ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਅੱਤਵਾਦੀ ਯਾਸਿਨ ਮਲਿਕ ਨੂੰ ਸੁਪਰੀਮ ਕੋਰਟ ’ਚ ਵਿਅਕਤੀਗਤ ਤੌਰ ’ਤੇ ਪੇਸ਼ ਕੀਤਾ ਗਿਆ ਸੀ। ਉਸ ਨੂੰ ਕੋਰਟ ’ਚ ਦੇਖ ਕੇ ਸੁਪਰੀਮ ਕੋਰਟ ਦੇ ਜੱਜ ਹੈਰਾਨ ਰਹਿ ਗਏ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ’ਚ ਮਲਿਕ ਦੀ ਮੌਜੂਦਗੀ ’ਤੇ ਇਤਰਾਜ ਪ੍ਰਗਟਾਇਆ ਅਤੇ ਕਿਹਾ ਕਿ ਅਦਾਲਤ ਵੱਲੋਂ ਇਸ ਤਰ੍ਹਾਂ ਦਾ ਕੋਈ ਆਦੇਸ਼ ਨਹੀਂ ਦਿੱਤਾ ਗਿਆ ਸੀ ਕਿ ਮਲਿਕ ਨੂੰ ਸੁਪਰੀਮ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਣਾ ਚਾਹੀਦਾ, ਇਹ ਸੁਰੱਖਿਆ ਲਈ ਇੱਕ ਵੱਡਾ ਮੁੱਦਾ ਹੈ। ਉਨ੍ਹਾ ਯਾਸਿਨ ਮਲਿਕ ਨੂੰ ਇਜਾਜ਼ਤ ਦੇਣ ਲਈ ਅਦਾਲਤ ’ਚ ਮੌਜੂਦ ਜੇਲ੍ਹ ਅਧਿਕਾਰੀਆਂ ਪ੍ਰਤੀ ਇਤਰਾਜ ਪ੍ਰਗਟ ਕੀਤਾ ਅਤੇ ਬੈਂਚ ਨੂੰ ਦੱਸਿਆ ਕਿ ਮਲਿਕ ਨੂੰ ਜੇਲ੍ਹ ਤੋਂ ਬਾਹਰ ਨਹੀਂ ਲਿਆਂਦਾ ਜਾ ਸਕਦਾ, ਕਿਉਂਕਿ ਉਸ ’ਤੇ ਧਾਰਾ 268 ਲਾਗੂ ਹੈ।
ਤਿਹਾੜ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਕਮਾਂਡਰ ਯਾਸਿਨ ਮਲਿਕ ਦੇ ਵਿਅਕਤੀਗਤ ਤੌਰ ’ਤੇ ਕੋਰਟ ’ਚ ਪੇਸ਼ ਕਰਨ ਦੇ ਮਾਮਲੇ ’ਚ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਚਾਰ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਸਸਪੈਂਡ ਕੀਤੇ ਗਏ ਅਧਿਕਾਰੀਆਂ ’ਚ 1 ਡਿਪਟੀ ਸੁਪਰਡੈਂਟ, 2 ਅਸਿਸਟੈਂਟ ਸੁਪਰਡੈਂਟ ਅਤੇ ਇੱਕ ਹੋਰ ਅਧਿਕਾਰੀ ਸ਼ਾਮਲ ਹੈ।


