ਇੰਫਾਲ : ਮਨੀਪੁਰ ਦੇ ਥੌਬਲ ਜ਼ਿਲ੍ਹੇ ’ਚ ਮੰਗਲਵਾਰ ਰਾਤ ਗੁੱਸੇ ’ਚ ਆਈ ਭੀੜ ਨੇ ਆਈ ਆਰ ਬੀ ਦੇ ਜਵਾਨ ਦੇ ਘਰ ਨੂੰ ਅੱਗ ਲਗਾ ਦਿੱਤੀ। ਇਸ ਤੋਂ ਪਹਿਲਾਂ 700-800 ਲੋਕਾਂ ਦੀ ਭੀੜ ਨੇ ਚਾਰ ਕਿਲੋਮੀਟਰ ਦੂਰ ਵੈਂਗਬਲ ਵਿਖੇ ਆਈ ਆਰ ਬੀ ਕੈਂਪ ਤੋਂ ਹਥਿਆਰ ਲੁੱਟਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਨਤੀਜੇ ਵਜੋਂ ਸੁਰੱਖਿਆ ਬਲਾਂ ਨਾਲ ਝੜਪ ਹੋਈ, ਜਿਸ ’ਚ 27 ਸਾਲਾ ਨੌਜਵਾਨ ਰੋਨਾਲਡੋ ਮਾਰਿਆ ਗਿਆ। ਸੁਰੱਖਿਆ ਬਲਾਂ ਨੇ ਪਹਿਲਾਂ ਅੱਥਰੂ ਗੈਸ ਛੱਡੀ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਪਰ ਹਥਿਆਰਬੰਦ ਭੀੜ ਨੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਜਵਾਨਾਂ ਨੇ ਜਵਾਬੀ ਗੋਲੀਬਾਰੀ ਕੀਤੀ।





