ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ ਨੇ ਅੰਮਿ੍ਰਤਸਰ ਜ਼ਿਲ੍ਹੇ ’ਚ ਨਸ਼ੀਲੇ ਪਦਾਰਥਾਂ ਦੇ ਅੱਤਵਾਦ ਦੇ ਮਾਮਲੇ ’ਚ ਦੋ ਭਰਾਵਾਂ ਦੇ ਘਰ ਨੂੰ ਕੁਰਕ ਕਰ ਲਿਆ ਹੈ। ਦੋਵੇਂ ਭਰਾਵਾਂ ਬਿਕਰਮਜੀਤ ਸਿੰਘ ਉਰਫ ਬਿਕਰਮ ਸਿੰਘ ਅਤੇ ਮਨਿੰਦਰ ਸਿੰਘ ਉਰਫ ਮਨੀ ਦੀ ਰਿਹਾਇਸ਼ੀ ਜਾਇਦਾਦ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 25 (1) ਦੇ ਤਹਿਤ ਅੱਤਵਾਦ ਦੀ ਕਮਾਈ ਵਜੋਂ ਕੁਰਕ ਕੀਤਾ ਗਿਆ ਹੈ। ਦੋਹਾਂ ਨੂੰ ਪਹਿਲਾਂ ਹੀ ਗਿ੍ਰਫਤਾਰ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ’ਤੇ ਸਰਹੱਦ ਪਾਰੋਂ ਲੂਣ ਦੇ ਓਹਲੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ ਹੈ। ਤਸਕਰੀ ਕੀਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਦੀ ਕਮਾਈ ਪੰਜਾਬ ’ਚ ਚੱਲ ਅਤੇ ਅਚੱਲ ਜਾਇਦਾਦ ਬਣਾਉਣ ਲਈ ਵਰਤੀ ਜਾ ਰਹੀ ਸੀ। ਇਸ ਤੋਂ ਇਲਾਵਾ ਕਸ਼ਮੀਰ ਘਾਟੀ ’ਚ ਹਿਜਬ-ਉਲ-ਮੁਜਾਹਦੀਨ ਦੇ ਅੱਤਵਾਦੀਆਂ ਨੂੰ ਫੰਡ ਦਿੱਤਾ ਜਾ ਰਿਹਾ ਸੀ। ਏਜੰਸੀ ਵੱਲੋਂ ਇਸ ਤੋਂ ਪਹਿਲਾਂ 60 ਕਨਾਲ 10 ਮਰਲੇ ਜ਼ਮੀਨ, 6 ਵਾਹਨ ਅਤੇ 6,35,000 ਰੁਪਏ ਵੀ ਜ਼ਬਤ ਕੀਤੇ ਗਏ ਹਨ।




