ਇਕ ਸਾਲ ’ਚ 2351 ਵੱਡੀਆਂ ਮੱਛੀਆਂ ਸਮੇਤ 16360 ਨਸ਼ਾ ਤਸਕਰ ਗਿ੍ਰਫਤਾਰ

0
207

ਚੰਡੀਗੜ੍ਹ (ਗੁਰਜੀਤ ਬਿੱਲਾ)
ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਖਿਲਾਫ਼ ਵਿੱਢੀ ਗਈ ਫੈਸਲਾਕੁੰਨ ਜੰਗ ਦੇ ਇੱਕ ਸਾਲ ਪੂਰਾ ਹੋਣ ਨਾਲ ਪੰਜਾਬ ਪੁਲਸ ਨੇ 5 ਜੁਲਾਈ 2022 ਤੋਂ ਹੁਣ ਤੱਕ 2351 ਵੱਡੀਆਂ ਮੱਛੀਆਂ ਸਮੇਤ 16360 ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲਸ ਵੱਲੋਂ ਕੁੱਲ 12218 ਐੱਫ ਆਈ ਆਰ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 1458 ਵਪਾਰਕ ਮਾਮਲਿਆਂ ਨਾਲ ਸੰਬੰਧਤ ਹਨ।
ਆਈ ਜੀ ਪੀ ਹੈੱਡਕੁਆਰਟਰਜ਼ ਸੁਖਚੈਨ ਸਿੰਘ ਗਿੱਲ, ਜੋ ਸੋਮਵਾਰ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਦੱਸਿਆ ਕਿ ਪੁਲਸ ਟੀਮਾਂ ਨੇ ਨਸ਼ਾ ਪ੍ਰਭਾਵਤ ਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾਉਣ ਤੋਂ ਇਲਾਵਾ ਸੰਵੇਦਨਸ਼ੀਲ ਰਸਤਿਆਂ ’ਤੇ ਨਾਕੇ ਲਗਾ ਕੇ ਸੂਬੇ ਭਰ ਤੋਂ 1073.44 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਸ ਦੀਆਂ ਟੀਮਾਂ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੇ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਸਿਰਫ ਇੱਕ ਸਾਲ ਵਿੱਚ ਹੈਰੋਇਨ ਦੀ ਕੁੱਲ ਰਿਕਵਰੀ 1220.94 ਕਿਲੋ ਹੋ ਗਈ ਹੈ। ਸੂਬੇ ਭਰ ਵਿੱਚੋਂ 797.14 ਕਿਲੋ ਅਫੀਮ, 902.13 ਕਿਲੋ ਗਾਂਜਾ, 375.47 ਕੁਇੰਟਲ ਭੁੱਕੀ ਅਤੇ 65.49 ਲੱਖ ਗੋਲੀਆਂ/ ਕੈਪਸੂਲ/ ਟੀਕੇ/ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਪੁਲਸ ਨੇ ਪਿਛਲੇ ਇੱਕ ਸਾਲ ਦੌਰਾਨ ਗਿ੍ਰਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 12.33 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
ਉਨ੍ਹਾ ਦੱਸਿਆ ਕਿ ਪੰਜਾਬ ਪੁਲਸ ਨੇ ਪਿਛਲੇ ਸਾਲ ਦੌਰਾਨ 66 ਨਸ਼ਾ ਤਸਕਰਾਂ ਦੀਆਂ 26.72 ਕਰੋੜ ਰੁਪਏ ਦੀ ਕੀਮਤ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਹਨ। ਉਨ੍ਹਾ ਦੱਸਿਆ ਕਿ ਉਕਤ ਨਸ਼ਾ ਤਸਕਰਾਂ ਦੀਆਂ ਬਰਨਾਲਾ ਜ਼ਿਲ੍ਹੇ ਵਿੱਚ 2.34 ਕਰੋੜ ਰੁਪਏ ਦੀਆਂ 13 ਜਾਇਦਾਦਾਂ, ਫਾਜ਼ਿਲਕਾ ਜ਼ਿਲ੍ਹੇ ਵਿੱਚ 1.72 ਕਰੋੜ ਰੁਪਏ ਦੀਆਂ 9 ਜਾਇਦਾਦਾਂ ਅਤੇ ਮਾਲੇਰਕੋਟਲਾ ਜ਼ਿਲ੍ਹੇ ਵਿੱਚ 1.13 ਕਰੋੜ ਰੁਪਏ ਦੀਆਂ 6 ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ।
ਹਫ਼ਤਾਵਾਰੀ ਅਪਡੇਟ ਦਿੰਦਿਆਂ ਆਈ ਜੀ ਪੀ ਨੇ ਦੱਸਿਆ ਕਿ ਪਿਛਲੇ ਇੱਕ ਹਫਤੇ ਵਿੱਚ, ਪੁਲਿਸ ਨੇ 32 ਵਪਾਰਕ ਮਾਮਲਿਆਂ ਸਮੇਤ 205 ਐਫਆਈਆਰਜ ਦਰਜ ਕਰਕੇ 297 ਨਸਾ ਤਸਕਰਾਂ/ਸਪਲਾਇਰਾਂ ਨੂੰ ਗਿ੍ਰਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜੇ ‘ਚੋਂ 5.52 ਕਿਲੋਗ੍ਰਾਮ ਹੈਰੋਇਨ, 11.34 ਕਿਲੋ ਅਫੀਮ, 4.02 ਕਿਲੋ ਗਾਂਜਾ, 5.22 ਕੁਇੰਟਲ ਭੁੱਕੀ, 56107 ਗੋਲੀਆਂ, ਕੈਪਸੂਲ, ਟੀਕੇ, ਫਾਰਮਾ ਓਪੀਔਡਜ ਦੀਆਂ ਸੀਸੀਆਂ ਤੋਂ ਇਲਾਵਾ 4.33 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ।
