ਬਾਘਾ ਪੁਰਾਣਾ
(ਮਨੀ ਸਿੰਗਲਾ)
ਬਾਘਾ ਪੁਰਾਣਾ ਦੇ ਨੇੜੇ ਚੰਦ ਪੁਰਾਣਾ ਕੋਲ ਸ਼ਨੀਵਾਰ ਪੁਲਸ ਦੀ ਪਾਇਲਟ ਗੱਡੀ ਪਲਟ ਜਾਣ ਕਾਰਨ ਗੱਡੀ ’ਚ ਸਵਾਰ ਪੁਲਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ। ਜਲੰਧਰ ਤੋਂ ਬਠਿੰਡਾ ਜਾ ਰਹੇ ਪੰਜਾਬ ਪੁਲਸ ਦੇ ਏ ਡੀ ਜੀ ਪੀ ਸ੍ਰੀ ਐੱਮ ਐੱਫ ਫਰੂਕੀ ਦੀ ਪਾਇਲਟ ਉਸ ਸਮੇਂ ਹਾਦਸਾਗ੍ਰਸਤ ਹੋ ਗਈ, ਜਦੋਂ ਉਹ ਮੋਗਾ-ਕੋਟਕਪੂਰਾ ਰੋਡ ’ਤੇ ਸਥਿਤ ਪਿੰਡ ਚੰਦ ਪੁਰਾਣਾ ਦੇ ਕੋਲ ਪੁੱਜੇ ਤਾਂ ਭਾਰੀ ਮੀਂਹ ਕਾਰਨ ਜਿਪਸੀ ’ਤੇ ਡਰਾਈਵਰ ਦਾ ਕੰਟਰੋਲ ਨਾ ਹੋਣ ਕਾਰਨ ਹਾਦਸਾ ਵਾਪਰ ਗਿਆ। ਥਾਣਾ ਬਾਘਾ ਪੁਰਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਕਿਹਾ ਕਿ ਹਾਦਸਾ ਭਾਰੀ ਮੀਂਹ ਕਾਰਨ ਹੋਇਆ। ਜ਼ਖ਼ਮੀ ਚਾਰ ਜਵਾਨਾਂ ਦੀ ਪਛਾਣ ਹੁਸਨਪ੍ਰੀਤ ਸਿੰਘ ਵਾਸੀ ਜਲੰਧਰ, ਨਿਰਮਲ ਸਿੰਘ ਜਿਲ੍ਹਾ ਗੁਰਦਾਸਪੁਰ, ਦਿਲਬਾਗ ਸਿੰਘ ਅਤੇ ਗੁਰਪ੍ਰੀਤ ਸਿੰਘ ਪਿੰਡ ਤਾਜਪੁਰ, ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਜ਼ਖਮੀਆਂ ਨੂੰ ਲੋਕਾਂ ਨੇ ਚੁੱਕ ਕੇ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ। ਜ਼ਿਲ੍ਹਾ ਪੁਲਸ ਮੁਖੀ ਜੇ ਇਲਨਚੇਲੀਅਨ ਸਿਵਲ ਹਸਪਤਾਲ ਪੁੱਜੇ ਅਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਸਿਵਲ ਹਸਪਤਾਲ ਮੋਗਾ ’ਚ ਮੌਜੂਦ ਏ ਡੀ ਜੀ ਪੀ ਨੇ ਦੱਸਿਆ ਕਿ ਉਹ ਸਰਕਾਰੀ ਕੰਮ ਦੇ ਸੰਬੰਧ ’ਚ ਜਲੰਧਰ ਤੋਂ ਬਠਿੰਡਾ ਜਾ ਰਹੇ ਸਨ ਤਾਂ ਭਾਰੀ ਮੀਂਹ ਦੇ ਕਾਰਨ ਉਨ੍ਹਾ ਦੀ ਪਾਇਲਟ ਜਿਪਸੀ ਸੜਕ ਤੋਂ ਫਿਸਲ ਕੇ ਦਰੱਖਤ ਨਾਲ ਜਾ ਟਕਰਾਈ।




