ਚੰਡੀਗੜ੍ਹ (ਗੁਰਜੀਤ ਬਿੱਲਾ)-ਹੈਦਰਾਬਾਦ ਵਿਖੇ ਜਵਾਲਾ ਗੁੱਟਾ ਬੈਡਮਿੰਟਨ ਅਕੈਡਮੀ ਵਿੱਚ ਇਕ ਮਹੀਨੇ ਦੀ ਸਿਖਲਾਈ ਹਾਸਲ ਕਰਨ ਤੋਂ ਬਾਅਦ ਪੰਜਾਬ ਪਰਤੇ ਖਿਡਾਰੀਆਂ ਦੇ ਚਿਹਰਿਆਂ ਉਤੇ ਉਤਸ਼ਾਹ ਤੇ ਜਲੌਅ ਦੇਖਣ ਵਾਲਾ ਸੀ। ਗੱਲਬਾਤ ਵਿੱਚ ਅੱਠ ਵਰ੍ਹਿਆਂ ਦੇ ਯੁਵਾਨ ਬਾਂਸਲ, 10 ਵਰ੍ਹਿਆਂ ਦੀ ਕਾਮਿਲ ਸੱਭਰਵਾਲ, 13 ਵਰ੍ਹਿਆਂ ਦੇ ਸ਼ੀਵਾਨ ਢੀਂਗਰਾ ਤੇ 14 ਵਰ੍ਹਿਆਂ ਦੀ ਆਰੁਸ਼ੀ ਮਹਿਤਾ ਆਤਮ-ਵਿਸ਼ਵਾਸ ਨਾਲ ਲਬਰੇਜ਼ ਸਨ। ਨਵੀਂ ਉਮਰ ਦੇ ਇਨ੍ਹਾਂ ਖਿਡਾਰੀਆਂ ਦਾ ਨਿਸ਼ਾਨਾ ਹੁਣ ਪੁਲੇਲਾ ਗੋਪੀਚੰਦ, ਸਾਇਨਾ ਨੇਹਵਾਲ, ਪੀ ਵੀ ਸਿੰਧੂ, ਜਵਾਲਾ ਗੁੱਟਾ, ਲਕਸ਼ੇ ਸੇਨ ਵਾਂਗ ਬੈਡਮਿੰਟਨ ਦੀ ਦੁਨੀਆ ਵਿੱਚ ਸਿਖਰ ਉਤੇ ਪਹੁੰਚਣਾ ਹੈ। ਅਜਿਹਾ ਆਤਮ-ਵਿਸ਼ਵਾਸ ਸਾਰੇ 34 ਖਿਡਾਰੀਆਂ ਵਿੱਚ ਦੇਖਣ ਨੂੰ ਮਿਲਿਆ, ਜਦੋਂ ਉਹ ਆਪਣੀ ਸਿਖਲਾਈ ਦੇ ਤਜਰਬੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਸਾਂਝੇ ਕਰ ਰਹੇ ਸਨ। ਪੰਜਾਬ ਭਵਨ ਚੰਡੀਗੜ੍ਹ ਦਾ ਚੌਗਿਰਦਾ ਇਨ੍ਹਾਂ ਉਭਰਦੇ ਖਿਡਾਰੀਆਂ ਦੇ ਜੋਸ਼ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਦਾ ਸੁਫਨਾ ਇਹ ਖਿਡਾਰੀ ਹੁਣ ਆਪਣੀ ਲਗਨ ਤੇ ਮਿਹਨਤ ਨਾਲ ਪੂਰਾ ਕਰਨਗੇ। ਪੰਜਾਬ ਦੇ ਖੇਡ ਵਿਭਾਗ ਵੱਲੋਂ ਆਪਣੇ ਖਰਚੇ ਉਤੇ ਹੈਦਰਾਬਾਦ ਸਿਖਲਾਈ ਲਈ ਭੇਜੇ 34 ਖਿਡਾਰੀ ਇਕ ਮਹੀਨੇ ਦੌਰਾਨ ਦਰੋਣਾਚਾਰੀਆ ਐਵਾਰਡੀ ਤੇ ਸਾਬਕਾ ਭਾਰਤੀ ਬੈਡਮਿੰਟਨ ਕੋਚ ਐੱਸ ਐੱਮ ਆਰਿਫ ਕੋਲੋਂ ਸਿੱਖੇ ਗੁਰਾਂ ਅਤੇ ਤਕਨੀਕਾਂ ਤੋਂ ਆਪਣੇ ਰੋਜ਼ਾਨਾ ਦੇ ਅਭਿਆਸ ਦੌਰਾਨ ਸੇਧ ਲੈਂਦੇ ਰਹਿਣਗੇ।




