ਇੰਫਾਲ : ਮਨੀਪੁਰ ਵਿਚ ਭੀੜ ਨੇ ਜਿਨ੍ਹਾਂ ਦੋ ਮਹਿਲਾਵਾਂ ਨੂੰ ਨਿਰਵਸਤਰ ਘੁਮਾਇਆ ਅਤੇ ਜਿਨਸੀ ਤਸੀਹੇ ਦਿੱਤੇ, ਉਨ੍ਹਾਂ ਵਿੱਚੋਂ ਇਕ ਦੇ ਪਤੀ ਨੇ ਕਾਰਗਿਲ ਦੀ ਲੜਾਈ ਲੜੀ ਸੀ | ਫੌਜ ਵਿਚ ਆਸਾਮ ਰੈਜੀਮੈਂਟ ਦੇ ਸੂਬੇਦਾਰ ਰਹੇ ਪਤੀ ਨੇ ਕਿਹਾ-ਮੈਂ ਕਾਰਗਿਲ ਜੰਗ ਵਿਚ ਦੇਸ਼ ਖਾਤਰ ਲੜਿਆ ਅਤੇ ਸ੍ਰੀਲੰਕਾ ਵਿਚ ਭਾਰਤੀ ਅਮਨ ਬਹਾਲੀ ਬਲ ਦਾ ਹਿੱਸਾ ਵੀ ਰਿਹਾ | ਮੈਂ ਰਾਸ਼ਟਰ ਦੀ ਰਾਖੀ ਕੀਤੀ ਪਰ ਦੁਖੀ ਹਾਂ ਕਿ ਰਿਟਾਇਰਮੈਂਟ ਤੋਂ ਬਾਅਦ ਆਪਣੇ ਘਰ, ਪਤਨੀ ਤੇ ਸਾਥੀ ਪਿੰਡ ਵਾਸੀਆਂ ਦੀ ਰਾਖੀ ਨਹੀਂ ਕਰ ਸਕਿਆ | ਮੈਂ ਦੁਖੀ ਹਾਂ |
ਉਸ ਨੇ ਕਿਹਾ-ਚਾਰ ਮਈ ਦੇ ਸਵੇਰ ਭੀੜ ਨੇ ਪਿੰਡ ਦੇ ਕਈ ਘਰ ਸਾੜ ਦਿੱਤੇ, ਦੋ ਮਹਿਲਾਵਾਂ ਨੂੰ ਲੋਕਾਂ ਦੇ ਸਾਹਮਣੇ ਨਿਰਵਸਤਰ ਘੁਮਾਇਆ | ਪੁਲਸ ਮੌਜੂਦ ਸੀ, ਪਰ ਉਸ ਨੇ ਕੁਝ ਨਹੀਂ ਕੀਤਾ | ਮੈਂ ਚਾਹੁੰਦਾ ਹਾਂ ਕਿ ਘਰ ਸਾੜਨ ਵਾਲਿਆਂ ਤੇ ਮਹਿਲਾਵਾਂ ਨੂੰ ਬੇਇੱਜ਼ਤ ਕਰਨ ਵਾਲਿਆਂ ਨੂੰ ਇਬਰਤਨਾਕ ਸਜ਼ਾ ਮਿਲੇ |
19 ਜੁਲਾਈ ਤੋਂ ਸੋਸ਼ਲ ਮੀਡੀਆ ‘ਤੇ ਮਨੀਪੁਰ ਦੀ ਵੀਡੀਓ ਵਾਇਰਲ ਹੈ, ਜਿਸ ਵਿਚ ਭੀੜ ਵੱਲੋਂ ਦੋ ਕੁੱਕੀ ਮਹਿਲਾਵਾਂ ਨੂੰ ਨਿਰਵਸਤਰ ਘੁਮਾਉਂਦੇ ਦੇਖਿਆ ਜਾ ਸਕਦਾ ਹੈ | ਮਹਿਲਾਵਾਂ ਨੂੰ ਜਿਨਸੀ ਤਸੀਹੇ ਦਿੱਤੇ ਗਏ | ਇਕ ਨਾਲ ਤਾਂ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਕੀਤਾ ਗਿਆ |
ਇਹ ਵਾਕਿਆ ਚਾਰ ਮਈ ਦਾ ਹੈ, ਪਰ ਵੀਡੀਓ ਬੁੱਧਵਾਰ ਸਾਹਮਣੇ ਆਈ | ਲੱਗਭੱਗ ਢਾਈ ਮਹੀਨੇ ਮਨੀਪੁਰ ਦੀ ਹਿੰਸਾ ਬਾਰੇ ਖਾਮੋਸ਼ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਬਿਆਨ ਦੇ ਕੇ ਕਿਹਾ ਕਿ ਇਸ ਘਟਨਾ ਨੇ 140 ਕਰੋੜ ਦੇਸ਼ਵਾਸੀਆਂ ਨੂੰ ਸ਼ਰਮਸਾਰ ਕਰ ਦਿੱਤਾ ਹੈ | ਸੁਪਰੀਮ ਕੋਰਟ ਨੇ ਕਿਹਾ ਕਿ ਜੇ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਉਹ ਕਰੇਗੀ | ਕੌਮੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਵਿਚ ਖੁਦ ਨੋਟਿਸ ਲੈਣ ਦਾ ਐਲਾਨ ਕੀਤਾ ਹੈ, ਪਰ ਇਕ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਕੌਮੀ ਮਹਿਲਾ ਕਮਿਸ਼ਨ ਖੁਦ ਨੋਟਿਸ ਲੈਣ ਦਾ ਜਿਹੜਾ ਦਾਅਵਾ ਕਰ ਰਹੀ ਹੈ, ਦਰਅਸਲ ਉਸ ਕੋਲ ਘਟਨਾ ਦੀ ਲਿਖਤੀ ਸ਼ਿਕਾਇਤ 38 ਦਿਨ ਪਹਿਲਾਂ 12 ਜੂਨ ਨੂੰ ਹੀ ਕਰ ਦਿੱਤੀ ਗਈ ਸੀ | ਏਨੇ ਦਿਨ ਨਾ ਉਸ ਨੇ ਕੋਈ ਕਾਰਵਾਈ ਕੀਤੀ ਤੇ ਨਾ ਕੋਈ ਪ੍ਰਤੀਕ੍ਰਿਆ ਦਿੱਤੀ |
ਕਮਿਸ਼ਨ ਨੂੰ ਸ਼ਿਕਾਇਤ ਦੋ ਮਨੀਪੁਰੀ ਮਹਿਲਾਵਾਂ ਤੇ ਮਨੀਪੁਰ ਆਦਿਵਾਸੀ ਸੰਘ ਨੇ ਦਿੱਤੀ ਸੀ | ਸੰਘ ਦਾ ਹੈੱਡਕੁਆਰਟਰ ਵਿਦੇਸ਼ ਵਿਚ ਹੈ | ਸ਼ਿਕਾਇਤਕਰਤਾਵਾਂ ਨੇ ਦੋਹਾਂ ਪੀੜਤ ਮਹਿਲਾਵਾਂ ਨਾਲ ਗੱਲ ਕਰਕੇ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੂੰ ਈਮੇਲ ਕੀਤੀ ਸੀ | ਸ਼ਿਕਾਇਤ ਵਿਚ ਸਪੱਸ਼ਟ ਲਿਖਿਆ ਗਿਆ ਸੀ ਕਿ ਚਾਰ ਮਈ ਨੂੰ ਕਾਂਗਪੋਕਪੀ ਜ਼ਿਲ੍ਹੇ ਦੇ ਇਕ ਪਿੰਡ ਵਿਚ ਦੋ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ, ਕੁੱਟਿਆ ਗਿਆ ਅਤੇ ਫਿਰ ਦੰਗਾਈ ਮੈਤੇਈ ਭੀੜ ਨੇ ਸਰਵਜਨਕ ਤੌਰ ‘ਤੇ ਸਮੂਹਕ ਬਲਾਤਕਾਰ ਕੀਤਾ | ਸ਼ਿਕਾਇਤ ਵਿਚ ਅਪੀਲ ਕੀਤੀ ਗਈ ਸੀ ਕਿ ਕਮਿਸ਼ਨ ਬਲਾਤਕਾਰ, ਅਗਵਾ, ਸਰਵਜਨਕ ਹੱਤਿਆ, ਜਲਾਉਣ ਤੇ ਹੱਤਿਆ ਸਣੇ ਯੋਨ ਹਿੰਸਾ ਦੇ ਕਾਰਿਆਂ ਨਾਲ ਕੁੱਕੀ-ਜ਼ੋਮੀ ਆਦਿਵਾਸੀ ਮਹਿਲਾਵਾਂ ਉੱਤੇ ਅੱਤਿਆਚਾਰ ਦੀ ਫੌਰੀ ਪੜਤਾਲ ਕਰੇ |
