ਨਵੀਂ ਦਿੱਲੀ : ਮਨੀਪੁਰ ’ਚ ਮਹਿਲਾਵਾਂ ਨੂੰ ਨਿਰਵਸਤਰ ਘੁਮਾਉਣ ਤੇ ਸਮੂਹਕ ਬਲਾਤਕਾਰ ਦੀ ਵੀਡੀਓ ਨੇ ਹਿਲਾ ਕੇ ਰੱਖ ਦਿੱਤਾ ਹੈ। ਸੂਬੇ ਵਿਚ ਮੈਤੇਈ ਤੇ ਕੁੱਕੀ ਭਾਈਚਾਰਿਆਂ ਵਿਚਾਲੇ ਝੜਪ ਤੋਂ ਇਕ ਦਿਨ ਬਾਅਦ ਚਾਰ ਮਈ ਨੂੰ ਕਾਂਗਪੋਕਪੀ ਜ਼ਿਲ੍ਹੇ ਦੇ ਪਿੰਡ ਬੀ ਫੀਨੋਮ ਉਤੇ ਹਮਲਾ ਕਰਕੇ ਭੀੜ ਨੇ ਤਿੰਨ ਕੁੱਕੀ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਸੜਕ ’ਤੇ ਘੁਮਾਇਆ ਤੇ ਇਕ ਮਹਿਲਾ ਨਾਲ ਦਿਨ-ਦਿਹਾੜੇ ਸਮੂਹਕ ਬਲਾਤਕਾਰ ਕੀਤਾ। ‘ਇੰਡੀਅਨ ਐੱਕਸਪ੍ਰੈੱਸ’ ਦੀ ਰਿਪੋਰਟ ਮੁਤਾਬਕ ਇਕ ਮਹਿਲਾ ਨੇ ਦੱਸਿਆ ਕਿ ਹਮਲੇ ਤੋਂ ਬਚਣ ਲਈ ਉਹ ਜੰਗਲ ਵੱਲ ਭੱਜ ਗਏ। ਥੋਬਲ ਥਾਣੇ ਦੀ ਪੁਲਸ ਨੇ ਪਹਿਲਾਂ ਉਨ੍ਹਾਂ ਨੂੰ ਬਚਾਇਆ ਤੇ ਫਿਰ ਥਾਣੇ ਲਿਜਾਂਦਿਆਂ ਦੋ ਕੁ ਕਿਲੋਮੀਟਰ ਉਰੇ ਫਿਰ ਭੀੜ ਹਵਾਲੇ ਕਰ ਦਿੱਤਾ।
ਵੀਡੀਓ ਵਿਚ ਦੋ ਮਹਿਲਾਵਾਂ ਨੂੰ ਨਿਰਵਸਤਰ ਕਰਾ ਕੇ ਕੁਝ ਨੌਜਵਾਨ ਸੜਕ ’ਤੇ ਲਿਜਾਂਦੇ ਨਜ਼ਰ ਆ ਰਹੇ ਹਨ। ਕੁਝ ਮਰਦ ਪ੍ਰੇਸ਼ਾਨ ਮਹਿਲਾਵਾਂ ਨੂੰ ਖੇਤਾਂ ਵੱਲ ਖਿੱਚਦੇ ਨਜ਼ਰ ਆ ਰਹੇ ਹਨ।
ਨਿਊਜ਼ ਵੈੱਬਸਾਈਟ ਸਕਰੌਲ ਨੇ 40 ਸਾਲਾ ਮਹਿਲਾ ਨਾਲ ਗੱਲਬਾਤ ਕੀਤੀ, ਜਿਸ ਨੇ ਦੱਸਿਆਜਦੋਂ ਅਸੀਂ ਸੁਣਿਆ ਕਿ ਮੈਤੇਈ ਭੀੜ ਨੇੜਲੇ ਪਿੰਡ ਦੇ ਘਰਾਂ ਨੂੰ ਅੱਗਾਂ ਲਾ ਰਹੀ ਹੈ ਤਾਂ ਸਾਡਾ ਪਰਵਾਰ ਤੇ ਹੋਰ ਲੋਕ ਭੱਜ ਨਿਕਲੇ, ਪਰ ਭੀੜ ਨੇ ਸਾਨੂੰ ਲੱਭ ਲਿਆ। ਸਾਡੇ ਗੁਆਂਢੀ ਤੇ ਉਸ ਦੇ ਬੇਟੇ ਨੂੰ ਥੋੜ੍ਹੀ ਦੂਰ ਲਿਜਾ ਕੇ ਮਾਰ ਦਿੱਤਾ, ਜਿਨ੍ਹਾਂ ਆਪਣੀ ਬੱਚੀ ਨਾਲ ਬਦਮਾਸ਼ੀ ਦਾ ਵਿਰੋਧ ਕੀਤਾ ਸੀ। ਫਿਰ ਭੀੜ ਨੇ ਮਹਿਲਾਵਾਂ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਨੂੰ ਕੱਪੜੇ ਲਾਹੁਣ ਲਈ ਕਿਹਾ। ਅਸੀਂ ਵਿਰੋਧ ਕੀਤਾ ਤਾਂ ਧਮਕੀ ਦਿੱਤੀ ਕਿ ਜੇ ਕੱਪੜੇ ਨਾ ਲਾਹੇ ਤਾਂ ਮਾਰ ਦੇਵਾਂਗੇ। ਖੁਦ ਨੂੰ ਬਚਾਉਣ ਲਈ ਮੈਂ ਕੱਪੜੇ ਲਾਹ ਦਿੱਤੇ। ਭੀੜ ਵਿਚਲੇ ਮਰਦਾਂ ਨੇ ਮੈਨੂੰ ਥੱਪੜ ਤੇ ਮੁੱਕੇ ਮਾਰੇ। ਮੈਨੂੰ ਪਤਾ ਨਹੀਂ ਲੱਗਾ ਕਿ ਮੇਰੀ 21 ਸਾਲਾ ਗੁਆਂਢਣ ਨਾਲ ਕੀ ਹੋ ਰਿਹਾ ਹੈ, ਕਿਉਕਿ ਉਹ ਕੁਝ ਦੂਰ ਸੀ। ਮੈਨੂੰ ਝੋਨੇ ਦੇ ਖੇਤ ਵਿਚ ਧੂਹ ਕੇ ਕੁਝ ਮਰਦਾਂ ਨੇ ਲੇਟਣ ਲਈ ਕਿਹਾ। ਮੈਂ ਲੇਟ ਗਈ। ਤਿੰਨ ਲੋਕਾਂ ਨੇ ਮੈਨੂੰ ਘੇਰ ਰੱਖਿਆ ਸੀ। ਇਕ ਨੇ ਦੂਜੇ ਨੂੰ ਕਿਹਾ ਕਿ ਚਲੋ ਇਸ ਦਾ ਰੇਪ ਕਰਦੇ ਹਾਂ, ਪਰ ਕੀਤਾ ਨਹੀਂ। ਮੈਂ ਖੁਸ਼ਕਿਸਮਤ ਸੀ ਕਿ ਮੇਰੇ ਨਾਲ ਰੇਪ ਨਹੀਂ ਹੋਇਆ, ਪਰ ਉਨ੍ਹਾਂ ਮੇਰੇ ਸਰੀਰ ਨੂੰ ਜ਼ਰੂਰ ਛੂਹਿਆ।
ਇਕ ਸੀਨੀਅਰ ਪੁਲਸ ਅਫਸਰ ਨੇ ਦੱਸਿਆ ਕਿ ਘਟਨਾ ਚਾਰ ਮਈ ਨੂੰ ਥੋਬਲ ਜ਼ਿਲ੍ਹੇ ਵਿਚ ਵਾਪਰੀ ਤੇ 18 ਮਈ ਨੂੰ ਕਾਂਗਪੋਕਪੀ ਜ਼ਿਲ੍ਹੇ ਵਿਚ ਜ਼ੀਰੋ ਐੱਫ ਆਈ ਆਰ ਦਰਜ ਕਰਾਈ ਗਈ ਸੀ। ਇਸ ਦੇ ਬਾਅਦ ਮਾਮਲਾ ਥੋਬਲ ਥਾਣੇ ਨੂੰ ਭੇਜ ਦਿੱਤਾ ਗਿਆ। ਅਣਪਛਾਤੇ ਬਦਮਾਸ਼ਾਂ ਖਿਲਾਫ ਅਗਵਾ, ਸਮੂਹਕ ਬਲਾਤਕਾਰ ਤੇ ਹੱਤਿਆ ਦੀਆਂ ਧਾਰਾਵਾਂ ਤਹਿਤ ਐੱਫ ਆਈ ਆਰ ਦਰਜ ਹੋਈ ਸੀ। ਐੱਸ ਪੀ ਮੇਘਚੰਦਰ ਸਿੰਘ ਨੇ ਵੀਡੀਓ ਵਾਇਰਲ ਹੋਣ ’ਤੇ 19 ਜੁਲਾਈ ਨੂੰ ਕਿਹਾ ਕਿ ਦੋਸ਼ੀਆਂ ਨੂੰ ਫੜਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਵੀਰਵਾਰ ਪੁਲਸ ਨੇ ਕਿਹਾ ਕਿ ਮੁੱਖ ਮੁਲਜ਼ਮਾਂ ਵਿੱਚੋਂ ਇਕ ਨੂੰ ਫੜ ਲਿਆ ਗਿਆ ਹੈ।
ਇਸੇ ਦੌਰਾਨ ਸੁਪਰੀਮ ਕੋਰਟ ਨੇ ਇਸ ਘਟਨਾ ’ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਸੂਬਾਈ ਤੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਦੱਸਣ ਕਿ ਉਨ੍ਹਾਂ ਹਮਲਾਵਰਾਂ ਵਿਰੁੱਧ ਕੀ ਕਾਰਵਾਈ ਕੀਤੀ ਹੈ। ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਅਟਾਰਨੀ ਜਨਰਲ ਵੈਂਕਟਰਮਣੀ ਤੇ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਕੋਲ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਸਰਕਾਰ ਨੂੰ ਕੁਝ ਹੋਰ ਸਮਾਂ ਦੇ ਰਹੇ ਹਨ ਅਤੇ ਜੇ ਕੋਈ ਕਾਰਵਾਈ ਨਾ ਹੋਈ ਤਾਂ ਖੁਦ ਦਖਲ ਦੇਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਕਿਹਾ ਕਿ ਇਹ ਘਟਨਾ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮਨਾਕ ਹੈ ਅਤੇ ਇਸ ਨਾਲ ਪੂਰੇ ਦੇਸ਼ ਦਾ ਅਪਮਾਨ ਹੋਇਆ ਹੈ। ਸੰਸਦ ਦੇ ਮੌਨਸੂਨ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ’ਚ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਾਨੂੰਨ ਇੱਕ ਤੋਂ ਬਾਅਦ ਇੱਕ ਸਖਤ ਕਦਮ ਚੁੱਕੇਗਾ। ਕਾਂਗਰਸ ਨੇ ਮੋਦੀ ਦੇ ਬਿਆਨ ਤੋਂ ਬਾਅਦ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਨੀਪੁਰ ਵਿਚ ਜਾਤੀ ਟਕਰਾਅ ਦੇ ਮੁੱਦੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਤੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੂੰ ਵੀ ਅਹੁਦਾ ਛੱਡਣ ਦਾ ਨਿਰਦੇਸ਼ ਨਹੀਂ ਦਿੱਤਾ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਆਪਣੀ ਜਵਾਬਦੇਹੀ ਤੋਂ ਭੱਜ ਨਹੀਂ ਸਕਦੇ। ਸੰਸਦ ਦੇ ਮੌਨਸੂਨ ਸੈਸ਼ਨ ਦਾ ਪਹਿਲਾ ਦਿਨ ਕਾਫੀ ਹੰਗਾਮਾ ਭਰਪੂਰ ਰਿਹਾ ਤੇ ਮਨੀਪੁਰ ਘਟਨਾ ਤੋਂ ਨਾਰਾਜ਼ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਬਾਅਦ ਦੁਪਹਿਰ ਬਾਕੀ ਸਾਰੇ ਦਿਨ ਲਈ ਉਠਾਅ ਦਿੱਤੀ ਗਈ। ਇਸ ਤੋਂ ਪਹਿਲਾਂ ਸਵੇਰੇ ਇਸ ਨੂੰ ਮੁਲਤਵੀ ਕੀਤਾ ਗਿਆ। ਬਾਅਦ ਦੁਪਹਿਰ 2 ਵਜੇ ਜਦੋਂ ਸਦਨ ਮੁੜ ਜੁੜਿਆ ਤਾਂ ਹਾਲਾਤ ਪਹਿਲਾਂ ਵਾਲੇ ਰਹੇ ਤੇ ਪੰਜ ਮਿੰਟਾਂ ਦੇ ਅੰਦਰ ਕਾਰਵਾਈ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਦੂਜੇ ਪਾਸੇ ਮਨੀਪੁਰ ਹਿੰਸਾ ’ਤੇ ਨਿਯਮ 267 ਦੇ ਤਹਿਤ ਚਰਚਾ ਕਰਨ ਦੀ ਮੰਗ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਬਾਅਦ ਦੁਪਹਿਰ 2.08 ਵਜੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਵੀ ਹੰਗਾਮੇ ਕਾਰਨ ਸਦਨ ’ਚ ਕੰਮ ਨਹੀਂ ਹੋਇਆ।



