ਪਟਿਆਲਾ : ਸ਼ਹਿਰ ਵਿਚਲੇ ਰਾਘੋ ਮਾਜਰਾ ’ਚ ਮੰਗਲਵਾਰ ਰਾਤ ਮਕਾਨ ਦੀ ਗਾਡਰ ਬਾਲੇ ਵਾਲੀ ਛੱਤ ਡਿੱਗਣ ਕਰਨ ਦੋ ਸਕੇ ਮਜ਼ਦੂਰ ਭਰਾਵਾਂ ਦੀ ਮੌਤ ਹੋ ਗਈ। ਇਨ੍ਹਾਂ ਦੀ ਪਛਾਣ 35 ਸਾਲਾ ਮੁੰਨਾ ਲਾਲ ਅਤੇ 45 ਸਾਲਾ ਰਮਾ ਸ਼ੰਕਰ ਵਜੋਂ ਹੋਈ। ਇਨ੍ਹਾਂ ਦੇ ਹੀ ਇਕ ਹੋਰ ਭਰਾ ਚਿਰੰਜੀ ਲਾਲ ਸਮੇਤ ਗੰਗਾ ਰਾਮ ਅਤੇ ਸੰਤੋਸ਼ ਵੀ ਜ਼ਖਮੀ ਹੋ ਗਏ। ਯੂ ਪੀ ਦੇ ਇਹ ਪੰਜੇ ਬੰਦੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ।
ਪੰਜ ਜੀਅ ਦੱਬੇ ਗਏ
ਕਠੂਆ : ਜੰਮੂ ਅਤੇ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਉਪਰਲੇ ਹਿੱਸੇ ’ਚ ਬੁੱਧਵਾਰ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਤੇ ਢਿੱਗਾਂ ਡਿੱਗਣ ਕਾਰਨ ਘੱਟੋ-ਘੱਟ 8 ਵਿਅਕਤੀਆਂ ਦੀ ਮੌਤ ਹੋ ਗਈ। ਬਣੀ ਤਹਿਸੀਲ ਦੇ ਪਿੰਡ ਸੁਰਜਨ ’ਚ ਇਕ ਘਰ ’ਤੇ ਢਿੱਗਾਂ ਡਿੱਗਣ ਕਾਰਨ ਪਰਵਾਰ ਦੇ 5 ਜੀਅ ਜ਼ਿੰਦਾ ਦੱਬ ਗਏ। ਸੇਰਾ ’ਚ ਤਿੰਨ ਹੋਰ ਵਿਅਕਤੀਆਂ ਦੀ ਮੌਤ ਹੋ ਗਈ।
ਯਮੁਨਾ ਫਿਰ ਉੱਛਲੀ
ਨਵੀਂ ਦਿੱਲੀ : ਰਾਜਧਾਨੀ ਅਤੇ ਉਪਰਲੇ ਜਲਗਾਹ ਖੇਤਰਾਂ ’ਚ ਬਾਰਸ਼ ਕਾਰਨ ਬੁੱਧਵਾਰ ਸਵੇਰੇ ਦਿੱਲੀ ’ਚ ਯਮੁਨਾ ਦੇ ਪਾਣੀ ਦਾ ਪੱਧਰ ਫਿਰ 205.33 ਮੀਟਰ ਦੇ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਯਮੁਨਾ ਦਾ ਪਾਣੀ 12 ਘੰਟੇ ਪਹਿਲਾਂ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਚਲਾ ਗਿਆ ਸੀ। ਇਸ ਦਾ ਜਲ ਪੱਧਰ ਸਵੇਰੇ ਅੱਠ ਵਜੇ 205.48 ਮੀਟਰ ਤੱਕ ਪਹੁੰਚ ਗਿਆ ਸੀ, ਜਿਸ ਦੇ ਸ਼ਾਮ ਛੇ ਵਜੇ ਤੱਕ ਵਧ ਕੇ 205.72 ਮੀਟਰ ਹੋਣ ਦੀ ਸੰਭਾਵਨਾ ਸੀ।
ਰਾਵੀ ਕੰਢੇ ਦੇ ਸਹਿਮੇ ਲੋਕ
ਅਜਨਾਲਾ : ਹਿਮਾਚਲ ’ਚ ਹੋ ਰਹੀ ਬਰਸਾਤ ਕਾਰਨ ਉਜ ਦਰਿਆ ਵਿੱਚੋਂ ਕਰੀਬ ਢਾਈ ਲੱਖ ਕਿਊਸਿਕ ਪਾਣੀ ਛੱਡਣ ਕਾਰਨ ਇਹ ਪਾਣੀ ਰਾਵੀ ਦਰਿਆ ’ਚ ਮਿਲਣ ਨਾਲ ਹੁਣ ਰਾਵੀ ਦਰਿਆ ’ਚ 3 ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਚੱਲੇਗਾ, ਜਿਸ ਨਾਲ ਸਰਹੱਦੀ ਖੇਤਰ ਅੰਦਰ ਵੱਸਦੇ ਲੋਕਾਂ ਅੰਦਰ ਸਹਿਮ ਪੈਦਾ ਹੋ ਗਿਆ ਹੈ। ਦਰਿਆ ਨੇੜਲੇ ਸਥਾਨਾਂ ’ਤੇ ਵੱਸਦੇ ਲੋਕਾਂ ਨੂੰ ਉੱਚੀਆਂ ਥਾਵਾਂ ’ਤੇ ਜਾਣ ਅਤੇ ਹੜ੍ਹ ਦੇ ਸੰਭਾਵੀ ਖਤਰੇ ਤੋਂ ਸੁਚੇਤ ਕਰਨ ਲਈ ਪ੍ਰਸ਼ਾਸਨ ਪਿੰਡਾਂ ਦੇ ਗੁਰਦੁਆਰਿਆਂ ਵਿੱਚੋਂ ਮੁਨਿਆਦੀ ਕਰਵਾ ਰਿਹਾ ਹੈ।





