ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰ ਮੁਖਤਾਰ ਅਨਸਾਰੀ ਨੂੰ ਪੰਜਾਬ ਦੀ ਜੇਲ੍ਹ ’ਚ ਰੱਖ ਕੇ ਖਰਚ ਕੀਤੇ ਗਏ 55 ਲੱਖ ਰੁਪਏ ਦੀ ਵਸੂਲੀ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਨੋਟਿਸ ਭੇਜ ਦਿੱਤਾ ਹੈ। ਇਹ ਜਾਣਕਾਰੀ ਮੁੱਖ ਮੰਤਰੀ ਨੇ ਖੁਦ ਸੋਮਵਾਰ ਟਵੀਟ ਕਰਕੇ ਦਿੱਤੀ। ਇਸ ਮਾਮਲੇ ’ਚ ਜਿਹੜੀ ਫਾਈਲ ਮੁੱਖ ਮੰਤਰੀ ਨੂੰ ਦਿਖਾਈ ਗਈ ਹੈ, ਉਸ ਦਾ ਸੰਬੰਧਤ ਹਿੱਸਾ ਭਗਵੰਤ ਮਾਨ ਨੇ ਸ਼ੇਅਰ ਕਰਦਿਆਂ ਅਗਲੀ ਕਾਰਵਾਈ ਦੇ ਸੰਕੇਤ ਦਿੱਤੇ ਹਨ।
ਇਸ ਤੋਂ ਪਹਿਲਾਂ ਸੀਨੀਅਰ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਉਹ ਕਿਰਦਾਰਕੁਸ਼ੀ ਲਈ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਰੰਧਾਵਾ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅਨਸਾਰੀ ਨੂੰ ਜੇਲ੍ਹ ’ਚ ਸਹੂਲਤਾਂ ਮੁਹੱਈਆ ਕਰਾਉਣ ਦਾ ਦੋਸ਼ ਲਾਉਣ ਲਈ ਮੁੱਖ ਮੰਤਰੀ ਦੀ ਅਲੋਚਨਾ ਕੀਤੀ ਸੀ ਤੇ ਨੋਟਿਸ ਮਿਲਣ ’ਤੇ ਜਵਾਬ ਦੇਣ ਦੀ ਗੱਲ ਕਹੀ ਸੀ।
ਆਮ ਆਦਮੀ ਪਾਰਟੀ ਨੇ ਰੰਧਾਵਾ ਦੇ ਚੈਲੰਜ ਨੂੰ ਕਬੂਲ ਕਰਦਿਆਂ ਰੰਧਾਵਾ ਨੂੰ ਦੋ ਘੰਟਿਆਂ ਵਿਚ ਨੋਟਿਸ ਭੇਜਣ ਦਾ ਐਲਾਨ ਕੀਤਾ ਸੀ। ਇਸ ’ਤੇ ਰੰਧਾਵਾ ਨੇ ਕਿਹਾ ਸੀ-ਮੈਂ ਢਾਈ ਘੰਟੇ ਵਾਲੀ ਲੇਟ ਟਿਕਟ ਕਰਵਾ ਲਈ ਹੈ, ‘ਆਪ’ ਭੇਜੋ ਨੋਟਿਸ, ਮੈਂ ਉਹਦਾ ਜਵਾਬ ਦੇਵਾਂਗਾ।
ਆਪ ਦੇ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਾਂਗਰਸੀ ਆਗੂ ਅਤੇ ਕੈਪਟਨ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੰਦੇ ਰਹੇ ਹਨ ਅਤੇ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪੈਸੇ ਦੀ ਲੁੱਟ ’ਤੇ ਸਵਾਲ ਉਠਾ ਰਹੇ ਹਨ ਤਾਂ ਉਹ ਘਬਰਾ ਗਏ ਹਨ।
