ਚੰਡੀਗੜ੍ਹ : ਆਈ ਏ ਐਸ/ਆਈ ਪੀ ਐੱਸ/ਆਈ ਆਰ ਐੱਸ ਅਤੇ ਅਜਿਹੀਆਂ ਹੋਰ ਕੇਂਦਰੀ ਸੇਵਾਵਾਂ ’ਚ ਪੰਜਾਬ ਦੀ ਨੁਮਾਇੰਦਗੀ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਅਨ ਪਬਲਿਕ ਸਰਵਿਸ ਕਮਿਸਨ (ਯੂ ਪੀ ਐੱਸ ਸੀ) ਵੱਲੋਂ ਲਈਆਂ ਜਾਂਦੀਆਂ ਪ੍ਰੀਖਿਆਵਾਂ ਲਈ ਕੋਚਿੰਗ ਦੇਣ ਲਈ ਰਾਜ ’ਚ ਅੱਠ ਅਤਿ-ਆਧੁਨਿਕ ਸਿਖਲਾਈ ਕੇਂਦਰ ਸਥਾਪਤ ਕਰਨ ਬਾਰੇ ਵਿਚਾਰ-ਚਰਚਾ ਕੀਤੀ। ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕੇਂਦਰੀ ਸੇਵਾਵਾਂ ਖਾਸ ਕਰਕੇ ਯੂ ਪੀ ਐੱਸ ਸੀ ਵੱਲੋਂ ਲਈਆਂ ਜਾਂਦੀਆਂ ਪ੍ਰੀਖਿਆਵਾਂ ਵਿੱਚ ਸੂਬੇ ਦੇ ਘਟਦੇ ਅਨੁਪਾਤ ’ਤੇ ਚਿੰਤਾ ਪ੍ਰਗਟਾਈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਨੌਜਵਾਨਾਂ ਨੂੰ ਯੂ ਪੀ ਐੱਸ ਸੀ ਦੀਆਂ ਪ੍ਰੀਖਿਆਵਾਂ ਪਾਸ ਕਰਨ ਲਈ ਮੁਫਤ ਮਿਆਰੀ ਸਿਖਲਾਈ ਦੇਣਗੇ ਅਤੇ ਨੌਜਵਾਨ ਸੂਬਾ ਤੇ ਕੇਂਦਰ ਸਰਕਾਰ ਦੋਵਾਂ ’ਚ ਉੱਚ ਅਹੁਦਿਆਂ ’ਤੇ ਪਹੁੰਚ ਕੇ ਦੇਸ਼ ਦੀ ਸੇਵਾ ਕਰਨਗੇ।
ਉਨ੍ਹਾ ਕਿਹਾ ਕਿ ਇਨ੍ਹਾਂ ਕੇਂਦਰਾਂ ’ਚ ਦਾਖਲਾ ਲੈਣ ਵਾਲੇ ਚਾਹਵਾਨਾਂ ਨੂੰ ਸਿਖਲਾਈ ਦੇ ਨਾਲ-ਨਾਲ ਸੂਬਾ ਸਰਕਾਰ ਵੱਲੋਂ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇਸ਼ ਦੀ ਅਗਵਾਈ ਕਰਨ ਵਾਲੇ ਵਧੀਆ ਨੌਕਰਸ਼ਾਹ ਪੈਦਾ ਕਰੇਗਾ।




