ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਹੜ੍ਹਾਂ ਦੀ ਸਥਿਤੀ ਬਣੀ ਭਿਆਨਕ : ਅਰਸ਼ੀ

0
184

ਬਰੇਟਾ (ਗੋਬਿੰਦ ਸ਼ਰਮਾ)
‘ਮਾਨਸਾ ਜ਼ਿਲ੍ਹੇ ਦੇ ਸਰਹੱਦੀ ਚਾਂਦਪੁਰਾ ਬੰਨ੍ਹ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਲਾਪ੍ਰਵਾਹੀ ਤੇ ਪੁਖਤਾ ਪ੍ਰਬੰਧਾਂ ਦੀ ਘਾਟ ਕਾਰਨ ਭਿਆਨਕ ਹੜ੍ਹਾਂ ਦੀ ਸਥਿਤੀ ਬਣੀ ਤੇ ਅਨੇਕਾਂ ਪਿੰਡ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੇ ਹਨ, ਜਿਸ ਕਾਰਨ ਫਸਲਾਂ, ਘਰ, ਮਾਲੀ ਨੁਕਸਾਨ ਵੱਡੀ ਪੱਧਰ ਤੇ ਹੋ ਰਿਹਾ ਹੈ। ਸਰਕਾਰ ਕੇਵਲ ਅਖਬਾਰੀ ਬਿਆਨਬਾਜ਼ੀ ਤੋਂ ਇਲਾਵਾ ਕੁਝ ਨਹੀਂ ਕਰ ਰਹੀ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਚਾਂਦਪੁਰਾ ਬੰਨ੍ਹ ਦੇ ਟੁੱਟਣ ਕਾਰਨ ਹੜ੍ਹਾਂ ਤੋਂ ਪ੍ਰਭਾਵਤ ਵੱਖ-ਵੱਖ ਪਿੰਡਾਂ ਕਾਹਨਗੜ੍ਹ, ਕੁਲਰੀਆਂ, ਭਾਵਾ, ਚੱਕ ਅਲੀ ਅਲੀਸ਼ੇਰ ਤੇ ਬੀਰੇਵਾਲਾ ਡੋਗਰਾਂ ਦੇ ਲੋਕਾਂ ਨੂੰ ਮਿਲ ਕੇ ਹਮਦਰਦੀ ਪ੍ਰਗਟ ਕਰਦਿਆਂ ਕੀਤਾ। ਦੌਰੇ ਦੌਰਾਨ ਅਰਸ਼ੀ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਕਿ੍ਰਸ਼ਨ ਚੌਹਾਨ, ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਨੇ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹੜ੍ਹ ਪ੍ਰਭਾਵਤ ਪਿੰਡਾਂ ਵਿੱਚ ਬਚਾਅ ਕਾਰਜਾਂ ਲਈ ਕਿਸ਼ਤੀਆਂ ਦਾ ਫੌਰੀ ਪ੍ਰਬੰਧ ਕਰਕੇ ਜ਼ਿੰਮੇਵਾਰ ਅਫਸਰਾਂ ਦੀਆਂ ਪੱਕੀਆਂ ਡਿਊਟੀਆਂ ਲਾਈਆ ਜਾਣ। ਹੜ੍ਹ ਪ੍ਰਭਾਵਤ ਲੋਕਾਂ ਦੀ ਹਰ ਤਰਾਂ ਦੀ ਮਦਦ, ਹਰਾ ਚਾਰਾ, ਪਾਣੀ ਸਮੇਤ ਲੰਗਰ ਲੋੜਵੰਦ ਲੋਕਾਂ ਤੱਕ ਭੇਜਣ ਲਈ ਆਪਣੇ ਨੰਬਰ ਜਨਤਕ ਕੀਤੇ ਜਾਣ, ਤਾਂ ਜੋ ਸਮਾਜ ਸੇਵੀ ਸੰਸਥਾਵਾਂ, ਧਾਰਮਕ ਅਤੇ ਕਲੱਬਾਂ ਵੱਲੋ ਭੇਜੀ ਜਾ ਰਹੀ ਸਮਗਰੀ ਠੀਕ ਲੋਕਾਂ ਤੱਕ ਪਹੁੰਚਾਈ ਜਾ ਸਕੇ। ਸਾਥੀ ਅਰਸ਼ੀ ਨੇ ਗਰੀਬ ਵਰਗ ਦੇ ਲੋਕਾਂ ਦੇ ਘਰਾਂ ਦੇ ਨੁਕਸਾਨ ਦੀ ਪੂਰਤੀ ਲਈ ਘੱਟੋ-ਘੱਟੋ ਢਾਈ ਲੱਖ ਰੁਪਏ ਦੇਣ, ਨੁਕਸਾਨੀ ਫਸਲ ਦੇ ਪਾਣੀ ਉਤਰਨ ਦੇ ਤੁਰੰਤ ਬਾਅਦ ਗਿਰਦਾਵਰੀ ਕਰਕੇ ਘੱਟੋ-ਘੱਟ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੇ ਪ੍ਰਤੀ ਮਜ਼ਦੂਰ ਪਰਵਾਰ ਨੂੰ ਪੰਦਰਾਂ ਹਜ਼ਾਰ ਰੁਪਏ ਸਹਾਇਤਾ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ। ]
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਜ਼ਰੂਰੀ ਵਸਤੂਆਂ, ਕੱਚਾ-ਪੱਕਿਆ ਰਾਸ਼ਨ, ਪਾਣੀ ਅਤੇ ਹਰਾ ਚਾਰਾ ਲੋੜ ਤੋਂ ਵੀ ਜ਼ਿਆਦਾ ਭੇਜਿਆ ਜਾ ਰਿਹਾ ਹੈ, ਉਹਨਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਓਨੀ ਹੀ ਥੋੜ੍ਹੀ ਹੈ। ਇਸ ਦੌਰੇ ਦੌਰਾਨ ਹਰਕੇਸ਼, ਬਬਲੀ ਮੰਡੇਰ, ਦਰਸ਼ਨ ਭਾਵਾ, ਜਗਰਾਜ ਭਾਵਾ, ਦਰਸ਼ਨ ਸਿੰਘ ਨੰਬਰਦਾਰ ਅਤੇ ਅਮਰੀਕ ਸਿੰਘ ਚੱਕ ਅਲੀਸ਼ੇਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here