ਜਾਨਲੇਵਾ ਸੈਰ-ਸਪਾਟਾ

0
177

ਓਟਵਾ : ਅਮਰੀਕੀ ਤੱਟ ਰੱਖਿਅਕਾਂ ਨੇ ਐਲਾਨ ਕੀਤਾ ਹੈ ਕਿ ਅੰਧ ਮਹਾਸਾਗਰ ਵਿਚ ਟਾਈਟੈਨਿਕ ਦੇ ਨੇੜੇ ਖੋਜੀਆਂ ਨੂੰ ਮਿਲਿਆ ਮਲਬਾ ਲਾਪਤਾ ਟਾਈਟਨ ਪਣਡੁੱਬੀ ਦਾ ਹੈ ਤੇ ਇਸ ‘ਤੇ ਸਵਾਰ ਸਾਰੇ 5 ਵਿਅਕਤੀਆਂ ਦੀ ਮੌਤ ਹੋ ਗਈ ਹੈ | ਯੂ ਐੱਸ ਕੋਸਟ ਗਾਰਡ ਰੀਅਰ ਐਡਮਿਰਲ ਜੌਨ ਮੌਗਰ ਨੇ ਮੀਡੀਆ ਨੂੰ ਦੱਸਿਆ ਕਿ ਰਿਮੋਟ ਨਾਲ ਚੱਲਣ ਵਾਲੇ ਵਾਹਨ (ਆਰ ਓ ਵੀ) ਨੇ ਸਮੁੰਦਰ ਦੇ ਤਲ ਉੱਤੇ ਟਾਈਟੈਨਿਕ ਤੋਂ ਅੱਧਾ ਕਿਲੋਮੀਟਰ ਦੂਰ ਟਾਈਟਨ ਸਬਮਰਸੀਬਲ ਦੀ ਖੋਜ ਕੀਤੀ | ਆਰ ਓ ਵੀ ਨੂੰ ਬਾਅਦ ‘ਚ ਉਸ ਦਾ ਹੋਰ ਵੀ ਮਲਬਾ ਮਿਲਿਆ | ਪਣਡੁੱਬੀ ਵਿਚ ਪੰਜ ਦਿਨ ਦੀ ਆਕਸੀਜਨ ਸੀ, ਪਰ ਸ਼ੱਕ ਹੈ ਕਿ ਉਹ ਧਮਾਕੇ ਕਾਰਨ ਤਬਾਹ ਹੋ ਗਈ |
ਮਰਨ ਵਾਲਿਆਂ ਵਿਚ ਬਿ੍ਟਿਸ਼ ਬਿਜ਼ਨੈਸਮੈਨ ਹੈਮਿਸ਼ ਹਾਰਡਿੰਗ, ਫਰਾਂਸ ਦੇ ਡਾਈਵਰ ਪਾਲ ਹੈਨਰੀ, ਪਾਕਿਸਤਾਨੀ-ਬਿ੍ਟਿਸ਼ ਕਾਰੋਬਾਰੀ ਸ਼ਹਿਜ਼ਾਦਾ ਦਾਊਦ ਤੇ ਉਸਦਾ ਬੇਟਾ ਸੁਲੇਮਾਨ ਅਤੇ ਓਸ਼ਨਗੇਟ ਕੰਪਨੀ ਦਾ ਸੀ ਈ ਓ ਸਟਾਕਟਨ ਰਸ਼ ਸ਼ਾਮਲ ਹਨ | ਪਣਡੁੱਬੀ 18 ਜੂਨ ਦੀ ਸ਼ਾਮ ਸਾਢੇ ਪੰਜ ਵਜੇ ਅੰਧ ਮਹਾਸਾਗਰ ਵਿਚ ਉਤਰੀ ਸੀ ਤੇ ਪੌਣੇ ਦੋ ਘੰਟਿਆਂ ਬਾਅਦ ਲਾਪਤਾ ਹੋ ਗਈ ਸੀ | ਇਸ ਨੂੰ ਲੱਭਣ ਲਈ ਅਮਰੀਕਾ, ਕੈਨੇਡਾ, ਫਰਾਂਸ ਤੇ ਬਰਤਾਨੀਆ ਦੇ ਜਹਾਜ਼ ਲੱਗੇ ਰਹੇ | ਪਣਡੁੱਬੀ ਵਿਚ ਸਵਾਰ ਚਾਰ ਜਣੇ ਅਰਬਪਤੀ ਸਨ | ਇਹ ਕਰੀਬ 111 ਸਾਲ ਪਹਿਲਾਂ 15 ਅਪ੍ਰੈਲ 1912 ਨੂੰ ਡੁੱਬੇ ਟਾਈਟੈਨਿਕ ਜਹਾਜ਼ ਦਾ ਮਲਬਾ ਦੇਖਣ ਗਏ ਸਨ | ਉਸ ਹਾਦਸੇ ਵਿਚ ਕਰੀਬ 1500 ਲੋਕ ਮਾਰੇ ਗਏ ਸਨ | ਹਾਦਸੇ ਦੇ 73 ਸਾਲ ਬਾਅਦ 1985 ਨੂੰ ਕੈਨੇਡਾ ਕੋਲ ਨਿਊ ਫਾਊਾਡਲੈਂਡ ਟਾਪੂ ਕੋਲ ਸਮੁੰਦਰ ਤੋਂ 13 ਹਜ਼ਾਰ ਫੁੱਟ ਹੇਠਾਂ ਇਸ ਦਾ ਮਲਬਾ ਮਿਲਿਆ ਸੀ | ਇਸ ਤੋਂ ਬਾਅਦ ਲੋਕ ਇਸ ਨੂੰ ਦੇਖਣ ਦੀ ਇੱਛਾ ਜ਼ਾਹਰ ਕਰਨ ਲੱਗੇ | ਅਮਰੀਕਾ ਦੀ ਓਸ਼ਨਗੇਟ ਕੰਪਨੀ ਨੇ 2021 ਵਿਚ ਟਾਈਟੈਨਿਕ ਟੂਰਿਜ਼ਮ ਦੀ ਸ਼ੁਰੂਆਤ ਕੀਤੀ | ਅਮਰੀਕੀ ਲੋਕ ਪਣਡੁੱਬੀ ਨਾਲ ਉਥੇ ਜਾਂਦੇ ਹਨ | ਇਕ ਵਿਅਕਤੀ ਦੀ ਟਿਕਟ ਕਰੀਬ 2 ਕਰੋੜ ਰੁਪਏ ਹੈ |
ਕੈਨੇਡਾ ਦੇ ਸੇਂਟ ਜੌਹਨ ਨਿਊ ਫਾਊਾਡਲੈਂਡ ਤੋਂ ਇਸ ਯਾਤਰਾ ਦੀ ਸ਼ੁਰੂਆਤ ਹੁੰਦੀ ਹੈ | ਇਹ ਯਾਤਰਾ 8 ਦਿਨ ਤੇ 7 ਰਾਤ ਦੀ ਹੁੰਦੀ ਹੈ | ਇਕ ਵਾਰ ਵੱਧ ਤੋਂ ਵੱਧ ਪੰਜ ਲੋਕ ਜਾ ਸਕਦੇ ਹਨ | ਜਾਣ ਵਾਲਿਆਂ ਨੂੰ ਇਕ ਮਹੀਨਾ ਪਹਿਲਾਂ ਤਿਆਰ ਕੀਤਾ ਜਾਂਦਾ ਹੈ | ਪਣਡੁੱਬੀ ਇਨ੍ਹਾਂ ਨੂੰ ਲੈ ਕੇ 19 ਹਜ਼ਾਰ ਫੁੱਟ ਦੀ ਡੂੰਘਾਈ ਵਿਚ ਜਾਂਦੀ ਹੈ | 19 ਸਾਲਾ ਸੁਲੇਮਾਨ ਦੀ ਭੂਆ ਨੇ ਦੱਸਿਆ ਕਿ ਉਹ ਟੂਰ ‘ਤੇ ਜਾਣਾ ਨਹੀਂ ਚਾਹੁੰਦਾ ਸੀ, ਕਿਉਂਕਿ ਬਾਕੀ ਮੈਂਬਰ ਉਸ ਦੀ ਉਮਰ ਦੇ ਨਹੀਂ ਸਨ, ਪਰ ‘ਫਾਦਰਜ਼ ਡੇ’ ਉੱਤੇ ਪਿਤਾ ਖਾਤਰ ਜਾਣ ਲਈ ਤਿਆਰ ਹੋ ਗਿਆ | ਸ਼ਹਿਜ਼ਾਦਾ ਦਾਊਦ ਟਾਈਟੈਨਿਕ ਨੂੰ ਦੇਖਣ ਲਈ ਬਹੁਤ ਉਤਾਵਲੇ ਸਨ |

LEAVE A REPLY

Please enter your comment!
Please enter your name here