ਪਟਿਆਲਾ : ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਦੇ ਸੂਬਾ ਪੱਧਰੀ ਸੱਦੇ ’ਤੇ ਪੈਨਸ਼ਨਰਾਂ ਨੇ ਸੂਬੇ ਦੇ ਵੱਖ ਵੱਖ ਸਰਕਲਾਂ ਤੋਂ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਪਹੁੰਚ ਕੇ ਤਿੰਨਾਂ ਗੇਟਾਂ ’ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਾਵਰ ਮੈਨੇਜਮੈਂਟ ਖਿਲਾਫ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ । ਇਕੱਤਰ ਜੁਝਾਰੂ ਪੈਨਸ਼ਨਰਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਰਾਧੇ ਸ਼ਿਆਮ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਮਸੀਤਾਂ ਨੇ ਕਿਹਾ ਕਿ ਪਾਵਰ ਮੈਨੇਜਮੈਂਟ ਦਾ ਰਵੱਈਆ ਪਿਛਲੇ ਲੰਮੇ ਅਰਸੇ ਤੋਂ ਲਗਾਤਾਰ ਟਾਲ-ਮਟੋਲ ਵਾਲਾ ਰਿਹਾ ਹੈ। ਜਥੇਬੰਦੀ ਪੈਨਸ਼ਨਰਜ਼ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ 21 ਜੁਲਾਈ 2022 ਤੋਂ ਲਗਾਤਾਰ ਸੰਘਰਸ਼ ਕਰ ਰਹੀ ਹੈ, ਪਰੰਤੂ ਪਾਵਰਕਾਮ ਦੀ ਮੈਨੇਜਮੈਂਟ ਜਥੇਬੰਦੀ ਵੱਲੋਂ ਦਿੱਤੇ ਗਏ ਮੰਗ ਪੱਤਰ ’ਤੇ ਮੀਟਿੰਗ ਦੇ ਕੇ ਮਸਲੇ ਹੱਲ ਕਰਨ ਦੀ ਬਜਾਏ ਮਸਲਿਆਂ ਨੂੰ ਲਮਕ ਅਵਸਥਾ ਵਿੱਚ ਰੱਖ ਰਹੀ ਹੈ। ਆਗੂਆਂ ਪਾਵਰ ਮੈਨੇਜਮੈਂਟ ’ਤੇ ਦੋਸ਼ ਲਗਾਉਂਦਿਆ ਕਿਹਾ ਕਿ ਜਥੇਬੰਦੀ ਨੇ ਦਸੰਬਰ 2022 ਨੂੰ ਕਾਲੇ ਚੋਗੇ ਪਾ ਕੇ ਪਾਵਰਕਾਮ ਦੇ ਮੁੱਖ ਦਫਤਰ ਦੇ ਸਾਹਮਣੇ ਰੋਸ ਮਾਰਚ ਕੀਤਾ ਸੀ, ਜਿਸ ਦੇ ਮੱਦੇਨਜ਼ਰ ਮੈਨੇਜਮੈਂਟ ਨੇ ਸੰਘਰਸ਼ ਨੂੰ ਠੱਲ੍ਹਣ ਲਈ ਮੀਟਿੰਗਾਂ ਤਾਂ ਦਿੱਤੀਆਂ, ਪਰ ਐਨ ਮੌਕੇ ’ਤੇ ਆ ਕੇ ਇਹ ਮੀਟਿੰਗ ਰੱਦ ਕਰ ਦਿੱਤੀਆਂ ਬਗੈਰ ਅਗਲੇ ਸਮੇਂ ਵਿੱਚ ਮੀਟਿੰਗ ਦੀ ਤਰੀਕ ਨਿਸਚਿਤ ਕਰਨ ਤੋਂ ਆਗੂਆਂ ਨੇ ਕਿਹਾ ਕਿ ਪਾਵਰਕਾਮ ਪੰਜਾਬ ਸਰਕਾਰ ਦਾ ਇੱਕ ਅਜਿਹਾ ਮਹੱਤਵਪੂਰਨ ਅਦਾਰਾ ਹੈ, ਜਿਸ ਵਿੱਚ ਕੰਮ ਕਰਦੇ ਸੈਂਕੜੇ ਕਰਮਚਾਰੀਆਂ ਦੀਆਂ ਜਾਨਾਂ ਵੀ ਗਈਆਂ, ਫਿਰ ਵੀ ਇਸ ਅਦਾਰੇ ਦੀ ਡਿਵੈੱਲਪਮੈਂਟ ਵਿੱਚ ਕਾਮਿਆਂ ਦਾ ਮਹੱਤਵਪੂਰਨ ਰੋਲ ਹਮੇਸ਼ਾ ਰਿਹਾ ਹੈ। ਇਸ ਕਰਕੇ ਹੀ ਇਸ ਅਦਾਰੇ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਤਨਖਾਹ ਅਤੇ ਹੋਰ ਸਹੂਲਤਾਂ ਚੰਗੀਆਂ ਸਨ, ਪਰੰਤੂ ਅੱਜ ਪਾਵਰਕਾਮ ਦੀ ਮੈਨੇਜਮੈਂਟ ਨੇ ਇਸ ਅਦਾਰੇ ਦੇ ਕਰਮਚਾਰੀਆਂ, ਜੋ ਅੱਜ ਪੈਨਸ਼ਨਰਜ਼ ਦੇ ਰੂਪ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ, ਦੀਆਂ ਪੈਨਸ਼ਨਾਂ ਪੰਜਾਬ ਦੇ ਪੈਨਸ਼ਨਰਜ਼ ਤੋਂ ਘੱਟ ਕਰ ਦਿੱਤੀਆ ਹਨ । ਇੱਥੋਂ ਤੱਕ ਕਿ ਪੰਜਾਬ ਪੇ ਕਮਿਸ਼ਨ ਦੀਆਂ ਪੈਨਸ਼ਨਰਜ਼/ ਤਨਖਾਹ ਲਈ ਦਿੱਤੀ ਗਈ ਰਿਪੋਰਟ ਨੂੰ 2 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਲਾਗੂ ਨਹੀਂ ਕੀਤਾ ਜਾ ਰਿਹਾ। ਅਨੇਕਾਂ ਪੈਨਸ਼ਨਰਜ਼ ਪੰਜਾਬ ਸਰਕਾਰ ਦੇ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਹੋਣ ਦੀ ਉਡੀਕ ਕਰਦੇ ਰੱਬ ਨੂੰ ਪਿਆਰੇ ਹੋ ਗਏ ਹਨ। ਪੰਜਾਬ ਦੇ ਪੇ ਕਮਿਸ਼ਨ ਨੇ ਪਾਵਰਕਾਮ ਦੇ ਪੈਨਸ਼ਨਰਾਂ ਵਿੱਚ ਵਾਧਾ 2.59 ਦੇ ਗੁਣਾਂਕ ਕੀਤਾ ਹੈ, ਪਰੰਤੂ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਪੰਜਾਬ ਸਰਕਾਰ ਦੇ ਪੇ ਕਮਿਸ਼ਨ ਨੇ ਪੁਰਾਣੇ ਪੈਨਸ਼ਨਰਜ਼ ਅਤੇ ਨਵੇਂ ਪੈਨਸ਼ਨਰਜ਼ ਦੀਆਂ ਪੈਨਸ਼ਨਾਂ ਵਿੱਚ ਵੱਡੇ ਅੰਤਰ ਨੂੰ ਘਟਾਉਣ ਲਈ 3 ਪ੍ਰਤੀਸ਼ਤ ਦੇ ਨੈਸ਼ਨਲ ਵਾਧੇ ਨੂੰ ਪੈਨਸ਼ਨਾਂ ਵਧਾਉਣ ਲਈ ਲਾਗੂ ਨਹੀਂ ਕੀਤਾ। ਪੰਜਾਬ ਸਰਕਾਰ ਨੇ ਪੈਨਸ਼ਨਰਜ਼ ਨੂੰ ਬਗੈਰ ਕਿਸੇ ਸ਼ਰਤਾਂ ਤੋਂ 23 ਸਾਲ ਐਡਵਾਂਸ ਪ੍ਰਮੋਸ਼ਨਲ ਤਰੱਕੀ ਦਾ ਲਾਭ ਬਹੁਤ ਚਿਰ ਪਹਿਲਾ ਦਿੱਤਾ ਹੈ, ਪਰੰਤੂ ਪਾਵਰਕਾਮ ਦੀ ਮੈਨੇਜਮੈਂਟ ਪਾਵਰਕਾਮ ਦੇ ਪੈਨਸ਼ਨਰਜ਼ ਨੂੰ ਇਹ ਲਾਭ ਨਹੀਂ ਦੇ ਰਹੀ । ਪਾਵਰ ਮੈਨੇਜਮੈਂਟ ਐਕਸੀਡੈਂਟ ਕੇਸਾਂ ਵਿੱਚ ਐੱਕਸ ਗ੍ਰੇਸ਼ੀਆ ਗ੍ਰਾਂਟ ਵੀ ਘੱਟ ਦੇ ਰਹੀ ਹੈ । ਇਸੇ ਤਰ੍ਹਾਂ ਨਵੇਂ ਸੇਵਾ-ਮੁਕਤ ਹੋ ਰਹੇ ਕਰਮਚਾਰੀਆਂ ਨੂੰ ਪਿਛਲੇ ਛੇ ਮਹੀਨਿਆਂ ਤੋ ਗ੍ਰੈਚੂਟੀ ਅਤੇ ਲੀਵਇਨਕੈਸ਼ਮੈਟ ਦੇ ਲਾਭ ਨਹੀ ਦਿੱਤੇ ਜਾ ਰਹੇ। ਪੰਜਾਬ ਸਰਕਾਰ ਦੇ ਪੈਨਸ਼ਨਰਜ਼ ਦਾ ਪੰਜਾਬ ਡਿਵੈੱਲਪਮੈਂਟ ਟੈਕਸ 200 ਰੁਪਏ ਪ੍ਰਤੀ ਮਹੀਨਾ ਨਹੀਂ ਕੱਟਿਆ ਜਾਂਦਾ, ਪਰੰਤੂ ਪਾਵਰਕਾਮ ਦੀ ਮੈਨੇਜਮੈਂਟ 19 ਅਪਰੈਲ 2018 ਤੋਂ ਪਾਵਰਕਾਮ ਦੇ ਪੈਨਸ਼ਨਰਜ਼ ਦਾ 200 ਰੁਪਏ ਪ੍ਰਤੀ ਮਹੀਨਾ ਕੱਟ ਰਹੀ ਹੈ। ਭਾਵੇਂ ਪਾਵਰਕਾਮ ਦੀ ਮੈਨੇਜਮੈਂਟ ਨੇ ਨਵੰਬਰ 2022 ਅਤੇ ਜਨਵਰੀ 2023 ਤੋਂ ਜਥੇਬੰਦੀ ਦੇ ਸਦਕਾ ਕੱਟਣਾ ਬੰਦ ਕਰ ਦਿੱਤਾ ਹੈ, ਪਰੰਤੂ ਇਹ ਨਜਾਇਜ ਕੱਟਿਆ ਗਿਆ ਡਿਵੈੱਲਪਮੈਂਟ ਟੈਕਸ ਵਿਆਜ ਸਮੇਤ ਵਾਪਸ ਨਹੀਂ ਕਰ ਰਹੀ, ਸਗੋਂ ਪੰਜਾਬ ਸਰਕਾਰ ਨੇ ਹੁਣ ਫਿਰ ਡਿਵੈੱਲਪਮੈਂਟ ਟੈਕਸ ਕੱਟਣ ਦਾ ਪੱਤਰ ਜਾਰੀ ਕਰ ਦਿੱਤਾ ਹੈ।