ਕੰਗ ਨੇ ਕਿਹਾ ਕਿ ਮੁਖਤਾਰ ਅਨਸਾਰੀ ਨੂੰ ਫਾਈਵ ਸਟਾਰ ਸਹੂਲਤਾਂ ਵਾਲੀ ਰੋਪੜ ਜੇਲ੍ਹ ਵਿੱਚ ਰੱਖਿਆ ਗਿਆ ਸੀ, ਉਸ ਨੂੰ ਵ੍ਹੀਲ ਚੇਅਰ ’ਤੇ ਮੁਹਾਲੀ ਅਦਾਲਤ ਵਿੱਚ ਪੇਸ ਕੀਤਾ ਗਿਆ ਅਤੇ ਉਸ ਦੇ ਪਰਵਾਰ ਨੂੰ ਸਾਰੀਆਂ ਸਹੂਲਤਾਂ ਵਾਲੀ ਜੇਲ੍ਹ ਨੇੜੇ ਮਕਾਨ ਮੁਹੱਈਆ ਕਰਵਾਇਆ ਗਿਆ, ਪਰ ਅੱਜ ਉਸ ਵੇਲੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਹਿ ਰਹੇ ਹਨ ਕਿ ਉਨ੍ਹਾ ਦਾ ਇਸ ਸਭ ਨਾਲ ਕੋਈ ਲੈਣਾ-ਦੇਣਾ ਨਹੀਂ। ਰੰਧਾਵਾ ਅਤੇ ਕੈਪਟਨ ਅਮਰਿੰਦਰ ਨੂੰ ਸਾਢੇ 27-27 ਲੱਖ ਦਾ ਭੁਗਤਾਨ ਕਰਕੇ ਇਸ ਮਾਮਲੇ ਨੂੰ ਖਤਮ ਕਰਨਾ ਚਾਹੀਦਾ ਹੈ।
ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ‘ਪਹਿਰੇਦਾਰ’ ਹਨ ਅਤੇ ਇਸ ਦੇ ਖਜ਼ਾਨੇ ਦੇ ਰਖਵਾਲੇ ਹਨ, ਇਸ ਲਈ ਜਿਸ ਕਿਸੇ ਨੇ ਵੀ ਪੰਜਾਬ ਨਾਲ ਗਲਤ ਕੀਤਾ ਹੈ ਅਤੇ ਲੁੱਟਿਆ ਹੈ, ਉਸ ਨੂੰ ਜਵਾਬਦੇਹ ਬਣਾਇਆ ਜਾਵੇਗਾ। ਉਨ੍ਹਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾਅਵਾ ਕਰ ਰਹੇ ਹਨ ਕਿ ਉਹ ਅਨਸਾਰੀ ਨੂੰ ਨਹੀਂ ਜਾਣਦੇ, ਹੋ ਸਕਦਾ ਹੈ ਕਿ ਉਹ ਇਸ ਬਾਰੇ ਪਹਿਲਾਂ ਆਪਣੇ ਪੁੱਤਰ ਰਣਇੰਦਰ ਸਿੰਘ ਨੂੰ ਪੁੱਛ ਲੈਣ। ਮੁੱਖ ਮੰਤਰੀ ਮਾਨ ਦੇ ਘੱਟ ਤਜਰਬੇਕਾਰ ਹੋਣ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀਆਂ ਟਿੱਪਣੀਆਂ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕੰਗ ਨੇ ਕਿਹਾ ਕਿ ਕੈਪਟਨ ਨੂੰ ਮੁੱਖ ਮੰਤਰੀ ਹੁੰਦਿਆਂ ਕਾਂਗਰਸ ’ਚੋਂ ਕੱਢ ਦਿੱਤਾ ਗਿਆ ਸੀ ਅਤੇ ਸੰਸਦ ’ਚ ਡਿਪਟੀ ਲੀਡਰ ਵਜੋਂ ਸਿਰਫ 6 ਫੀਸਦੀ ਹਾਜ਼ਰੀ ਸੀ, ਜੋ ਕਿ ਸਭ ਤੋਂ ਘੱਟ ਹੈ ਅਤੇ ਇਹ ਕੈਪਟਨ ਅਮਰਿੰਦਰ ਸਿੰਘ ਦਾ ਤਜਰਬਾ ਹੈ, ਜਦਕਿ ਮਾਨ ਦੀ ਲੋਕ ਸਭਾ ਵਿੱਚ ਸਾਂਸਦ ਵਜੋਂ 90 ਫੀਸਦੀ ਹਾਜ਼ਰੀ ਸੀ। ਪ੍ਰਦੇਸ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਚੁਟਕੀ ਲੈਂਦਿਆਂ ਕੰਗ ਨੇ ਕਿਹਾ ਕਿ ਇਹ ‘ਬੱਸ ਬਾਡੀਜ਼ ਮੰਤਰੀ’ ਕਹਿ ਰਹੇ ਹਨ ਕਿ ਕਾਂਗਰਸ ਨੇ ਨੌਕਰੀਆਂ ਦਿੱਤੀਆਂ, ਜਦੋਂ ਅਸੀਂ ਸਾਰੇ ਜਾਣਦੇ ਹਾਂ ਕਿ ਉਨ੍ਹਾਂ ਸਿਰਫ ਬਾਜਵਾ, ਰਾਕੇਸ਼ ਪਾਂਡੇ ਅਤੇ ਬੇਅੰਤ ਸਿੰਘ ਦੇ ਪਰਵਾਰਾਂ ਨੂੰ ਹੀ ਨੌਕਰੀਆਂ ਦਿੱਤੀਆਂ ਹਨ।