ਸ਼ਿਕਾਇਤ ਵਿਚ ਹੋਰ ਵੀ ਕਈ ਮਿਸਾਲਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਮਨੀਪੁਰ ਦੀ ਹਿੰਸਾ ਦੌਰਾਨ ਕਈ ਕੁੱਕੀ-ਜ਼ੋਮੀ ਮਹਿਲਾਵਾਂ ਨੂੰ ਗਰਭ ਅਵਸਥਾ ਦੇ ਪੂਰੇ ਹੋਣ ਦੇ ਕਰੀਬ ਜਾਂ ਸਰਜਰੀ ਤੋਂ ਬਾਅਦ ਠੀਕ ਹੋਣ ਦੌਰਾਨ ਜਾਨ ਬਚਾਉਣ ਲਈ ਮਜਬੂਰ ਹੋਣਾ ਪਿਆ | ਕੁਝ ਨੇ ਆਰਜ਼ੀ ਕੈਂਪਾਂ ਵਿਚ ਬੱਚੇ ਨੂੰ ਜਨਮ ਦਿੱਤਾ | ਤਿੰਨ ਮਈ ਨੂੰ ਇਕ ਯੂਨੀਵਰਸਿਟੀ ਵਿਚ ਵਿਦਿਆਰਥਣਾਂ ਨੂੰ ਭੀੜ ਨੇ ਹੋਸਟਲ ਵਿੱਚੋਂ ਕੱਢ ਕੇ ਬਦਸਲੂਕੀ ਤੇ ਗਾਲੀ-ਗਲੋਚ ਕੀਤੀ | ਇਕ ਵਿਦਿਆਰਥਣ ਨੇ ਬਾਥਰੂਮ ਵਿਚ ਲੁਕ ਕੇ ਜਾਨ ਬਚਾਈ | ਇਸ ਦੌਰਾਨ ਭੀੜ ‘ਕੁੱਕੀ ਮਹਿਲਾਵਾਂ ਨੂੰ ਮਾਰ ਦਿਓ’ ਵਰਗੇ ਨਾਅਰੇ ਲਾ ਰਹੀ ਸੀ | ਆਸਾਮ ਰਾਈਫਲਜ਼ ਦੇ ਜਵਾਨਾਂ ਨੇ ਤੜਕੇ ਸਵਾ ਤਿੰਨ ਵਜੇ ਵਿਦਿਆਰਥਣਾਂ ਨੂੰ ਬਚਾਇਆ | ਚਾਰ ਮਈ ਨੂੰ ਇਕ ਨਰਸਿੰਗ ਇੰਸਟੀਚਿਊਟ ਦੀ 22 ਸਾਲਾ ਵਿਦਿਆਰਥਣ ‘ਤੇ ਲੱਗਭੱਗ 40 ਲੋਕਾਂ ਦੀ ਭੀੜ ਨੇ ਹਮਲਾ ਕੀਤਾ | ਉਸ ਦੇ ਅਗਲੇ ਦੰਦ ਟੁੱਟ ਗਏ | ਉਸ ਵੇਲੇ ਮੈਤੇਈ ਮਹਿਲਾਵਾਂ ਚਿੱਲਾਈਆਂ-ਉਸ ਦਾ ਬਲਾਤਕਾਰ ਕਰੋ | ਉਸ ਨੂੰ ਤਸੀਹੇ ਦਿਓ | ਉਸ ਦੇ ਟੁਕੜੇ-ਟੁਕੜੇ ਕਰ ਦਿਓ | ਪੰਜ ਮਈ ਨੂੰ 20 ਸਾਲ ਦੀਆਂ ਦੋ ਮੁਟਿਆਰਾਂ ਨੂੰ ਮੈਤੇਈ ਬਦਮਾਸ਼ਾਂ ਨੇ ਮੂੰਹ ਬੰਦ ਕਰਕੇ ਕੁੱਟਿਆ, ਘਸੀਟਿਆ ਤੇ ਦੋ ਘੰਟੇ ਤੱਕ ਕਮਰੇ ਵਿਚ ਕੈਦ ਰੱਖਿਆ | ਇਸ ਦੇ ਬਾਅਦ ਬਲਾਤਕਾਰ ਕੀਤਾ ਤੇ ਫਿਰ ਹੱਤਿਆ ਕਰ ਦਿੱਤੀ | ਛੇ ਮਈ ਨੂੰ 45 ਸਾਲਾ ਵਿਧਵਾ ਨੂੰ ਮੈਤੇਈ ਭੀੜ ਨੇ ਬੇਰਹਿਮੀ ਨਾਲ ਕੱੁਟਿਆ, ਗੋਲੀ ਮਾਰੀ ਤੇ ਸਾੜ ਦਿੱਤਾ ਗਿਆ | ਇਕ ਤਾਂ 15 ਸਾਲਾ ਕੁੜੀ ਨੂੰ ਅਗਵਾ ਕਰ ਲਿਆ ਗਿਆ ਤੇ ਮੈਡੀਕਲ ਜਾਂਚ ਵਿਚ ਉਸ ਨਾਲ ਬਲਾਤਕਾਰ ਦੀ ਪੁਸ਼ਟੀ ਹੋਈ |


