ਆਇਚੀ ਨਾਗੋਆ : ਭਾਰਤ ਨੇ ਸਨਿੱਚਰਵਾਰ ਏਸ਼ੀਆਈ ਖੇਡਾਂ ਵਿੱਚ ਪੁਰਸ਼ ਤੇ ਮਹਿਲਾ ਕਬੱਡੀ ਦੇ ਸੋਨ ਤਮਗੇ ਜਿੱਤ ਲਏ। ਪੁਰਸ਼ਾਂ ਦੇ ਫਾਈਨਲ ਵਿੱਚ ਭਾਰਤ ਨੇ ਈਰਾਨ ਨੂੰ 40-34 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤੀ ਪੁਰਸ਼ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਆਪਣਾ ਨੌਵਾਂ ਸੋਨ ਤਮਗਾ ਜਿੱਤਿਆ। ਭਾਰਤ ਨੇ 2018 ਦੀਆਂ ਜਕਾਰਤਾ ਏਸ਼ੀਆਈ ਖੇਡਾਂ ਨੂੰ ਛੱਡ ਕੇ ਹਰ ਵਾਰ ਪੁਰਸ਼ ਕਬੱਡੀ ਵਿੱਚ ਸੋਨ ਤਮਗਾ ਜਿੱਤਿਆ ਹੈ। 2018 ਵਿੱਚ ਈਰਾਨ ਨੇ ਖਿਤਾਬ ਜਿੱਤਿਆ ਸੀ, ਜਦਕਿ ਭਾਰਤ ਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ ਸੀ। ਪੁਰਸ਼ ਕਬੱਡੀ 1990 ਤੋਂ ਏਸ਼ੀਆਈ ਖੇਡਾਂ ਦਾ ਹਿੱਸਾ ਹੈ। ਮਹਿਲਾ ਟੀਮ ਨੇ ਈਰਾਨ ਨੂੰ 37-34 ਨਾਲ ਹਰਾਇਆ। ਭਾਰਤ ਨੇ ਗਰੁੱਪ ਗੇੜ ਵਿੱਚ ਬੰਗਲਾਦੇਸ਼, ਈਰਾਨ ਅਤੇ ਜਾਪਾਨ ਨੂੰ ਹਰਾਇਆ ਸੀ। ਇਸ ਤੋਂ ਬਾਅਦ ਸੈਮੀਫਾਈਨਲ ਵਿੱਚ ਨੇਪਾਲ ਨੂੰ 48-24 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਮੁਕਾਬਲਾ ਆਖਰ ਤੱਕ ਸਖਤ ਤੇ ਰੋਮਾਂਚਕ ਬਣਿਆ ਰਿਹਾ, ਪਰ ਭਾਰਤੀ ਖਿਡਾਰਨਾਂ ਨੇ ਦਬਾਅ ਦੇ ਬਾਵਜੂਦ ਇਕਾਗਰਤਾ ਬਣਾਈ ਰੱਖੀ। ਮਹਿਲਾ ਕਬੱਡੀ ਨੂੰ 2010 ਵਿੱਚ ਪਹਿਲੀ ਵਾਰ ਏਸ਼ੀਆਈ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਭਾਰਤ ਨੇ ਇਸ ਤੋਂ ਬਾਅਦ ਹਰ ਏਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਹੈ।




