ਅਜੀਤ ਪਵਾਰ ਅਕਾਲੀ ਦਲ ਦਾ ਹਾਲ ਦੇਖ ਲੈਂਦਾ : ਸ਼ਰਦ ਪਵਾਰ

0
174

ਮੁੰਬਈ : ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਬੁੱਧਵਾਰ ਕਿਹਾ ਕਿ ਜੇ ਅਜੀਤ ਪਵਾਰ ਨੂੰ ਕੋਈ ਸਮੱਸਿਆ ਸੀ ਤਾਂ ਉਨ੍ਹਾ ਨਾਲ ਗੱਲ ਕਰ ਸਕਦੇ ਸਨ। ਇਹ ਬਿਆਨ ਉਨ੍ਹਾ ਅਜੀਤ ਪਵਾਰ ਵੱਲੋਂ ਇਹ ਕਹਿਣ ’ਤੇ ਦਿੱਤਾ ਕਿ ਤੁਹਾਡਾ (ਪਵਾਰ ਦੀ) ਰਿਟਾਇਰ ਹੋਣ ਦਾ ਵੇਲਾ ਹੈ ਤੇ ਉਹ ਹੁਣ ਐੱਨ ਸੀ ਪੀ ਦੀ ਕਮਾਨ ਉਨ੍ਹਾ (ਅਜੀਤ) ਨੂੰ ਸੌਂਪ ਦੇਣ।
ਐੱਨ ਸੀ ਪੀ ਆਗੂਆਂ ਨੂੰ ਸੰਬੋਧਨ ਕਰਦਿਆਂ ਸ਼ਰਦ ਪਵਾਰ ਨੇ ਕਿਹਾਪਾਰਟੀ ਦਾ ਚੋਣ ਨਿਸ਼ਾਨ ਉਨ੍ਹਾ ਕੋਲ ਹੈ ਤੇ ਕਿਤੇ ਨਹੀਂ ਚੱਲਿਆ। ਫਿਰ ਵੀ ਮੈਂ ਇਹ ਸਪੱਸ਼ਟ ਕਰ ਦੇਵਾਂ ਕਿ ਮੈਂ ਕਈ ਨਿਸ਼ਾਨਾਂ ’ਤੇ ਚੋਣਾਂ ਲੜੀਆਂ। ਜੇ ਤੁਸੀਂ ਲੋਕਾਂ ਦੇ ਦਿਲਾਂ ਵਿਚ ਨਹੀਂ ਤਾਂ ਨਿਸ਼ਾਨ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਲੋਕਾਂ ਵੱਲੋਂ ਲਾਏ ਪੋਸਟਰ ਤੇ ਬੈਨਰ ਦੇਖੇ? ਮੇਰੀ ਫੋਟੋ ਸਭ ਤੋਂ ਵੱਡੀ ਹੈ, ਕਿਉਕਿ ਉਨ੍ਹਾਂ ਨੂੰ ਪਤਾ ਹੈ ਕਿ ਉਹ ਮੇਰੇ ਤੋਂ ਇਲਾਵਾ ਕਿਸੇ ’ਤੇ ਭਰੋਸਾ ਨਹੀਂ ਕਰ ਸਕਦੇ।
ਪਤਾ ਲੱਗਿਆ ਹੈ ਕਿ ਅਜੀਤ ਪਵਾਰ ਨੇ ਚੋਣ ਕਮਿਸ਼ਨ ਕੋਲ ਪਹੁੰਚ ਕਰਕੇ ਕਿਹਾ ਹੈ ਕਿ ਪਾਰਟੀ ਦਾ ਨਿਸ਼ਾਨ ਉਨ੍ਹਾ ਨੂੰ ਦਿੱਤਾ ਜਾਵੇ। ਸ਼ਰਦ ਪਵਾਰ ਦੇ ਸੂਬਾ ਪ੍ਰਧਾਨ ਜਯੰਤ ਪਾਟਿਲ ਨੇ ਵੀ ਚੋਣ ਕਮਿਸ਼ਨ ਨੂੰ ਜਾਣੂੰ ਕਰਾਇਆ ਕਰਾਇਆ ਹੈ ਕਿ ਏਕਨਾਥ ਸ਼ਿੰਦੇ ਤੇ ਭਾਜਪਾ ਦੀ ਸਰਕਾਰ ਵਿਚ ਸ਼ਾਮਲ ਹੋਣ ਵਾਲੇ ਪਾਰਟੀ ਆਗੂਆਂ ਖਿਲਾਫ ਉਨ੍ਹਾ ਅਯੋਗਤਾ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਉਹ ਕੋਈ ਫੈਸਲਾ ਕਰਨ ਤੋਂ ਪਹਿਲਾਂ ਉਨ੍ਹਾ ਦੀ ਗੱਲ ਵੀ ਸੁਣੇ।
