ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਸਮਾਜੀ ਕਾਰਕੁਨ ਤੀਸਤਾ ਸੀਤਲਵਾੜ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ। ਉਸ ’ਤੇ ਗੋਧਰਾ ਕਾਂਡ ਦੇ ਬਾਅਦ ਹੋਏ ਦੰਗਿਆਂ ਨਾਲ ਜੁੜੇ ਮਾਮਲਿਆਂ ’ਚ ਬੇਗੁਨਾਹਾਂ ਨੂੰ ਫਸਾਉਣ ਲਈ ਫਰਜ਼ੀ ਦਸਤਾਵੇਜ਼ ਬਣਾਉਣ ਤੇ ਗਵਾਹ ਪੈਦਾ ਕਰਨ ਦਾ ਦੋਸ਼ ਹੈ। ਜਸਟਿਸ ਬੀ ਆਰ ਗਵਈ, ਜਸਟਿਸ ਏ ਐੱਸ ਬੋਪੰਨਾ ਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਗੁਜਰਾਤ ਹਾਈ ਕੋਰਟ ਦੇ ਉਸ ਹੁਕਮ ਨੂੰ ਵੀ ਰੱਦ ਕਰ ਦਿੱਤਾ, ਜਿਸ ’ਚ ਤੀਸਤਾ ਨੂੰ ਇਕ ਜੁਲਾਈ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਗਿਆ ਸੀ। ਬੈਂਚ ਨੇ ਕਿਹਾ ਕਿ ਤੀਸਤਾ ਖਿਲਾਫ ਚਾਰਜਸ਼ੀਟ ਪੇਸ਼ ਹੋ ਚੁੱਕੀ ਹੈ। ਇਸ ਲਈ ਪੁੱਛਗਿੱਛ ਵਾਸਤੇ ਹਿਰਾਸਤ ਦੀ ਲੋੜ ਨਹੀਂ। ਬੈਂਚ ਨੇ ਤੀਸਤਾ ਨੂੰ ਗਵਾਹਾਂ ਨੂੰ ਪ੍ਰਭਾਵਤ ਨਾ ਕਰਨ ਦਾ ਹੁਕਮ ਵੀ ਦਿੱਤਾ ਹੈ।





