ਸੰਸਦ ਦੇ ਦੋਨੋਂ ਸਦਨ ਨਹੀਂ ਚੱਲੇ

0
320

ਨਵੀਂ ਦਿੱਲੀ : ਸੰਸਦ ਦੇ ਮੌਨਸੂਨ ਸੈਸ਼ਨ ‘ਚ ਸ਼ੁੱਕਰਵਾਰ ਲਗਾਤਾਰ ਦੂਸਰੇ ਦਿਨ ਲੋਕ ਸਭਾ ‘ਚ ਮਨੀਪੁਰ ਹਿੰਸਾ ਦੀ ਗੂੰਜ ਸੁਣਾਈ ਦਿੱਤੀ ਅਤੇ ਇਸ ਮੁੱਦੇ ‘ਤੇ ਸਦਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਅਤੇ ਚਰਚਾ ਕਰਵਾਉਣ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਭਾਰੀ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਇੱਕ ਵਾਰ ਮੁੜ ਮੁਅੱਤਲ ਕਰਨ ਮਗਰੋਂ ਲੱਗਭੱਗ 12.15 ਵਜੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ | ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਮੈਂਬਰਾਂ ਨੇ ਮਨੀਪੁਰ ਦਾ ਮੁੱਦਾ ਉਠਾਉਣਾ ਸ਼ੁਰੂ ਕਰ ਦਿੱਤਾ | ਕਾਂਗਰਸ, ਡੀ ਐੱਮ ਕੇ ਤੇ ਖੱਬੇ ਪੱਖੀ ਪਾਰਟੀਆਂ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਵੀ ਕੀਤੀ | ਕੁਝ ਨੇ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ‘ਤੇ ਲਿਖਿਆ ਸੀ, ”ਇੰਡੀਆ ਚਾਹੁੰਦਾ ਹੈ ਪ੍ਰਧਾਨ ਮੰਤਰੀ ਸਦਨ ‘ਚ ਆਉਣ |” ਇਸ ਦੌਰਾਨ ‘ਜਵਾਬ ਦਿਓ ਜਵਾਬ ਦਿਓ’ ਦੇ ਨਾਅਰੇ ਵੀ ਲੱਗੇ | ਉਧਰ ਕੌਮੀ ਰਾਜਧਾਨੀ ਦੇ ਸੇਵਾ ਮਾਮਲੇ ‘ਤੇ ਆਰਡੀਨੈਂਸ ਅਦਾਲਤ ‘ਚ ਵਿਚਾਰ ਅਧੀਨ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਉਸ ਦੀ ਥਾਂ ਬਿੱਲ ਲਿਆਉਣ ਦੇ ਮੁੱਦੇ ‘ਤੇ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ ਹੈ | ਇਸ ਤੋਂ ਪਹਿਲਾਂ ਕਾਰਵਾਈ ਢਾਈ ਵਜੇ ਤੱਕ ਮੁਲਤਵੀ ਕੀਤੀ ਗਈ ਸੀ |
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ‘ਚ ਕਿਹਾ ਕਿ ਸਰਕਾਰ ਮਨੀਪੁਰ ਦੀ ਘਟਨਾ ‘ਤੇ ਚਰਚਾ ਲਈ ਤਿਆਰ ਹੈ, ਪਰ ਵਿਰੋਧੀ ਧਿਰ ਗੰਭੀਰ ਨਹੀਂ ਦਿਖਾਈ ਦੇ ਰਹੀ | ਹੰਗਾਮੇ ਦੌਰਾਨ ਸਰਕਾਰ ਦਾ ਪੱਖ ਰੱਖਦਿਆਂ ਰਾਜਨਾਥ ਨੇ ਇਹ ਵੀ ਕਿਹਾ ਕਿ ਕੁੱਝ ਸਿਆਸੀ ਪਾਰਟੀਆਂ ਅਜਿਹੀ ਸਥਿਤੀ ਪੈਦਾ ਕਰਨਾ ਚਾਹੁੰਦੀਆਂ ਹਨ ਕਿ ਸਦਨ ‘ਚ ਮਨੀਪੁਰ ਦੇ ਵਿਸ਼ੇ ‘ਤੇ ਚਰਚਾ ਨਾ ਹੋਵੇ | ਉਨ੍ਹਾ ਕਿਹਾ ਕਿ ਮਨੀਪੁਰ ਦੀ ਘਟਨਾ ਦੀ ਗੰਭੀਰਤਾ ਨੂੰ ਸਮਝਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਕਿਹਾ ਹੈ ਕਿ ਇਸ ਨਾਲ ਪੂਰਾ ਦੇਸ਼ ਸ਼ਰਮਸਾਰ ਹੋਇਆ ਹੈ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ |

LEAVE A REPLY

Please enter your comment!
Please enter your name here