ਸ਼ਰਦ ਪਵਾਰ ਤੇ ਅਜੀਤ ਪਵਾਰ ਨੇ ਵੱਖਰੀਆਂ-ਵੱਖਰੀਆਂ ਮੀਟਿੰਗਾਂ ਕੀਤੀਆਂ। ਸ਼ਰਦ ਪਵਾਰ ਨੇ ਕਿਹਾਸਾਨੂੰ ਸੱਤਾ ਵਿਚ ਲਿਆਉਣ ਵਾਲੇ ਲੋਕ ਤੇ ਵਰਕਰ ਸਾਡੇ ਨਾਲ ਹਨ। ਅਸੀਂ ਸੱਤਾ ਦੇ ਭੁੱਖੇ ਨਹੀਂ ਤੇ ਲੋਕਾਂ ਲਈ ਕੰਮ ਕਰਨਾ ਜਾਰੀ ਰੱਖਾਂਗੇ। ਸਾਥ ਛੱਡਣ ਵਾਲਿਆਂ ਨੇ ਉਨ੍ਹਾ ਨਾਲ ਗੱਲ ਨਹੀਂ ਕੀਤੀ। ਅਜੀਤ ਧੜੇ ਨੇ ਕਿਸੇ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ।
ਭਾਜਪਾ ’ਤੇ ਟਾਂਚ ਕਰਦਿਆਂ ਸ਼ਰਦ ਪਵਾਰ ਨੇ ਕਿਹਾਤੁਸੀਂ ਐੱਨ ਸੀ ਪੀ ਨੂੰ ਕੁਰੱਪਟ ਦੱਸਦੇ ਰਹੇ। ਫਿਰ ਹੁਣ ਐੱਨ ਸੀ ਪੀ ਦੇ ਬੰਦੇ ਕਿਉ ਨਾਲ ਰਲਾ ਲਏ। ਜੋ ਤੁਸੀਂ ਊਧਵ ਠਾਕਰੇ ਨਾਲ ਕੀਤੀ, ਉਹੀ ਸਾਡੇ ਨਾਲ ਕੀਤੀ। ਅੱਜ ਸਾਰਾ ਦੇਸ਼ ਦੇਖ ਰਿਹਾ ਹੈ। ਇਹ ਮੀਟਿੰਗ ਐੱਨ ਸੀ ਪੀ ਲਈ ਇਤਿਹਾਸਕ ਹੈ। ਅਸੀਂ ਅੜਿੱਕਿਆਂ ਦੀ ਪ੍ਰਵਾਹ ਕੀਤਿਆਂ ਅੱਗੇ ਵਧਦੇ ਰਹਾਂਗੇ। ਸ਼ਰਦ ਪਵਾਰ ਨੇ ਇਹ ਅਹਿਮ ਗੱਲ ਵੀ ਕਹੀ ਕਿ ਵਿਧਾਇਕ ਆਉਦੇ-ਜਾਂਦੇ ਰਹਿੰਦੇ ਹਨ। ਪਾਰਟੀ ਵਰਕਰ ਨਵੀਂ ਪੀੜ੍ਹੀ ਦੇ ਆਗੂ ਤਿਆਰ ਕਰਨ ਲਈ ਕੰਮ ਕਰਨ। ਉਨ੍ਹਾ ਅਜੀਤ ਧੜੇ ਦੀ ਦਲੀਲ ਨੂੰ ਰੱਦ ਕਰਦਿਆਂ ਕਿਹਾ ਕਿ ਐੱਨ ਸੀ ਪੀ ਨੇ ਨਾਗਾਲੈਂਡ ਵਿਚ ਭਾਜਪਾ ਸਰਕਾਰ ਨੂੰ ਇਸ ਕਰਕੇ ਬਾਹਰੋਂ ਹਮਾਇਤ ਦਿੱਤੀ, ਕਿਉਕਿ ਉੱਤਰ-ਪੂਰਬ ਚੀਨ ਨਾਲ ਲੱਗਦਾ ਹੈ, ਜਿੱਥੇ ਸਿਆਸੀ ਫੈਸਲੇ ਬੜੇ ਧਿਆਨ ਨਾਲ ਕਰਨੇ ਪੈਂਦੇ ਹਨ। ਉਨ੍ਹਾ ਅਜੀਤ ਨੂੰ ਚੇਤੇ ਕਰਾਇਆ ਕਿ ਇਤਿਹਾਸ ਦੇਖ ਲਓ, ਜਿਹੜੇ ਭਾਜਪਾ ਨਾਲ ਗਏ, ਉਨ੍ਹਾਂ ਦਾ ਕੀ ਹਾਲ ਹੋਇਆ। ਅਕਾਲੀ ਦਲ ਨੇ ਸਭ ਗੁਆ ਲਿਆ। ਆਂਧਰਾ ਤੇ ਬਿਹਾਰ ਤੋਂ ਇਲਾਵਾ ਹੋਰ ਕਈ ਮਿਸਾਲਾਂ ਹਨ, ਜਿਹੜੀਆਂ ਦਿਖਾਉਦੀਆਂ ਹਨ ਕਿ ਭਾਜਪਾ ਨੇ ਇਤਿਹਾਦੀਆਂ ਨੂੰ ਤਬਾਹ ਕੀਤਾ। ਇਸ ਕਰਕੇ ਚੇਤੇ ਰੱਖਣਾ, ਤੁਹਾਡੇ ਨਾਲ ਵੀ ਵੱਖਰਾ ਨਹੀਂ ਹੋਣ ਵਾਲਾ। ਉਨ੍ਹਾ ਕਿਹਾ ਕਿ ਸ਼ਿਵ ਸੈਨਾ ਦਾ ਹਿੰਦੂਤਵ ਸਾਰੀਆਂ ਜਾਤਾਂ ਨੂੰ ਇਕੱਠੇ ਕਰ ਰਿਹਾ ਹੈ, ਪਰ ਭਾਜਪਾ ਦਾ ਹਿੰਦੂਤਵ ਵੰਡਪਾਊ, ਮਨੂੰਵਾਦੀ ਤੇ ਜ਼ਹਿਰੀਲਾ ਹੈ। ਸੂਬੇ ਵਿਚ ਹਾਲ ਹੀ ’ਚ ਫਿਰਕੂ ਦੰਗੇ ਹੋਏ। ਵੰਡਪਾਊ ਸਿਆਸਤ ਖੇਡਣ ਵਾਲੇ ਦੇਸ਼ ਭਗਤ ਨਹੀਂ ਹੋ ਸਕਦੇ ਤੇ ਅਸੀਂ ਉਨ੍ਹਾਂ ਨਾਲ ਰਲ ਨਹੀਂ ਸਕਦੇ। ਅਜੀਤ ਪਵਾਰ ਨੇ ਆਪਣੀ ਮੀਟਿੰਗ ’ਚ ਸ਼ਰਦ ਪਵਾਰ ਨੂੰ ਮੁਖਾਤਬ ਹੁੰਦਿਆਂ ਕਿਹਾਭਾਜਪਾ ਆਗੂ 75 ਦੀ ਉਮਰ ਵਿਚ ਰਿਟਾਇਰ ਹੋ ਜਾਂਦੇ ਹਨ, ਤੁਸੀਂ ਐੱਲ ਕੇ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਦੀ ਮਿਸਾਲ ਦੇਖ ਸਕਦੇ ਹੋ। ਇਸ ਨਾਲ ਨਵੀਂ ਪੀੜ੍ਹੀ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ। ਤੁਹਾਨੂੰ ਹੁਣ ਸਾਨੂੰ ਅਸ਼ੀਰਵਾਦ ਦੇਣਾ ਚਾਹੀਦਾ ਹੈ। ਤੁਸੀਂ 83 ਦੇ ਹੋ ਗਏ ਹੋ। ਸਾਨੂੰ ਮੌਕਾ ਦਿਓ ਤੇ ਅਸੀਂ ਤੁਹਾਡੀ ਲੰਮੀ ਉਮਰ ਦੀ ਕਾਮਨਾ ਕਰਾਂਗੇ।ਮੀਟਿੰਗ ’ਚ ਅਜੀਤ ਪਵਾਰ ਨੇ ਸ਼ਰਦ ਪਵਾਰ ਨੂੰ ਪ੍ਰਧਾਨਗੀ ਤੋਂ ਲਾਹ ਕੇ ਖੁਦ ਨੂੰ ਕੌਮੀ ਪ੍ਰਧਾਨ ਐਲਾਨਿਆ। ਇਹ ਕਿਹਾ ਗਿਆ ਕਿ ਪ੍ਰਫੁੱਲ ਪਟੇਲ ਨੇ 30 ਜੂਨ ਨੂੰ ਮੀਟਿੰਗ ਸੱਦੀ ਸੀ, ਜਿਸ ਵਿਚ ਇਹ ਫੈਸਲਾ ਕੀਤਾ ਗਿਆ ਸੀ।

LEAVE A REPLY

Please enter your comment!
Please enter your name here