਗਈ ਹੈ, ਪਰ ਹਾਲੇ ਤੱਕ ਵੀ ਕੇਂਦਰ ਸਰਕਾਰ ਨੇ ਗੁਰਦੁਆਰਾ ਐਕਟ 1925 ਵਿੱਚੋਂ ਹਰਿਆਣੇ ਵਿਚਲੇ ਗੁਰਦੁਆਰਿਆਂ ਨੂੰ ਡੀਨੋਟੀਫਾਈ ਨਹੀਂ ਕੀਤਾ, ਪਰ ਹਰਿਆਣਾ ਕਮੇਟੀ ਨੇ ਸਰਕਾਰੀ ਸ਼ਕਤੀ ਨਾਲ ਉਥੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ ਲਿਆ ਹੈ।
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਇਹ ਕਿਹਾ ਜਾਣਾ ਕਿ ਸ੍ਰੀ ਅਕਾਲ ਤਖਤ ਦਾ ਜਥੇਦਾਰ ਪੜ੍ਹਿਆ-ਲਿਖਿਆ, ਕੀਰਤਨੀਆ, ਰਾਗੀ-ਢਾਡੀ ਜਾਂ ਫਿਰ ਗ੍ਰੰਥੀ ਹੀ ਨਹੀਂ ਹੋਣਾ ਚਾਹੀਦਾ, ਸਗੋਂ ਦਲੇਰ ਤੇ ਬਹਾਦਰ ਹੋਣਾ ਚਾਹੀਦਾ ਹੈ, ’ਤੇ ਵਿਅੰਗ ਕੱਸਦਿਆਂ ਉਹਨਾ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਤੋਂ ਵੱਧ ਬਹਾਦਰ ਤੇ ਦਲੇਰ ਹੋਰ ਕੌਣ ਹੋ ਸਕਦਾ, ਇਸ ਲਈ ਉਸ ਨੂੰ ਸ੍ਰੀ ਅਕਾਲ ਤਖਤ ਦਾ ਜਥੇਦਾਰ ਲਗਾ ਦਿੱਤਾ ਜਾਵੇ ਤਾਂ ਕਿ ਉਹ ਬਹਾਦਰੀ ਨਾਲ ਕੰਮ ਕਰ ਸਕਣ। ਵਿਰਸਾ ਸਿੰਘ ਵਲਟੋਹਾ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਆਹ ਸਮਾਗਮ ਵਿੱਚ ਜਥੇਦਾਰ ਵੱਲੋਂ ਸ਼ਾਮਲ ਹੋ ਕੇ ਇੱਕ ਪਤਿਤ ਨੂੰ ਸਿਰੋਪਾ ਦਿੱਤੇ ਜਾਣ ਨੂੰ ਅਣਉਚਿੱਤ ਦੱਸਣ ਦੇ ਜਵਾਬ ਵਿੱਚ ਉਹਨਾਂ ਨੇ ਮਰਿਆਦਾ ਦਾ ਪਾਠ ਪੜ੍ਹਾੳਂੁਦਿਆਂ ਕਿਹਾ ਕਿ ਸਿੱਖੀ ਦੋ ਪ੍ਰਕਾਰ ਦੀ ਹੈ। ਸ਼ਖਸੀ ਰਹਿਤ ਤੇ ਆਤਮਿਕ ਰਹਿਤ ਸ਼ਖਸੀ ਰਹਿਤ ਅਨੁਸਾਰ ਅੰਮਿ੍ਰਤਧਾਰੀ ਹੋਣਾ ਜ਼ਰੂਰੀ ਹੁੰਦਾ ਹੈ ਤੇ ਆਤਮਿਕ ਰਹਿਤ ਅਨੁਸਾਰ ਸਿੱਖ ਕਿਸੇ ਵੀ ਸਰੂਪ ਵਿੱਚ ਹੋਵੇ ਉਹ ਸਿੱਖੀ ਵਿੱਚ ਪ੍ਰਵਾਨ ਹੈ। ਉਹਨਾ ਕਿਹਾ ਕਿ ਜੇਕਰ ਕਿਸੇ ਨੂੰ ਇਹ ਸ਼ੰਕਾ ਹੋਵੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਦਾ ਅਹੁਦਾ ਵੀ ਛੱਡ ਦੇਣਾ ਚਾਹੀਦਾ ਹੈ ਤਾਂ ਉਹ ਲਸੂੰੜੇ ਦੀ ਗਿਟਕ ਵਾਂਗ ਚੰਬੜੇ ਨਹੀਂ ਰਹਿਣਗੇ ਤੇ ਜਿਸ ਦਿਨ ਪ੍ਰਬੰਧਕਾਂ ਨੇ ਛੱਡਣ ਦੇ ਸੰਕੇਤ ਦਿੱਤੇ ਤਾਂ ਉਹ ਛੱਡ ਕੇ ਲਾਂਭੇ ਹੋ ਜਾਣਗੇ ਪਰ ਆਪਣੀਆਂ ਪੰਥਕ ਸੇਵਾਵਾਂ ਨਿਭਾਉਦੇ ਰਹਿਣਗੇ।
