ਨਵੀਂ ਦਿੱਲੀ : ਐੱਨ ਸੀ ਪੀ ਦੇ ਰਲੇਵੇਂ ਤੋਂ ਬਾਅਦ ਸ਼ਰਦ ਪਵਾਰ ਨੂੰ ਵਿਰੋਧੀ ਪਾਰਟੀਆਂ ਦਾ ਸਮਰਥਨ ਮਿਲ ਰਿਹਾ ਹੈ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰ ਜੇ ਡੀ ਦੇ ਪ੍ਰਧਾਨ ਲਾਲੂ ਯਾਦਵ ਨੇ ਸ਼ਰਦ ਪਵਾਰ ਨੂੰ ਸਮਰਥਨ ਦਿੱਤਾ ਹੈ, ਜੋ ਸੋਨੀਆ ਗਾਂਧੀ, ਮਮਤਾ ਬੈਨਰਜੀ ਅਤੇ ਨਿਤਿਸ਼ ਕੁਮਾਰ ਤੋਂ ਬਾਅਦ ਆਇਆ ਹੈ। ਇਸ ਦੇ ਨਾਲ ਹੀ ਵਿਰੋਧੀ ਏਕਤਾ ’ਤੇ ਬੋਲਦੇ ਹੋਏ ਉਨ੍ਹਾ ਕਿਹਾ ਕਿ ਭਾਜਪਾ ਨੂੰ ਬੋਲਣ ਦਿਓ, ਭਾਜਪਾ ਨੂੰ ਅਗਲੇ ਸਾਲ ਚੋਣਾਂ ’ਚ ਹਰਾਇਆ ਜਾਵੇਗਾ। ਸ਼ਰਦ ਪਵਾਰ ਇੱਕ ਸ਼ਕਤੀਸ਼ਾਲੀ ਨੇਤਾ ਹੈ, ਪਰ ਇਹ ਸਭ ਕੁਝ ਉਸ ਦੇ ਭਤੀਜੇ ਦੀ ਦੇਣ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਉਹ ਕਿਸੇ ਦੇ ਕਹਿਣ ਨਾਲ ਰਿਟਾਇਰ ਹੋ ਜਾਵੇਗਾ? ਕੀ ਰਾਜਨੀਤੀ ’ਚ ਕੋਈ ਬੁੱੱਢਾ ਹੋਣ ’ਤੇ ਰਿਟਾਇਰ ਹੋ ਜਾਂਦਾ ਹੈ? ਰਾਜਨੀਤੀ ’ਚ ਰਿਟਾਇਰਮੈਂਟ ਦੀ ਕੋਈ ਉਮਰ ਨਹੀਂ ਹੁੰਦੀ। ਅਸੀਂ ਸ਼ਰਦ ਪਵਾਰ ਦੇ ਨਾਲ ਹਾਂ। ਇਸ ਨਾਲ ਵਿਰੋਧੀ ਏਕਤਾ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ 17 ਪਾਰਟੀਆਂ ਦੇ ਲੋਕ ਇਕਜੁੱਟ ਹੋ ਰਹੇ ਹਨ।
ਭਾਜਪਾ ਦੇ ਲੋਕਾਂ ਨੂੰ ਜੋ ਕਹਿਣਾ ਹੈ ਕਹਿਣ ਦਿਓ। ਇਸ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਤਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ, ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਫੋਨ ’ਤੇ ਸ਼ਰਦ ਪਵਾਰ ਨੂੰ ਆਪਣਾ ਸਮਰਥਨ ਦਿੱਤਾ।





