ਰਾਜਸਥਾਨ ’ਚ ਸੀ ਐੱਮ ਚਿਹਰਾ ਨਹੀਂ : ਕਾਂਗਰਸ

0
182

ਨਵੀਂ ਦਿੱਲੀ : ਰਾਜਧਾਨੀ ਦਿੱਲੀ ’ਚ ਵੀਰਵਾਰ ਕਾਂਗਰਸ ਦੀ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ’ਚ ਰਾਜਸਥਾਨ ਦੇ ਕੁੱਲ 29 ਕਾਂਗਰਸੀ ਨੇਤਾ ਸ਼ਾਮਲ ਹੋਏ। ਅਸਲ ’ਚ ਨਵੰਬਰ-ਦਸੰਬਰ ’ਚ ਰਾਜਸਥਾਨ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਕਰਨਾਟਕ ’ਚ ਸਰਕਾਰ ਬਣਾਉਣ ਤੋਂ ਬਾਅਦ ਕਾਂਗਰਸ ਦਾ ਜੋੋਸ਼ ਹਾਈ ਹੈ। ਕਾਂਗਰਸ ਹੁਣ ਰਾਜਸਥਾਨ ’ਚ ਸਰਕਾਰ ਰਿਪੀਟ ਕਰਨ ਦਾ ਪਲਾਨ ਬਣਾ ਰਹੀ ਹੈ। ਮੀਟਿੰਗ ’ਚ ਚਾਰ ਵੱਡੇ ਫੈਸਲਿਆਂ ’ਤੇ ਸਹਿਮਤੀ ਬਣੀ। ਇਸ ’ਚ ਫੈਸਲਾ ਲਿਆ ਗਿਆ ਕਿ ਰਾਜਸਥਾਨ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦਾ ਕੋਈ ਮੁੱਖ ਮੰਤਰੀ ਚਿਹਰਾ ਨਹੀਂ ਹੋਵੇਗਾ। ਰਾਜਸਥਾਨ ਚੋਣਾਂ ਲਈ ਤਿਆਰੀਆਂ ’ਤੇ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਉਮੀਦਵਾਰਾਂ ਦੀ ਸੂਚੀ ਸਤੰਬਰ ਦੇ ਪਹਿਲੇ ਹਫ਼ਤੇ ਐਲਾਨੀ ਜਾਵੇਗੀ। ਹਾਲਾਂਕਿ ਉਨ੍ਹਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਾਲੇ ਸ਼ਾਂਤੀ ਨੂੰ ਲੈ ਕੇ ਕਿਸੇ ਵੀ ਫਾਰਮੂਲੇ ਦੀ ਗੱਲ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਮੀਟਿੰਗ ’ਚ ਸ਼ਾਮਲ ਨੇਤਾਵਾਂ ਨੇ ਸਹਿਮਤੀ ਨਾਲ ਫੈਸਲਾ ਲਿਆ ਕਿ ਕਾਂਗਰਸ ਰਾਜਸਥਾਨ ਚੋਣਾਂ ਜਿੱਤ ਸਕਦੀ ਹੈ, ਬਸ਼ਰਤੇ ਪਾਰਟੀ ’ਚ ਇਕਜੁੱਟਤਾ ਰਹੇ। ਮੀਟਿੰਗ ’ਚ ਸਾਰੇ ਨੇਤਾਵਾਂ ਨੇ ਇਕਜੁੱਟ ਹੋਣ ਕੇ ਚੋਣਾਂ ਲੜਨ ਦਾ ਫੈਸਲਾ ਕੀਤਾ। ਇਹ ਫੈਸਲਾ ਵੀ ਲਿਆ ਕਿ ਅਗਾਮੀ ਚੋਣਾਂ ’ਚ ਉਮੀਦਵਾਰਾਂ ਦਾ ਨਾਂਅ ਚੋਣ ਜਿੱਤਣ ਦੀ ਸਮਰਥਾ ਦੇ ਆਧਾਰ ’ਤੇ ਕੀਤਾ ਜਾਵੇਗਾ। ਕਾਂਗਰਸ ਨੇਤਾ ਪਾਇਲਟ ਨੇ ਕਿਹਾ ਕਿ ਮੀਟਿੰਗ ’ਚ ਸਾਰੇ ਮੁੱਦਿਆਂ ’ਤੇ ਸਾਰਥਕ, ਵਿਆਪਕ ਅਤੇ ਅਹਿਮ ਚਰਚਾ ਹੋਈ। ਸਾਡਾ ਸੰਗਠਨ, ਨੇਤਾ, ਵਿਧਾਇਕ ਅਤੇ ਸਾਰੇ ਮੰਤਰੀ ਮਿਲ ਕੇ ਕੰਮ ਕਰਨਗੇ। ਉਨ੍ਹਾ ਕਿਹਾ, ‘ਜਿਸ ਤਰ੍ਹਾਂ ਮੈਂ ਕਹਿੰਦਾ ਰਹਿੰਦਾ ਹਾਂ ਕਿ ਸਾਡਾ ਟੀਚਾ ਹੈ ਰਾਜਸਥਾਨ ’ਚ ਫਿਰ ਤੋਂ ਕਾਂਗਰਸ ਦੀ ਸਰਕਾਰ ਕਿਸ ਤਰ੍ਹਾਂ ਬਣੇ।’ ਮੀਟਿੰਗ ’ਚ ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ, ਰਾਹੁਲ ਗਾਂਧੀ, ਮੁੱਖ ਮੰਤਰੀ ਅਸ਼ੋਕ ਗਹਿਲੋਤ, ਰਾਜਸਥਾਨ ਪਾਰਟੀ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੀ ਸੀ ਸੀ ਚੀਫ਼ ਗੋਵਿੰਦ ਡੋਟਾਸਰਾ ਸਮੇਤ 29 ਨੇਤਾ ਸ਼ਾਮਲ ਹੋਏ।

LEAVE A REPLY

Please enter your comment!
Please enter your name here