ਉਹਨਾਂ ਕਿਹਾ ਕਿ ਉਹਨਾਂ ਨੇ ਜਿੰਨੀ ਵੀ ਵਿੱਦਿਆ ਹਾਸਲ ਕੀਤੀ ਹੈ, ਉਹ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੰਸਥਾਵਾਂ ਤੋਂ ਹੀ ਹਾਸਲ ਕੀਤੀ ਹੈ। ਉਹਨਾਂ ਕਿਹਾ ਕਿ ਸੰਸਥਾਵਾਂ ਦੀ ਆਲੋਚਨਾ ਇਸ ਤਰੀਕੇ ਨਾਲ ਨਾ ਕੀਤੀ ਜਾਵੇ ਕਿ ਸੰਸਥਾਵਾਂ ਦਾ ਨੁਕਸਾਨ ਹੋਵੇ, ਕਿਉਂਕਿ ਸੰਸਥਾਵਾਂ ਦੀ ਉਸਾਰੀ ਕਰਨ ਵਿੱਚ ਲੰਮਾ ਸਮਾਂ ਲੱਗ ਜਾਂਦਾ ਹੈ। ਉਹਨਾਂ ਕਿਹਾ ਕਿ ਵਿਅਕਤੀ ਦੀ ਆਲੋਚਨਾ ਵੀ ਤਰੀਕੇ ਤੇ ਸਲ਼ੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਵੱਲੋਂ ਰਹਿਤ ਮਰਿਆਦਾ ਨੂੰ ਨਾ ਪ੍ਰਵਾਨਤ ਦੱਸਦਿਆਂ ਸਿਰਫ ਖਰੜਾ ਦੱਸਣ ਦਾ ਜਵਾਬ ਦਿੰਦਿਆਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਪਰਵਾਨਿਤ ਹੈ ਤੇ ਸ਼੍ਰੋਮਣੀ ਕਮੇਟੀ ਕਈ ਕੇਸਾਂ ਵਿੱਚ ਅਦਾਲਤ ਵਿੱਚ ਪੇਸ਼ ਵੀ ਕਰ ਚੁੱਕੀ ਹੈ ਅਤੇ ਇੱਕ ਆਦਮੀ ਦੇ ਕਹਿਣ ਨਾਲ ਮਰਿਆਦਾ ਖਤਮ ਨਹੀਂ ਹੋ ਜਾਂਦੀ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੂੰ ਲਾਗੇ ਆ ਕੇ ਬੈਠਣ ਲਈ ਕਹਿਣ ਸਮੇਂ ਉਹਨਾਂ ਸਪੱਸ਼ਟ ਕੀਤਾ ਕਿ ਕੁਝ ਲੋਕ ਕਹਿੰਦੇ ਹਨ ਕਿ ਦਿੱਲੀ ਨਾਲ ਯਾਰੀ ਹੈ ਤੇ ਉਹ ਮੁੱਕਰਦੇ ਨਹੀਂ। ਦਿੱਲੀ ਨਾਲ ਵਾਕਿਆ ਹੀ ਯਾਰੀ ਹੈ, ਇਸ ਵਿੱਚ ਕੋਈ ਸ਼ੱਕ ਵੀ ਨਹੀਂ ਹੈ। ਸ੍ਰੀ ਅਕਾਲ ਤਖਤ ਦੇ ਨਵ-ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਨਵੇਂ ਆਹੁਦੇ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਗਿਆਨੀ ਰਘਬੀਰ ਸਿੰਘ ਦੇ ਨਾਲ 100 ਫੀਸਦੀ ਹੀ ਨਹੀਂ, ਸਗੋਂ 101 ਫੀਸਦੀ ਖੜੇ ਹਨ।

LEAVE A REPLY

Please enter your comment!
Please enter your name here