ਨਵੀਂ ਦਿੱਲੀ : ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕਾਲੇਜੀਅਮ ਨੇ ਬੰਬੇ, ਗੁਜਰਾਤ, ਤਿਲੰਗਾਨਾ, ਆਂਧਰਾ ਪ੍ਰਦੇਸ਼, ਕੇਰਲਾ, ਓਡੀਸ਼ਾ ਅਤੇ ਮਨੀਪੁਰ ਦੀਆਂ ਹਾਈ ਕੋਰਟਾਂ ਲਈ ਚੀਫ ਜਸਟਿਸਾਂ ਦੀ ਨਿਯੁਕਤੀ ਦੀ ਸਿਫਾਰਸ਼ ਕੀਤੀ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਦੇਰ ਰਾਤ ਆਪਣੀ ਵੈੱਬਸਾਈਟ ’ਤੇ ਐਲਾਨ ਕੀਤਾ ਕਿ ਇਹ ਫੈਸਲਾ ਤਿੰਨ ਮੈਂਬਰੀ ਕਾਲੇਜੀਅਮ , ਜਿਸ ’ਚ ਜਸਟਿਸ ਸੰਜੈ ਕਿਸ਼ਨ ਕੌਲ, ਜਸਟਿਸ ਸੰਜੀਵ ਖੰਨਾ ਵੀ ਸ਼ਾਮਲ ਹਨ, ਨੇ 5 ਜੁਲਾਈ ਨੂੰ ਹੋਈ ਮੀਟਿੰਗ ’ਚ ਲਿਆ। ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਅਤੇ ਜਸਟਿਸ ਸੁਨੀਤਾ ਅਗਰਵਾਲ ਨੂੰ ਕ੍ਰਮਵਾਰ ਬੰਬੇ ਹਾਈ ਕੋਰਟ ਅਤੇ ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਕਰਨਾਟਕ ਹਾਈ ਕੋਰਟ ਦੇ ਜਸਟਿਸ ਆਲੋਕ ਅਰਾਧੇ ਨੂੰ ਤਿਲੰਗਾਨਾ ਹਾਈ ਕੋਰਟ, ਜਦੋਂ ਕਿ ਬੰਬੇ ਹਾਈ ਕੋਰਟ ਦੇ ਜਸਟਿਸ ਧੀਰਜ ਸਿੰਘ ਠਾਕੁਰ ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।
ਕੇਰਲ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਨਿਯੁਕਤੀ ਲਈ ਗੁਜਰਾਤ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਆਸੀਸ ਜੇ. ਦੇਸਾਈ ਦੀ ਸਿਫਾਰਸ ਕੀਤੀ ਗਈ ਹੈ, ਜਦੋਂ ਕਿ ਓਡੀਸ਼ਾ ਹਾਈ ਕੋਰਟ ਦੇ ਜਸਟਿਸ ਸੁਭਾਸ਼ ਤਲਪਾਤਰਾ ਨੂੰ ਉਸੇ ਹਾਈ ਕੋਰਟ ’ਚ ਚੀਫ ਜਸਟਿਸ ਨਿਯੁਕਤ ਕਰਨ ਦੀ ਸਿਫਾਰਸ ਕੀਤੀ ਗਈ ਹੈ।
ਦਿੱਲੀ ਹਾਈ ਕੋਰਟ ਦੇ ਜਸਟਿਸ ਸਿਧਾਰਥ ਮਿ੍ਰਦੁਲ ਦੀ ਮਨੀਪੁਰ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਨਿਯੁਕਤੀ ਦੀ ਸਿਫਾਰਸ਼ ਕੀਤੀ ਗਈ ਹੈ।