ਆਗੂਆਂ ਕਿਹਾ ਕਿ ਇਹਨਾਂ ਮੰਗਾਂ ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਦੀ ਪ੍ਰਾਪਤੀ ਲਈ ਪਾਵਰਕਾਮ ਦੀ ਮੈਨੇਜਮੈਂਟ ਨੂੰ 15 ਜੂਨ ਨੂੰ ਸੰਘਰਸ਼ ਦਾ ਨੋਟਿਸ ਦਿੱਤਾ ਗਿਆ ਸੀ ਅਤੇ ਮੰਗ ਕੀਤੀ ਗਈ ਸੀ ਕਿ ਮੰਗ ਪੱਤਰ ਵਿੱਚ ਦਰਜ ਮੰਗਾਂ ’ਤੇ ਮੀਟਿੰਗ ਦੇ ਕੇ ਮਸਲੇ ਹੱਲ ਕੀਤੇ ਜਾਣ, ਪਰੰਤੂ ਪਾਵਰਕਾਮ ਦੀ ਮੈਨੇਜਮੈਂਟ ਗੱਲਬਾਤ ਰਾਹੀਂ ਮਸਲੇ ਹੱਲ ਨਹੀਂ ਕਰ ਰਹੀ, ਜਿਸ ਕਰਕੇ ਪੈਨਸ਼ਨਰ ਨੂੰ ਲੋਹੜੇ ਦੀ ਗਰਮੀ ਵਿੱਚ ਮਜਬੂਰਨ ਪਾਵਰਕਾਮ ਦੇ ਮੁੱਖ ਦਫਤਰ ਦੇ ਸਾਹਮਣੇ ਗੇਟਾਂ ’ਤੇ ਧਰਨਾ ਦੇਣਾ ਪਿਆ। ਆਗੂਆਂ ਮੰਗ ਕੀਤੀ ਕਿ ਪਾਵਰਕਾਮ ਪੈਨਸ਼ਨਰਜ਼ ਯੂਨੀਅਨ ਨੂੰ ਮੀਟਿੰਗ ਦੇ ਕੇ ਮਸਲੇ ਹੱਲ ਕੀਤੇ ਜਾਣ। ਇਸ ਮੌਕੇ ਚਮਕੌਰ ਸਿੰਘ ਸੀਨੀਅਰ ਮੀਤ ਪ੍ਰਧਾਨ, ਪਾਲ ਸਿੰਘ ਮੁੰਡੀ ਮੀਤ ਪ੍ਰਧਾਨ, ਕੇਵਲ ਸਿੰਘ ਬਨਵੈਤ , ਜਗਦੇਵ ਸਿੰਘ ਬਾਹੀਆ , ਰਾਜਿੰਦਰ ਸਿੰਘ ਰਾਜਪੁਰਾ, ਜਰਨੈਲ ਸਿੰਘ, ਨਰਿੰਦਰ ਕੁਮਾਰ ਬੱਲ, ਜਗਦੀਸ਼ ਸਿੰਘ ਰਾਣਾ ਅਮਲੋਹ, ਜਗਦੀਸ਼ ਸ਼ਰਮਾ ਮੁਹਾਲੀ, ਜਸਬੀਰ ਸਿੰਘ ਭਾਮ, ਗੁਰਮੇਲ ਸਿੰਘ ਨਾਹਰ ਮੋਗਾ, ਰਾਮ ਕੁਮਾਰ ਰੋਪੜ, ਸੁਖਜੰਟ ਸਿੰਘ ਬਰਨਾਲਾ, ਕੁਲਦੀਪ ਸਿੰਘ ਰਾਣਾ ਜਲੰਧਰ, ਸੰਤੋਖ ਸਿੰਘ ਬੋਪਾਰਾਏ ਪਟਿਆਲਾ, ਗੱਜਣ ਸਿੰਘ, ਦਵਿੰਦਰ ਸਿੰਘ ਰੋਪੜ, ਸੁਰਿੰਦਰ ਪਾਲ ਸਿੰਘ ਲਹੌਰੀਆ, ਨਰਿੰਦਰ ਸੈਣੀ, ਭਿੰਦਰ ਸਿੰਘ ਚਾਹਲ, ਹਰਜੀਤ ਸਿੰਘ, ਜਗਤਾਰ ਸਿੰਘ, ਸ਼ਿਵ ਕੁਮਾਰ ਸੇਤੀਆ, ਮਲਕੀਤ ਸਿੰਘ, ਹਰਸ਼ਰਨਜੀਤ ਕੌਰ ਤੇ ਪਵਿੱਤਰ ਕੌਰ ਆਦਿ ਨੇ ਵਿਚਾਰ ਪ੍ਰਗਟ ਕਰਦਿਆ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਤਾਨਾਸ਼ਾਹ ਰਵੱਈਏ ਦੀ ਤਿੱਖੀ ਨੁਕਤਾਚੀਨੀ ਕੀਤੀ।





