ਜਿਊਣਾ ਹੋਇਆ ਮੁਹਾਲ

0
243

ਇੱਕ ਸਾਲ ਪਹਿਲਾਂ ਦੀ ਗੱਲ ਹੈ, ਪਾਕਿਸਤਾਨ ਵਿੱਚ ਹੜ੍ਹਾਂ ਦੀ ਮਾਰ ਕਾਰਨ ਖੁਰਾਕੀ ਵਸਤਾਂ ਦੀਆਂ ਕੀਮਤਾਂ ਸਿਖਰਾਂ ਉੱਤੇ ਪਹੁੰਚ ਗਈਆਂ ਸਨ। ਉਸ ਸਮੇਂ ਭਾਜਪਾ ਦੇ ਮੱਧਵਰਗੀ ਅੰਧਭਗਤ ਚਟਕਾਰੇ ਲੈ-ਲੈ ਕੇ ਪਾਕਿਸਤਾਨ ਦੀ ਦੁਰਦਸ਼ਾ ਦੀਆਂ ਗੱਲਾਂ ਕਰਦੇ ਹੁੰਦੇ ਸਨ। ਸੋਸ਼ਲ ਮੀਡੀਆ ਉੱਤੇ ਇਸ ਬਾਰੇ ਮਜ਼ਾਕੀਆ ਖ਼ਬਰਾਂ ਦੀ ਭਰਮਾਰ ਰਹਿੰਦੀ ਸੀ। ਉਨ੍ਹਾਂ ਨੂੰ ਇਹ ਚਿੱਤ-ਚੇਤਾ ਵੀ ਨਹੀਂ ਸੀ ਕਿ ਇੱਕ ਸਾਲ ਬਾਅਦ ਸਾਡੀ ਹਾਲਤ ਵੀ ਪਾਕਿਸਤਾਨ ਵਰਗੀ ਹੋਣ ਵਾਲੀ ਹੈ।
ਅੱਜ ਹਾਲਤ ਇਹ ਹੈ ਕਿ ਦਿੱਲੀ ਦੀਆਂ ਸਬਜ਼ੀ ਮੰਡੀਆਂ ਵਿੱਚ ਟਮਾਟਰ ਦਾ ਭਾਅ 100 ਤੋਂ ਲੈ ਕੇ 140 ਰੁਪਏ ਕਿਲੋ ਤੱਕ ਪੁੱਜ ਚੁੱਕਾ ਹੈ। ਸੌ ਰੁਪਏ ਕਿਲੋ ਤਾਂ ਉਹ ਟਮਾਟਰ ਮਿਲਦੇ ਹਨ, ਜਿਹੜੇ ਦਾਗੀ ਜਾਂ ਪਿਲਪਿਲੇ ਹੁੰਦੇ ਹਨ। ਹਾਲਤ ਇਹ ਹੈ ਕਿ ਗਾਹਕ ਜਦੋਂ ਟਮਾਟਰਾਂ ਦੀ ਰੇਹੜੀ ਉੱਤੇ ਆਉਂਦੇ ਹਨ, ਉਹ ਸਿਰਫ਼ ਭਾਅ ਪੁੱਛਦੇ ਹਨ ਤੇ ਨੱਕ ਮਰੋੜ ਕੇ ਅੱਗੇ ਤੁਰ ਜਾਂਦੇ ਹਨ। ਟਮਾਟਰਾਂ ਦੀ ਏਨੀ ਬੇਕਦਰੀ ਕਦੇ ਨਹੀਂ ਹੋਈ। ਗਰੀਬਾਂ ਤੇ ਹੇਠਲੇ ਮੱਧਵਰਗੀ ਲੋਕਾਂ ਨੇ ਤਾਂ ਪਿਛਲੇ 10 ਦਿਨਾਂ ਤੋਂ ਟਮਾਟਰ ਖਰੀਦਣਾ ਹੀ ਛੱਡ ਦਿੱਤਾ ਹੈ। ਕੁਝ ਤਜਰਬੇਕਾਰ ਵਿਅਕਤੀਆਂ ਨੇ ਟਮਾਟਰ ਦੇ ਬਦਲ ਵਜੋਂ ਅੰਬਚੂਰ, ਦਹੀਂ ਤੇ ਟਮਾਟਰ ਸਾਸ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਮਹਿੰਗਾਈ ਦੀ ਮਾਰ ਨੇ ਸਿਰਫ਼ ਟਮਾਟਰ ਹੀ ਨਹੀਂ, ਅਦਰਕ ਤੇ ਹਰੀ ਮਿਰਚ ਨੂੰ ਵੀ ਰਸੋਈ ਤੋਂ ਦੂਰ ਕਰ ਦਿੱਤਾ ਹੈ। ‘ਟਾਈਮਜ਼ ਆਫ਼ ਇੰਡੀਆ’ ਦੀ ਖ਼ਬਰ ਮੁਤਾਬਕ ਕਲਕੱਤੇ ਵਿੱਚ ਹਰੀ ਮਿਰਚ 350 ਰੁਪਏ ਕਿਲੋ ਵਿਕ ਰਹੀ ਹੈ। ਅਦਰਕ ਦਾ ਭਾਅ ਵੀ 400 ਰੁਪਏ ਕਿਲੋ ਤੱਕ ਪੁੱਜ ਚੁੱਕਾ ਹੈ।
ਪਿਛਲੇ ਹਫ਼ਤੇ ਜਦੋਂ ਸਬਜ਼ੀਆਂ ਦੀਆਂ ਕੀਮਤਾਂ ਚੜ੍ਹਨੀਆਂ ਸ਼ੁਰੂ ਹੋਈਆਂ ਸਨ ਤਾਂ ਉਪਭੋਗਤਾ ਮਾਮਲਿਆਂ ਦੇ ਵਿਭਾਗ ਨੇ ਕਿਹਾ ਸੀ ਕਿ ਸੋਕੇ ਤੇ ਹੜ੍ਹਾਂ ਕਾਰਨ ਸਪਲਾਈ ਵਿੱਚ ਰੁਕਾਵਟ ਪਈ ਹੈ ਤੇ ਅਗਲੇ 5-6 ਦਿਨਾਂ ਵਿੱਚ ਹਾਲਤ ਦਰੁਸਤ ਹੋ ਜਾਣਗੇ, ਪਰ ਹਾਲਤ ਦਿਨੋਂ-ਦਿਨ ਵਿਗੜ ਰਹੇ ਹਨ। ਮੌਸਮ ਦੀ ਮਾਰ ਤਾਂ ਹਰ ਸਾਲ ਹੀ ਪੈਂਦੀ ਹੈ। ਕੁਝ ਸਬਜ਼ੀਆਂ ਦੇ ਭਾਅ ਚੜ੍ਹਦੇ ਵੀ ਹਨ, ਪਰ 20 ਰੁਪਏ ਕਿਲੋ ਵਾਲਾ ਟਮਾਟਰ ਅਗਲੇ ਦਿਨ ਹੀ 120 ਰੁਪਏ ਕਿਲੋ ਹੋ ਜਾਵੇ, ਅਜਿਹਾ ਕਦੇ ਨਹੀਂ ਹੋਇਆ। ਮਈ-ਜੂਨ ਤੱਕ ਨੇੜਲੇ ਰਾਜਾਂ ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਤੋਂ ਦਿੱਲੀ ਦੀ ਅਜ਼ਾਦਪੁਰ ਮੰਡੀ ਵਿੱਚ ਟਮਾਟਰ ਤੇ ਸਬਜ਼ੀਆਂ ਪੁੱਜਦੀਆਂ ਹਨ। ਬਰਸਾਤ ਦੇ ਮੌਸਮ ਵਿੱਚ ਸਪਲਾਈ ਮਹਾਰਾਸ਼ਟਰ, ਤੇਲੰਗਾਨਾ ਤੇ ਕਰਨਾਟਕ ਵਿੱਚੋਂ ਹੁੰਦੀ ਹੈ। ਅਸਲੀਅਤ ਹੈ ਕਿ ਜਦੋਂ ਇਨ੍ਹਾਂ ਰਾਜਾਂ ਤੇ ਨੇੜਲੇ ਸੂਬਿਆਂ ਅੰਦਰ ਹੀ ਟਮਾਟਰ ਦਾ ਭਾਅ 100 ਰੁਪਏ ਕਿਲੋ ਤੱਕ ਮਿਲਦਾ ਹੋਵੇ ਤਾਂ ਫਿਰ ਦੂਰ ਦੇ ਰਾਜਾਂ ਨੂੰ ਸਪਲਾਈ ਦੀ ਕੀ ਲੋੜ ਹੈ। ਹਿਮਾਚਲ ਵਿੱਚ ਇਸ ਸਮੇਂ 20 ਰੁਪਏ ਕਿਲੋ ਮਿਲਣ ਵਾਲਾ ਟਮਾਟਰ ਵਪਾਰੀ 60 ਰੁਪਏ ਕਿਲੋ ਦੇ ਭਾਅ ਖਰੀਦ ਰਹੇ ਹਨ। ਅੱਗੋਂ ਉਹ 120 ਤੋਂ 140 ਰੁਪਏ ਕਿਲੋ ਦੇ ਭਾਅ ਵੇਚ ਰਹੇ ਹਨ।
ਗੋਦੀ ਮੀਡੀਆ ਲਈ ਪਾਕਿਸਤਾਨ ਦੀ ਮਹਿੰਗਾਈ ਤਾਂ ਬਰੇਕਿੰਗ ਨਿਊਜ਼ ਬਣ ਜਾਂਦੀ ਹੈ, ਪਰ ਸਾਡੀ ਡੇਢ ਅਰਬ ਦੀ ਜਨਤਾ ਦੀ ਸਮੱਸਿਆ ਦਾ ਉਨ੍ਹਾਂ ਲਈ ਕੋਈ ਮੁੱਲ ਨਹੀਂ ਹੈ। ਜਨਤਾ ਤਰਾਹ-ਤਰਾਹ ਕਰ ਰਹੀ, ਪਰ ਹਾਕਮਾਂ ਨੂੰ ਗੱਦੀ ਦੀ ਚਿੰਤਾ ਪਈ ਹੋਈ ਹੈ। ਉਹ ਵਿਰੋਧੀ ਪਾਰਟੀਆਂ ਨੂੰ ਭਾਂਜ ਦੇਣ ਲਈ ਮਹਾਰਾਸ਼ਟਰ ਵਿੱਚ ਆਪਣੇ ਪੈਰ ਪੱਕੇ ਕਰਨ ਵਿੱਚ ਰੁਝੇ ਹੋਏ ਹਨ। ਉਥੋਂ ਵਿਹਲੇ ਹੋ ਕੇ ਉਹ ਕਿਸੇ ਹੋਰ ਰਾਜ ਅੰਦਰ ਖਰੀਦੋ-ਫਰੋਖਤ ਸ਼ੁਰੂ ਕਰ ਦੇਣਗੇ। ਜਿਹੜੇ ਹਾਕਮ ਇੱਕ ਵਿਧਾਇਕ ਖਰੀਦਣ ਲਈ ਕਰੋੜਾਂ ਰੁਪਏ ਖਰਚ ਕਰ ਦਿੰਦੇ ਹੋਣ, ਉਨ੍ਹਾਂ ਨੂੰ ਟਮਾਟਰ-ਅਦਰਕ ਦੀ ਮਹਿੰਗਾਈ ਦਾ ਭਲਾ ਕਿਵੇਂ ਅਹਿਸਾਸ ਹੋ ਸਕਦਾ ਹੈ।

LEAVE A REPLY

Please enter your comment!
Please enter your name here