ਉਨ੍ਹਾ ਕਿਹਾ ਕਿ ਪਿਛਲੇ ਇੱਕ ਹਫ਼ਤੇ ਵਿੱਚ 10 ਹੋਰ ਭਗੌੜੇ ਐੱਨ ਡੀ ਪੀ ਐੱਸ ਕੇਸਾਂ ਵਿੱਚ ਗਿ੍ਰਫ਼ਤਾਰ ਕੀਤੇ ਜਾਣ ਦੇ ਨਾਲ 5 ਜੁਲਾਈ, 2022 ਨੂੰ ਪੀ ਓਜ਼/ਭਗੌੜਿਆਂ ਨੂੰ ਗਿ੍ਰਫ਼ਤਾਰ ਕਰਨ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤੋਂ ਬਾਅਦ ਗਿ੍ਰਫ਼ਤਾਰੀਆਂ ਦੀ ਕੁੱਲ ਗਿਣਤੀ ਹੁਣ 964 ਤੱਕ ਪਹੁੰਚ ਗਈ ਹੈ। ਉਹਨਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ। 5 ਜੁਲਾਈ, 2022 ਤੋਂ 16 ਜੁਲਾਈ, 2023 ਤੱਕ ਦੇ ਅਧਿਕਾਰਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਪੁਲਸ ਨੇ 31 ਰਾਈਫਲਾਂ, 209 ਰਿਵਾਲਵਰ/ਪਿਸਟਲ, 5 ਟਿਫਿਨ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ ਆਈ ਡੀਜ਼), 6.78 ਕਿਲੋਗ੍ਰਾਮ ਆਰ ਡੀ ਐੱਕਸ ਅਤੇ ਹੋਰ ਵਿਸਫੋਟਕ, 10 ਹੈਂਡ ਗ੍ਰਨੇਡ, ਡਿਸਪੋਜ਼ਡ ਰਾਕੇਟ ਲਾਂਚਰ ਦੀ ਇੱਕ ਸਲੀਵ, 51 ਡਰੋਨ, ਅਤੇ ਇੱਕ ਲੋਡਡ ਰਾਕੇਟ ਪ੍ਰੋਪੇਲਡ ਗ੍ਰਨੇਡ ਬਰਾਮਦ ਕਰਨ ਤੋਂ ਬਾਅਦ 143 ਅੱਤਵਾਦੀ/ ਕੱਟੜਪੰਥੀਆਂ ਨੂੰ ਗਿ੍ਰਫਤਾਰ ਕਰਕੇ 18 ਅੱਤਵਾਦੀ ਮਡਿਊਲਾਂ ਦਾ ਪਰਦਾ ਫਾਸ਼ ਕੀਤਾ ਹੈ। ਇਸੇ ਤਰ੍ਹਾਂ 6 ਅਪ੍ਰੈਲ, 2022 ਨੂੰ ਗਠਿਤ ਕੀਤੀ ਐਂਟੀ ਗੈਂਗਸਟਰ ਟਾਸਕ ਫੋਰਸ (ਏ ਜੀ ਟੀ ਐੱਫ) ਨੇ ਹੁਣ ਤੱਕ 688 ਗੈਂਗਸਟਰਾਂ/ਅਪਰਾਧੀਆਂ ਨੂੰ ਗਿ੍ਰਫਤਾਰ ਕਰਨ ਤੋਂ ਇਲਾਵਾ 5 ਗੈਂਗਸਟਰਾਂ/ਅਪਰਾਧੀਆਂ ਨੂੰ ਢੇਰ ਕਰਕੇ 208 ਮਡਿਊਲਾਂ ਦਾ ਪਰਦਾ ਫਾਸ਼ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ 667 ਹਥਿਆਰ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਗਏ 157 ਵਾਹਨ ਬਰਾਮਦ ਕੀਤੇ ਹਨ। ਦੱਸਣਯੋਗ ਹੈ ਕਿ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ਵਿੱਚੋਂ ਗੈਂਗਸਟਰਾਂ ਦਾ ਸਫਾਇਆ ਕਰਨ ਲਈ ਏ ਡੀ ਜੀ ਪੀ ਪ੍ਰਮੋਦ ਬਾਨ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏ ਜੀ ਟੀ ਐੱਫ) ਦਾ ਗਠਨ ਕੀਤਾ ਸੀ। ਜ਼ਿਕਰਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ ਜੀ ਪੀ) ਪੰਜਾਬ ਗੌਰਵ ਯਾਦਵ ਨੇ ਸਾਰੇ ਸੀ ਪੀਜ਼/ ਐੱਸੱ ਐੱਸ ਪੀਜ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਹਰੇਕ ਮਾਮਲੇ ਵਿੱਚ, ਖਾਸ ਤੌਰ ’ਤੇ ਨਸ਼ਿਆਂ ਦੀ ਬਰਾਮਦਗੀ ਨਾਲ ਸੰਬੰਧਤ ਅਗਲੀਆਂ-ਪਿਛਲੀਆਂ ਕੜੀਆਂ ਦੀ ਬਰੀਕੀ ਨਾਲ ਜਾਂਚ ਕਰਨ, ਭਾਵੇਂ ਉਨ੍ਹਾਂ ਕੋਲੋਂ ਮਾਮੂਲੀ ਮਾਤਰਾ ਵਿੱਚ ਵੀ ਨਸ਼ਾ ਬਰਾਮਦ ਹੋਇਆ ਹੋਵੇ।

LEAVE A REPLY

Please enter your comment!
Please enter your name here