ਜਲੰਧਰ : ਗ਼ਦਰ ਲਹਿਰ ਦੇ ਮਹਾਨ ਸ਼ਹੀਦ ਭਾਈ ਬਲਵੰਤ ਸਿੰਘ ਤੇ ਸ਼ਹੀਦ ਰੰਗਾ ਸਿੰਘ ਖੁਰਦਪੁਰ ਦਾ ਸਾਲਾਨਾ ਸਮਾਗਮ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਯਾਦਗਾਰੀ ਕਮੇਟੀ ਵੱਲੋਂ ਤਪ ਅਸਥਾਨ ਗੁਰਦੁਆਰਾ ਖੁਰਦਪੁਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਵਾਰ ਦਾ ਇਹ ਸਮਾਗਮ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਤ ਹੋਣ ਕਰਕੇ ਇਲਾਕੇ ਦੇ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਤੇ ਦੇਸ਼ ਭਗਤਾਂ ਦੇ ਪਰਵਾਰਾਂ ਵੱਲੋਂ ਬੜੀ ਸ਼ਰਧਾ ਨਾਲ ਸ਼ਮੂਲੀਅਤ ਕੀਤੀ ਗਈ | ਰਾਗੀ-ਢਾਡੀਆਂ ਵੱਲੋਂ ਬੱਬਰ ਅਕਾਲੀ ਲਹਿਰ ਦੇ ਇਤਿਹਾਸ ਬਾਰੇ ਪ੍ਰਸੰਗ ਪੇਸ਼ ਕੀਤੇ ਗਏ | ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸੁਰਿੰਦਰ ਕੁਮਾਰੀ ਕੋਛੜ, ਡਾ. ਸੈਲੇਸ਼, ਰਣਜੀਤ ਸਿੰਘ ਔਲਖ ਅਤੇ ਚਰੰਜੀ ਲਾਲ ਕੰਗਣੀਵਾਲ ਪਹੁੰਚੇ |
ਚਰੰਜੀ ਲਾਲ ਕੰਗਣੀਵਾਲ ਵੱਲੋਂ ਸਮਾਗਮ ਦੀ ਕਾਰਵਾਈ ਸ਼ੁਰੂ ਕਰਦਿਆਂ ਇਸ ਦੇ ਉਦੇਸ਼ ਅਤੇ ਗ਼ਦਰ ਪਾਰਟੀ ਤੇ ਉਸ ਦੀ ਕੜੀ ਬੱਬਰ ਅਕਾਲੀਆਂ ਦੀ ਸ਼ਹਾਦਤ ਸ਼ਤਾਬਦੀ ਬਾਰੇ ਸੰਖੇਪ ਜਾਣਕਾਰੀ ਦੇਣ ਦੇ ਨਾਲ ਇਲਾਕੇ ਭਰ ਵਿਚੋਂ ਆਏ ਬੱਬਰ ਅਕਾਲੀ ਸ਼ਹੀਦਾਂ ਦੇ ਪਰਵਾਰਾਂ ਬਾਰੇ ਤਫ਼ਸੀਲ ਪੇਸ਼ ਕੀਤੀ | ਗੁਰਦੁਆਰਾ ਤਪ ਅਸਥਾਨ ਪਿੰਡ ਖੁਰਦਪੁਰ ਦੀ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ, ਸਕੱਤਰ ਮਾਸਟਰ ਅਮਰਜੀਤ ਸਿੰਘ ਤੇ ਖ਼ਜ਼ਾਨਚੀ ਮੁਹਿੰਦਰ ਸਿੰਘ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰਾਂ ਨੇ ਪਤਾਰਾ, ਪੰਡੋਰੀ ਨਿੱਝਰਾਂ, ਜੌਹਲ, ਹਰੀਪੁਰ, ਨੈਣੋਵਾਲ ਧੁੱਗਾ, ਝੁੱਗੀਆਂ, ਸੰਘਵਾਲ, ਮਾਣਕੋ, ਘੁੜਿਆਲ, ਮੰਡੇਰਾਂ, ਧਾਮੀਆਂ, ਰਾਜੋਵਾਲ, ਸਾਂਧਰਾ, ਖੁਰਦਪੁਰ ਤੋਂ ਆਏ ਸ਼ਹੀਦਾਂ ਦੇ ਪਰਵਾਰਾਂ, ਵਿਸ਼ੇਸ਼ ਤੌਰ ‘ਤੇ ਕੈਨੇਡਾ ਤੋਂ ਪਹੁੰਚੇ ਸਾਹਿਬ ਸਿੰਘ ਥਿੰਦ, ਸ਼ਹੀਦ ਭਾਈ ਬਲਵੰਤ ਸਿੰਘ ਦੇ ਪੋਤਰੇ ਮੁਹਿੰਦਰ ਸਿੰਘ ਆਦਿ ਦਾ ਮਿਮੈਂਟੋ ਤੇ ਸਿਰੋਪੇ ਨਾਲ ਸਨਮਾਨ ਕੀਤਾ ਗਿਆ | ਇਸ ਉਪਰੰਤ ਲੰਗਰ ਵਰਤਾਏ ਜਾਣ ਪਿੱਛੋਂ ਇਸ ਪ੍ਰਭਾਵਸ਼ਾਲੀ ਯਾਦਗਾਰੀ ਸਮਾਗਮ ਦੀ ਸਮਾਪਤੀ ਕੀਤੀ ਗਈ |





