ਦੇਸ਼ ਲੋਕ ਸਭਾ ਚੋਣਾਂ ਦੇ ਆਖਰੀ ਸਾਲ ਵਿਚ ਦਾਖਲ ਹੋ ਚੁੱਕਾ ਹੈ। ਭਾਜਪਾ ਪੋਸਟਰਾਂ ਨੂੰ ਟਵੀਟ ਕਰਕੇ ਪ੍ਰਚਾਰ ਕਰ ਰਹੀ ਹੈ ਕਿ ਮੋਦੀ ਸਰਕਾਰ ਨੇ 9 ਸਾਲਾਂ ਵਿਚ 9 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਜੇ ਇਹ ਸੱਚ ਹੈ ਤਾਂ ਮੋਦੀ ਸਰਕਾਰ ਸੰਸਦ ਵਿਚ ਸਹੀ ਅੰਕੜੇ ਕਿਉ ਨਹੀਂ ਪੇਸ਼ ਕਰਦੀ। ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨੂੰ ਲਿਖਤੀ ਸਵਾਲ ਕੀਤਾ ਗਿਆ ਸੀ ਕਿ ਵੱਖ-ਵੱਖ ਕੇਂਦਰੀ ਵਿਭਾਗਾਂ ਵਿਚ ਕਿੰਨੀਆਂ ਅਸਾਮੀਆਂ ਖਾਲੀ ਹਨ ਤੇ ਪਿਛਲੇ ਪੰਜ ਸਾਲਾਂ ਵਿਚ ਕਿੰਨੀਆਂ ਭਰੀਆਂ ਗਈਆਂ। ਇਸ ਦੇ ਲਿਖਤੀ ਜਵਾਬ ਵਿਚ ਅਮਲਾ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ 23 ਮਾਰਚ 2023 ਨੂੰ ਕੋਈ ਅੰਕੜਾ ਨਹੀਂ ਦਿੱਤਾ। ਉਨ੍ਹਾ ਸਿਰਫ ਇਹ ਹੀ ਦੱਸਿਆ ਕਿ ਵੱਖ-ਵੱਖ ਏਜੰਸੀਆਂ (ਯੂ ਪੀ ਐੱਸ ਸੀ ਤੇ ਐੱਸ ਐੱਸ ਸੀ ਆਦਿ) ਵੱਲੋਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਸਾਰੇ ਵਿਭਾਗ, ਮੰਤਰਾਲੇ ਤੇ ਏਜੰਸੀਆਂ ਭਰਤੀ ਕਰਨ ਵਿਚ ਲੱਗੀਆਂ ਹੋਈਆਂ ਹਨ। ਜੂਨ 2022 ਵਿਚ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਸੀ ਕਿ 2023 ਦੇ ਅੰਤ ਤੱਕ 10 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਬਾਰੇ ਰਾਜ ਸਭਾ ਵਿਚ ਲਿਖਤੀ ਸਵਾਲ ਕੀਤਾ ਗਿਆ ਕਿ ਰੁਜ਼ਗਾਰ ਮੇਲਿਆਂ ਵਿਚ ਕਿੰਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ? ਨਿਯੁਕਤੀਆਂ ਲਈ ਕਦੋਂ ਵਿਗਿਆਪਨ ਕੱਢੇ ਗਏ ਤੇ ਸਾਰੀ ਪ੍ਰਕਿਰਿਆ ਬਾਰੇ ਦੱਸਿਆ ਜਾਵੇ? ਡਾ. ਜਤਿੰਦਰ ਸਿੰਘ ਨੇ 16 ਮਾਰਚ 2023 ਨੂੰ ਦੱਸਿਆ ਕਿ ਭਰਤੀ ਦੀ ਪ੍ਰਕਿਰਿਆ ਵੱਖ-ਵੱਖ ਏਜੰਸੀਆਂ ਚਲਾਉਦੀਆਂ ਹਨ ਤੇ ਵੇਰਵੇ ਵੀ ਉਨ੍ਹਾਂ ਕੋਲ ਹੁੰਦੇ ਹਨ। ਸਰਕਾਰ ਪੋਸਟਰਾਂ ਵਿਚ 23 ਲੱਖ ਪ੍ਰਤੱਖ ਤੇ ਅਪ੍ਰਤੱਖ ਅਤੇ 9 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਦਾਅਵਾ ਕਰਦੀ ਹੈ, ਪਰ ਸੰਸਦ ਵਿਚ ਕੋਈ ਵੇਰਵਾ ਪੇਸ਼ ਨਹੀਂ ਕਰਦੀ। ਮੰਤਰੀ ਤੇ ਆਗੂ ਪੋਸਟਰਾਂ ਰਾਹੀਂ ਜਾਂ ਬਿਆਨਬਾਜ਼ੀ ਕਰਕੇ ਜੋ ਮਰਜ਼ੀ ਦਾਅਵੇ ਕਰਨ, ਪਰ ਅੰਕੜੇ ਸਾਰੀ ਕਹਾਣੀ ਬਿਆਨ ਕਰ ਦਿੰਦੇ ਹਨ। ਡਾ. ਜਤਿੰਦਰ ਸਿੰਘ ਨੇ ਸੰਸਦ ਵਿਚ ਹਮੇਸ਼ਾ ਗੋਲ-ਮੋਲ ਜਵਾਬ ਦਿੱਤੇ ਹਨ, ਪਰ 2 ਫਰਵਰੀ 2023 ਦਾ ਇਕ ਜਵਾਬ ਹਕੀਕਤ ਉਜਾਗਰ ਕਰ ਦਿੰਦਾ ਹੈ। ਉਨ੍ਹਾ ਲਿਖਤੀ ਸਵਾਲ ਦੇ ਜਵਾਬ ਵਿਚ ਦੱਸਿਆ ਸੀ ਕਿ 78 ਕੇਂਦਰੀ ਵਿਭਾਗਾਂ ਤੇ ਮੰਤਰਾਲਿਆਂ ਵਿਚ 9 ਲੱਖ 79 ਹਜ਼ਾਰ 327 ਅਸਾਮੀਆਂ ਖਾਲੀ ਹਨ। ਇਕ ਤਰ੍ਹਾਂ ਨਾਲ ਲਗਭਗ 10 ਲੱਖ ਅਸਾਮੀਆਂ ਖਾਲੀ ਹਨ। ਰੇਲਵੇ ਵਿਚ 2 ਲੱਖ 93 ਹਜ਼ਾਰ 243, ਡਿਫੈਂਸ (ਸਿਵਲ) ਵਿਚ 2 ਲੱਖ 64 ਹਜ਼ਾਰ 706, ਗ੍ਰਹਿ ਮੰਤਰਾਲੇ ਵਿਚ ਇਕ ਲੱਖ 43 ਹਜ਼ਾਰ 356, ਡਾਕ ਵਿਭਾਗ ਵਿਚ 90 ਹਜ਼ਾਰ 050, ਰੈਵੇਨਿਊ ਵਿਭਾਗ ਵਿਚ 80 ਹਜ਼ਾਰ 243 ਅਤੇ ਆਡਿਟ ਤੇ ਅਕਾਊਂਟ ਵਿਭਾਗ ਵਿਚ 25 ਹਜ਼ਾਰ 934 ਅਸਾਮੀਆਂ ਖਾਲੀ ਹਨ।
ਬੇਰੁਜ਼ਗਾਰੀ ਦੇ ਮੁੱਦੇ ’ਤੇ ਕੰਮ ਕਰਨ ਵਾਲੀ ਜਥੇਬੰਦੀ ‘ਯੁਵਾ ਹੱਲਾ ਬੋਲ’ ਦੇ ਕਾਰਜਕਾਰੀ ਪ੍ਰਧਾਨ ਗੋਵਿੰਦ ਮਿਸ਼ਰਾ ਮੁਤਾਬਕ 2019 ਵਿਚ ਸਰਕਾਰੀ ਅੰਕੜੇ ਸਨ ਕਿ ਦੇਸ਼ ਵਿਚ ਲਗਭਗ 24 ਲੱਖ ਅਸਾਮੀਆਂ ਖਾਲੀ ਹਨ, ਜਦਕਿ ਉਨ੍ਹਾ ਦਾ ਅਨੁਮਾਨ ਹੈ ਕਿ ਕੇਂਦਰ ਤੇ ਰਾਜਾਂ ਵਿਚ ਲਗਭਗ ਇਕ ਕਰੋੜ ਅਸਾਮੀਆਂ ਖਾਲੀ ਹਨ। ਯੂ ਪੀ ਵਿਚ ਹੀ ਸਿੱਖਿਆ ਤੇ ਪੁਲਸ ਵਿਭਾਗ ਵਿਚ ਲਗਭਗ 6 ਲੱਖ ਅਸਾਮੀਆਂ ਖਾਲੀ ਹਨ। ਭਾਜਪਾ 9 ਸਾਲ ਵਿਚ 9 ਲੱਖ ਨੌਕਰੀਆਂ ਦੇਣ ਦਾ ਦਾਅਵਾ ਕਰ ਰਹੀ ਹੈ। ਹੋ ਸਕਦਾ ਹੈ ਕਿ 10 ਲੱਖ ਦਾ ਅੰਕੜਾ ਵੀ ਟਪਾ ਦੇਵੇ, ਕਿਉਕਿ ਅੰਕੜਿਆਂ ਦੇ ਮਾਮਲੇ ਵਿਚ ਉਸ ਨਾਲੋਂ ਵੱਡਾ ਜਾਦੂਗਰ ਕੌਣ ਹੈ?



